ਅਮਰੀਕਾ ’ਚ ‘ਮਿਸਟਰ ਸਿੰਘ’ ਸਬੰਧੀ ਇਸ਼ਤਿਹਾਰ ’ਤੇ ਵਿਵਾਦ
Friday, Sep 11, 2026 - 09:14 AM (IST)
ਵਾਸ਼ਿੰਗਟਨ (ਏਜੰਸੀ)– ਅਮਰੀਕਾ ਦੇ ਗ੍ਰਹਿ ਸੁਰੱਖਿਆ ਵਿਭਾਗ ਦੇ ਉਸ ਇਸ਼ਤਿਹਾਰ ’ਤੇ ਵਿਵਾਦ ਵਧ ਗਿਆ ਹੈ ਜਿਸ ਵਿਚ ‘ਮਿਸਟਰ ਸਿੰਘ’ ਨੂੰ ਖੁਦ ਦੇਸ਼ ਛੱਡਦੇ ਹੋਏ ਦਿਖਾਇਆ ਗਿਆ ਹੈ। ਅਧਿਕਾਰ ਸਮੂਹਾਂ ਨੇ ਇਸ ਇਸ਼ਤਿਹਾਰ ਨੂੰ ਨਸਲਵਾਦੀ ਅਤੇ ਅਮਰੀਕਾ ਵਿਰੋਧੀ ਕਰਾਰ ਦਿੱਤਾ ਹੈ।
ਗ੍ਰਹਿ ਸੁਰੱਖਿਆ ਵਿਭਾਗ ਨੇ ਬਿਨਾਂ ਲਾਇਸੈਂਸ ਵਾਲੇ ਵਪਾਰਕ ਚਾਲਕਾਂ ਵਿਰੁੱਧ ਆਪਣੀ ਮੁਹਿੰਮ ਤਹਿਤ ‘ਐਕਸ’ ’ਤੇ ਏ. ਆਈ. ਨਾਲ ਤਿਆਰ ਤਸਵੀਰਾਂ ਦੀ ਵਰਤੋਂ ਕੀਤੀ, ਜਿਸ ਵਿਚ ਭੂਰੀ ਦਾੜ੍ਹੀ ਵਾਲੇ ਇਕ ਵਿਅਕਤੀ ਨੂੰ ਦਿਖਾਉਂਦੇ ਹੋਏ ਸੁਨੇਹਾ ਲਿਖਿਆ ਗਿਆ–‘ਸਾਡੀਆਂ ਸੜਕਾਂ ਤੋਂ ਦਫ਼ਾ ਹੋ ਜਾਓ ‘ਮਿਸਟਰ ਸਿੰਘ’, ਤੁਹਾਨੂੰ ਵਾਹਨ ਚਲਾਉਣਾ ਨਹੀਂ ਆਉਂਦਾ।’ ਐਕਸ ’ਤੇ ਪੋਸਟ ਕੀਤੀ ਗਈ ਇਕ ਹੋਰ ਵੀਡੀਓ ਵਿਚ ‘ਟ੍ਰਾਂਸਫਾਰਮਰਜ਼’ (ਫ਼ਿਲਮ) ਦੇ ਮੁੱਖ ਖਲਨਾਇਕ ਕਿਰਦਾਰ ‘ਮੈਗਾਟ੍ਰਾਨ’ ਨੂੰ ‘ਏਲੀਅਨਜ਼’ ਦੀ ਰਿਹਾਈ ਲਈ ਗੱਲਬਾਤ ਕਰਦੇ ਹੋਏ ਦਿਖਾਇਆ ਗਿਆ ਹੈ।
ਅਮਰੀਕੀ ਪ੍ਰਸ਼ਾਸਨ ਵਿਦੇਸ਼ੀ ਨਾਗਰਿਕਾਂ ਲਈ ‘ਏਲੀਅਨਜ਼’ ਸ਼ਬਦ ਦੀ ਵਰਤੋਂ ਕਰਦਾ ਹੈ। ਵੀਡੀਓ ਵਿਚ ਮੈਗਾਟ੍ਰਾਨ ਸੜਕ ਹਾਦਸਿਆਂ ਅਤੇ ਹੋਰ ਅਪਰਾਧਾਂ ਵਿਚ ਸ਼ਾਮਲ ਟਰੱਕ ਡਰਾਈਵਰਾਂ ਹਰਜਿੰਦਰ ਸਿੰਘ, ਰਾਜਵਿੰਦਰ ਕੁਮਾਰ ਆਦਿ ਦੀ ਰਿਹਾਈ ਦੀ ਮੰਗ ਕਰਦਾ ਨਜ਼ਰ ਆ ਰਿਹਾ ਹੈ। ਗ੍ਰਹਿ ਸੁਰੱਖਿਆ ਵਿਭਾਗ ਨੇ ਐਕਸ ’ਤੇ ਪੋਸਟ ਵਿਚ ਕਿਹਾ ਕਿ ਜੇਕਰ ਤੁਸੀਂ ਇਸ ਦੇਸ਼ ਵਿਚ ਦੁਸ਼ਮਣਾ ਭਾਵਨਾ ਵਾਲੇ ਇਰਾਦੇ ਨਾਲ ਕਦਮ ਰੱਖਦੇ ਹੋ ਤਾਂ ਇਹ ਜਾਣ ਲਵੋ ਕਿ ਅਸੀਂ ਆਪਣੀ ਰਾਖੀ ਕਰਾਂਗੇ। ਇਸ਼ਤਿਹਾਰ ਵਿਚ ਮਿਸਟਰ ਸਿੰਘ ਦੇ ਹਵਾਲੇ ਦੀ ‘ਹਿੰਦੂ ਅਮਰੀਕਨ ਫਾਊਂਡੇਸ਼ਨ’ (ਐੱਚ. ਏ. ਐੱਫ.) ਅਤੇ ਸਿੱਖ ਕੋਏਲਿਸ਼ਨ ਸਮੇਤ ਪ੍ਰਮੁੱਖ ਅਧਿਕਾਰ ਸਮੂਹਾਂ ਨੇ ਸਖ਼ਤ ਆਲੋਚਨਾ ਕੀਤੀ ਹੈ।
