ਯੂ. ਐੱਨ. 'ਚ ਭਖਿਆ ਪੀ. ਓ. ਕੇ. 'ਚ ਗ਼ੈਰ-ਕਾਨੂੰਨੀ ਢੰਗ ਨਾਲ ਬਣ ਰਹੇ ਡੈਮ ਦਾ ਮੁੱਦਾ
Tuesday, Sep 29, 2020 - 03:01 PM (IST)

ਜੇਨੇਵਾ- ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਦੇ 45ਵੇਂ ਸੈਸ਼ਨ ਦੌਰਾਨ ਯੂਨਾਈਟਡ ਕਸ਼ਮੀਰ ਪੀਪਲਜ਼ ਨੈਸ਼ਨਲ ਪਾਰਟੀ ਦੇ ਬੁਲਾਰੇ ਅਜੀਜ਼ ਖਾਨ ਨੇ ਕਿਹਾ ਕਿ ਪਾਕਿਸਤਾਨ ਆਪਣੇ ਕਬਜੇ ਵਾਲੇ ਕਸ਼ਮੀਰ ਅਤੇ ਗਿਲਗਿਤ-ਬਾਲਿਤਸਤਾਨ ਇਲ਼ਾਕੇ ਵਿਚ ਕੁਦਰਤੀ ਸਰੋਤਾਂ ਦੀ ਆਪਣੇ ਫਾਇਦੇ ਲਈ ਵਰਤੋਂ ਕਰ ਰਿਹਾ ਹੈ। ਉਹ ਚੀਨ ਨਾਲ ਮਿਲ ਕੇ ਗੈਰ-ਕਾਨੂੰਨੀ ਰੂਪ ਨਾਲ ਡੈਮ ਦਾ ਨਿਰਮਾਣ ਕਰ ਰਿਹਾ ਹੈ। ਜਿਹਲਮ ਨਦੀ 'ਤੇ ਬਣ ਰਿਹਾ ਇਹ ਡੈਮ ਸਥਾਨਕ ਲੋਕਾਂ ਦੀ ਮਰਜ਼ੀ ਨਾਲ ਨਹੀਂ ਬਣਾਇਆ ਜਾ ਰਿਹਾ। ਜਾਣਕਾਰੀ ਮੁਤਾਬਕ ਲੋਕਾਂ ਦੀ ਇਸ ਵਿਚ ਕੋਈ ਹਿੱਸੇਦਾਰ ਨਹੀਂ ਹੈ ਤੇ ਉਨ੍ਹਾਂ ਕੋਲੋਂ ਕਿਸੇ ਤਰ੍ਹਾਂ ਦੀ ਰਾਇ ਵੀ ਨਹੀਂ ਲਈ ਗਈ।
ਜ਼ਿਕਰਯੋਗ ਹੈ ਕਿ ਪੀ. ਓ. ਕੇ. ਵਿਚ ਨੀਲਮ-ਜਿਹਲਮ ਨਦੀ 'ਤੇ ਚੀਨੀ ਕੰਪਨੀਆਂ ਵਲੋਂ ਬਣਾਏ ਜਾ ਰਹੇ ਡੈਮਾਂ ਦਾ ਵਿਰੋਧ ਲੋਕ ਕਰ ਰਹੇ ਹਨ। ਪਿਛਲੇ ਮਹੀਨੇ ਲੋਕਾਂ ਨੇ ਵਿਰੋਧ ਪ੍ਰਦਰਸ਼ਨ ਕੀਤੇ। ਲੋਕਾਂ ਨੇ ਰੈਲੀ ਵਿਚ 'ਦਰਿਆ ਬਚਾਓ, ਮੁੱਜ਼ਫਰਾਬਾਦ ਬਚਾਓ' ਅਤੇ 'ਨੀਲਮ-ਜਿਹਲਮ ਭੈਣਾਂ ਦੋ..ਸਾਨੂੰ ਜਿਊਂਦੇ ਰਹਿਣ ਦੋ' ਵਰਗੇ ਨਾਅਰੇ ਲਗਾਏ ਸਨ।
ਰੈਲੀ ਵਿਚ ਪੀ. ਓ. ਕੇ. ਦੇ ਕਈ ਖੇਤਰਾਂ ਤੋਂ ਲੋਕ ਇਕੱਠੇ ਹੋਏ ਸਨ। ਹਾਲ ਹੀ ਵਿਚ ਚੀਨ ਤੇ ਪਾਕਿਸਤਾਨ ਨੇ ਪੀ. ਓ. ਕੇ. ਦੇ ਆਜ਼ਾਦ ਪਟਨ ਅਤੇ ਕੋਹਾਲਾ ਹਾਈਡਰੋਪਾਵਰ ਕੰਪਨੀ ਨਾਲ ਨਿਰਮਾਣ ਸਮਝੌਤਿਆਂ 'ਤੇ ਦਸਤਖਤ ਕੀਤੇ ਹਨ। ਇੱਥੇ 1.54 ਅਰਬ ਡਾਲਰ ਦੀਆਂ ਯੋਜਨਾਵਾਂ ਚੀਨ ਦੀ ਜਿਓਝਾਬਾ ਕੰਪਨੀਆਂ ਵਲੋਂ ਆਯੋਜਿਤ ਹੋਣਗੀਆਂ। ਉੱਥੇ ਹੀ, ਇਸਲਾਮਾਬਾਦ ਤੋਂ 90 ਕਿਲੋਮੀਟਰ ਦੂਰ ਜਿਹਲਮ ਨਦੀ ਦੇ ਕੋਹਾਲਾ ਹਾਈਡ੍ਰੋਲੈਕਟ੍ਰਿਕ ਪਾਵਰ ਪ੍ਰੋਜੈਕਟ ਦੇ ਸਾਲ 2026 ਤੱਕ ਪੂਰਾ ਹੋਣ ਦੀ ਉਮੀਦ ਹੈ।