ਯਮਨ ਦੇ ਰਾਸ਼ਟਰਪਤੀ ਤੇ ਯੂ.ਏ.ਈ. ਵਿਚਕਾਰ ਅੱਜ ਹੋਵੇਗੀ ਗੱਲਬਾਤ

06/12/2018 4:30:54 PM

ਰਿਆਦ (ਭਾਸ਼ਾ)— ਯਮਨ ਦੇ ਰਾਸ਼ਟਰਪਤੀ ਅਬਦੁਰਬਬੂਹ ਮੰਸੂਰ ਹਾਦੀ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਨਾਲ ਰਿਸ਼ਤੇ ਸੁਧਾਰਨ ਲਈ ਅੱਜ ਭਾਵ ਮੰਗਲਵਾਰ ਨੂੰ ਆਬੂਧਾਬੀ ਵਿਚ ਗੱਲਬਾਤ ਕਰਨਗੇ। ਯਮਨ ਵਿਚ ਆਪਣੀ ਮਿਲਟਰੀ ਦਖਲ ਅੰਦਾਜ਼ੀ ਦੇ ਤਿੰਨ ਸਾਲ ਦੇ ਦੌਰਾਨ ਯੂ.ਏ.ਈ. ਨੇ ਉਨ੍ਹਾਂ ਨੂੰ ਹਾਸ਼ੀਏ 'ਤੇ ਕੀਤਾ ਹੋਇਆ ਹੈ। ਯਮਨ ਦੀ ਸਰਕਾਰੀ ਸਮਾਚਾਰ ਏਜੰਸੀ ਨੇ ਖਬਰ ਦਿੱਤੀ ਹੈ ਕਿ ਰਾਸ਼ਟਰਪਤੀ ਅਬਦੁਰਬਬੂਹ ਮੰਸੂਰ ਹਾਦੀ ਸਾਊਦੀ ਅਰਬ ਦੇ ਸ਼ਾਹ ਸਲਮਾਨ ਅਤੇ ਵਲੀਅਹਿਦ ਸ਼ਹਿਜਾਦੇ ਮੁਹੰਮਦ ਬਿਨ ਸਲਮਾਨ ਦੀ ਸਲਾਹ 'ਤੇ ਆਬੂਧਾਬੀ ਦੀ ਯਾਤਰਾ ਕਰ ਰਹੇ ਹਨ। ਉਹ ਦੇਸ਼ ਨਿਕਾਲੇ ਦੇ ਬਾਅਦ ਸਾਊਦੀ ਅਰਬ ਵਿਚ ਹੀ ਰਹਿ ਰਹੇ ਹਨ। ਯਮਨ ਵਿਚ ਹੂਤੀ ਸ਼ੀਆ ਬਾਗੀਆਂ ਦੇ ਦੇਸ਼ ਦੇ ਜ਼ਿਆਦਾਤਰ ਹਿੱਸਿਆਂ 'ਤੇ ਕਬਜ਼ਾ ਕਰਨ ਦੇ ਬਾਅਦ ਹਾਦੀ ਨੂੰ ਦੇਸ਼ ਛੱਡਣਾ ਪਿਆ ਸੀ। ਇਸ ਮਗਰੋਂ ਸਾਲ 2015 ਵਿਚ ਹਾਦੀ ਨੂੰ ਸੱਤਾ ਵਿਚ ਲਿਆਉਣ ਲਈ ਸਾਊਦੀ ਅਰਬ ਅਤੇ ਯੂ.ਏ.ਈ. ਨੇ ਯਮਨ ਵਿਚ ਆਪਣੇ ਫੌਜੀ ਭੇਜੇ ਸਨ। ਹਾਦੀ ਦੇ ਮੁਸਲਿਮ ਬ੍ਰਦਰਹੁੱਡ ਦੇ ਪ੍ਰਭਾਵ ਵਾਲੀ ਇਸਲਾਹ ਪਾਰਟੀ ਦੇ ਨਾਲ ਕਰੀਬੀ ਰਿਸ਼ਤਿਆਂ ਕਾਰਨ ਆਬੂਧਾਬੀ ਦਾ ਗੁੱਸਾ ਵੱਧ ਗਿਆ ਹੈ।


Related News