ਕੋਰੋਨਾ : ਬ੍ਰਿਟੇਨ ਨੂੰ ਉਮੀਦ, ਭਾਰਤ ਤੋਂ ਜਲਦ ਆਵੇਗੀ ਇਸ ਦਵਾਈ ਦੀ ਖੇਪ
Saturday, Apr 11, 2020 - 01:09 AM (IST)
ਲੰਡਨ-ਬ੍ਰਿਟੇਨ ਨੇ ਸ਼ੁੱਕਰਵਾਰ ਨੂੰ ਉਮੀਦ ਜਤਾਈ ਕਿ ਭਾਰਤ ਤੋਂ ਪੈਰਾਸਿਟਾਮਾਲ ਦਵਾਈ ਦੇ 30 ਲੱਖ ਪੈਕੇਟ ਦੀ ਪਹਿਲੀ ਖੇਪ 48 ਘੰਟਿਆਂ ਅੰਦਰ ਦੇਸ਼ 'ਚ ਆ ਜਾਵੇਗੀ। ਇਸ ਦੇ ਲਈ ਉਸ ਨੇ ਭਾਰਤ ਸਰਕਾਰ ਦਾ ਆਭਾਰ ਵੀ ਵਿਅਕਤ ਕੀਤਾ। ਭਾਰਤ ਨੇ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਦਵਾਈਆਂ ਦੇ ਨਿਰਯਾਤ 'ਤੇ ਪਾਬੰਦੀ ਲੱਗਾ ਦਿੱਤੀ ਸੀ, ਜਿਸ ਨੂੰ ਹਾਲ ਹੀ 'ਚ ਹਟਾ ਦਿੱਤਾ ਗਿਆ ਹੈ। ਵਿਦੇਸ਼ ਅਤੇ ਰਾਸ਼ਟਰ ਮੰਡਲ ਮੰਤਰਾਲਾ 'ਚ ਦੱਖਣੀ ਏਸ਼ੀਆ ਅਤੇ ਰਾਸ਼ਟਰ ਮੰਡਲ ਮਾਮਲਿਆਂ ਦੇ ਰਾਜਮੰਤਰੀ ਲਾਰਡ ਤਾਰਿਕ ਅਹਿਮਦ ਨੇ ਕਿਹਾ ਕਿ ਬ੍ਰਿਟੇਨ ਅਤੇ ਭਾਰਤ ਕੋਵਿਡ-19 ਖਤਰੇ ਨਾਲ ਨਜਿੱਠਣ ਲਈ ਮਿਲ ਕੇ ਕੰਮ ਕਰ ਰਹੇ ਹਨ।
ਦਵਾਈ ਭੇਜਣ ਲਈ ਮੈਂ ਬ੍ਰਿਟੇਨ ਵੱਲੋਂ ਭਾਰਤ ਸਰਕਾਰ ਦਾ ਆਭਾਰ ਵਿਅਕਤ ਕਰਦਾ ਹਾਂ। ਉਨ੍ਹਾਂ ਨੇ ਕਿਹਾ ਕਿ ਪਾਣੀ ਦਾ ਜਹਾਜ਼ ਦਵਾਈ ਲੈ ਕੇ ਐਤਵਾਰ ਤਕ ਇਥੇ ਪਹੁੰਚ ਜਾਵੇਗਾ। ਇਸ ਦੇ ਨਾਲ ਹੀ ਦੱਸ ਦੇਈਏ ਕਿ ਕੋਰੋਨਾਵਾਇਰਸ ਮਹਾਮਾਰੀ ਨੇ ਦੁਨੀਆ ਦੇ 180 ਤੋਂ ਜ਼ਿਆਦਾ ਦੇਸ਼ਾਂ ਨੂੰ ਆਪਣੀ ਲਪੇਟ ਵਿਚ ਲਿਆ ਹੋਇਆ ਹੈ ਪਰ ਬੀਤੇ ਕੁਝ ਦਿਨਾਂ ਤੋਂ ਬ੍ਰਿਟੇਨ ਵਿਚ ਵਾਇਰਸ ਆਪਣਾ ਨਵਾਂ ਰੂਪ ਦਿਖਾ ਰਿਹਾ ਹੈ। ਉਥੇ ਹੀ ਅੱਜ ਬ੍ਰਿਟੇਨ 'ਚ 980 ਲੋਕਾਂ ਦੀ ਮੌਤ ਹੋ ਗਈ। ਬ੍ਰਿਟੇਨ ਵਿਚ ਇਕ ਦਿਨ ਵਿਚ ਹੋਈਆਂ ਦਾ ਇਹ ਸਭ ਤੋਂ ਵੱਡਾ ਅੰਕੜਾ ਹੈ। ਇਸ ਦੇ ਨਾਲ ਹੀ ਦੇਸ਼ ਵਿਚ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਕੁਲ ਗਿਣਤੀ ਕਰੀਬ 8,958 ਹੋ ਗਈ ਹੈ। ਇਸ ਤੋਂ ਇਲਾਵਾ ਪ੍ਰਭਾਵਿਤ ਲੋਕਾਂ ਦੀ ਗਿਣਤੀ ਵਧ ਕੇ 73 ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ।