ਸਿਹਤ ਸੇਵਾ ਦੇ ਖੇਤਰ 'ਚ ਭਾਰਤ ਅਤੇ ਅਮਰੀਕਾ ਵਿਚਾਲੇ ਸਹਿਯੋਗ ਨਵੇਂ ਪੱਧਰ 'ਤੇ : ਸੰਧੂ

Wednesday, Oct 12, 2022 - 01:55 PM (IST)

ਸਿਹਤ ਸੇਵਾ ਦੇ ਖੇਤਰ 'ਚ ਭਾਰਤ ਅਤੇ ਅਮਰੀਕਾ ਵਿਚਾਲੇ ਸਹਿਯੋਗ ਨਵੇਂ ਪੱਧਰ 'ਤੇ : ਸੰਧੂ

ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਮੰਗਲਵਾਰ ਨੂੰ ਇੱਥੇ ਕਿਹਾ ਕਿ ਭਾਰਤ ਅਤੇ ਅਮਰੀਕਾ ਦਰਮਿਆਨ ਸਿਹਤ ਸੇਵਾ ਦੇ ਖੇਤਰ ਵਿੱਚ ਸਹਿਯੋਗ ਨਵੇਂ ਪੱਧਰ 'ਤੇ ਪਹੁੰਚਣ ਵਾਲਾ ਹੈ। ਸੰਧੂ ਨੇ ਭਾਰਤ-ਅਮਰੀਕਾ ਵੈਕਸੀਨ ਐਕਸ਼ਨ ਪ੍ਰੋਗਰਾਮ (ਵੀ.ਏ.ਪੀ.) ਦੇ ਸਾਂਝੇ ਕਾਰਜ ਸਮੂਹ ਦੀ 34ਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਜ਼ਬੂਤ ਅਤੇ ਪੁਰਾਣੀ ਵੀ.ਏ.ਪੀ. ਸ਼ਾਇਦ ਉਸ ਪਹਿਲਕਦਮੀ ਦੀ ਸਭ ਤੋਂ ਉੱਤਮ ਉਦਾਹਰਣ ਹੈ ਜਿਸ ਤਹਿਤ ਭਾਰਤ ਅਤੇ ਅਮਰੀਕਾ ਸਿਰਫ਼ ਆਪਣੇ-ਆਪਣੇ ਦੇਸ਼ ਹੀ ਨਹੀਂ ਸਗੋਂ ਦੁਨੀਆ ਭਰ ਦੇ ਦੇਸ਼ਾਂ ਦੀ ਬਿਹਤਰੀ ਲਈ ਮਿਲ ਕੇ ਕੰਮ ਕਰ ਰਹੇ ਹਨ। 

PunjabKesari

ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ : ਤੁਲਸੀ ਗੈਬਾਰਡ ਨੇ ਛੱਡੀ ਡੈਮੋਕ੍ਰੈਟਿਕ ਪਾਰਟੀ, ਲਗਾਏ ਨਸਲਵਾਦ ਦੇ ਗੰਭੀਰ ਦੋਸ਼

ਉਹਨਾਂ ਨੇ ਕਿਹਾ ਕਿ ਮੈਂ ਇਸ ਈਵੈਂਟ ਦੇ ਆਯੋਜਨ ਲਈ ਅਮਰੀਕਾ ਅਤੇ ਭਾਰਤ ਦੀਆਂ ਟੀਮਾਂ ਦੀ ਤਾਰੀਫ਼ ਕਰਦਾ ਹਾਂ। ਦੋਵਾਂ ਦੇਸ਼ਾਂ ਦੀ ਸ਼ਾਨਦਾਰ ਪੂਰਕਤਾ ਅਤੇ ਦੋਵਾਂ ਦੇਸ਼ਾਂ ਦੀ ਰਾਜਨੀਤਿਕ ਲੀਡਰਸ਼ਿਪ ਕਾਰਨ ਸਿਹਤ ਸੰਭਾਲ ਦੇ ਖੇਤਰ ਵਿੱਚ ਸਾਡਾ ਸਹਿਯੋਗ ਇੱਕ ਨਵੇਂ ਪੱਧਰ 'ਤੇ ਪਹੁੰਚਣ ਵਾਲਾ ਹੈ। ਸੰਧੂ ਨੇ ਕਿਹਾ ਕਿ ਦਵਾਈਆਂ ਅਤੇ ਮੈਡੀਕਲ ਉਪਕਰਨਾਂ ਦੇ ਖੇਤਰਾਂ ਵਿਚ ਉਤਪਾਦਨ ਨਾਲ ਜੁੜੇ ਪ੍ਰੋਤਸਾਹਨ ਜਿਹੇ ਸੁਧਾਰ ਕਰ ਕੇ, ਸਿਹਤ ਸੇਵਾ ਵਿਚ ਭਾਰਤ ਵੱਲੋਂ ਤਕਨਾਲੋਜੀ ਨੂੰ ਅਪਨਾਉਣ ਅਤੇ ਵੱਡੇ ਪੱਧਰ 'ਤੇ ਟੀਕਾਕਰਨ ਪ੍ਰੋਗਰਾਮਾਂ ਵਿੱਚ ਬਿਹਤਰ ਅਨੁਭਵ ਕਾਰਨ ਦੋਵੇਂ ਦੇਸ਼ਾਂ ਨੂੰ ਸਿਹਤ ਖੇਤਰ ਵਿਚ ਸਹਿਯੋਗ ਨੂੰ ਅਗਲੇ ਪੱਧਰ ਤੱਕ ਲਿਜਾਣ ਵਿਚ ਮਦਦ ਮਿਲੇਗੀ। ਕੋਰੋਨਾ ਵਾਇਰਸ ਗਲੋਬਲ ਮਹਾਮਾਰੀ ਦੇ ਪਿਛੋਕੜ ਵਿੱਚ ਹੋਈ ਇਸ ਮੀਟਿੰਗ ਵਿੱਚ ਸੰਧੂ ਨੇ ਕਿਹਾ ਕਿ ਦੁਨੀਆ ਨੇ ਕੋਵਿਡ-19 ਤੋਂ ਬਹੁਤ ਸਾਰੇ ਸਬਕ ਸਿੱਖੇ ਹਨ। ਉਨ੍ਹਾਂ ਕਿਹਾ ਕਿ ਵਿਸ਼ਵਵਿਆਪੀ ਮਹਾਮਾਰੀ ਨੇ ਇੱਕ ਵਾਰ ਫਿਰ ਦੁਨੀਆ ਨੂੰ ਦੱਸ ਦਿੱਤਾ ਹੈ ਕਿ ਕੋਵਿਡ-19 ਵਰਗੀਆਂ ਛੂਤ ਦੀਆਂ ਬਿਮਾਰੀਆਂ ਦੇ ਪ੍ਰਭਾਵਸ਼ਾਲੀ ਪ੍ਰਬੰਧਨ ਵਿੱਚ ਟੀਕਾਕਰਨ ਮਨੁੱਖਤਾ ਲਈ ਸਭ ਤੋਂ ਵੱਧ ਸਹਾਇਕ ਹੈ।

ਪੜ੍ਹੋ ਇਹ ਅਹਿਮ ਖ਼ਬਰ- ਵੱਡੀ ਖ਼ਬਰ: ਕੈਨੇਡਾ ਸਰਕਾਰ ਵੱਲੋਂ ਪ੍ਰਵਾਸੀਆਂ ਦੇ ਮਾਪਿਆਂ ਨੂੰ ਪੱਕੇ ਕਰਨ ਦਾ ਐਲਾਨ

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News