ਕਾਂਗਰਸ ਪਾਰਟੀ ਧਰਮ ਦੀ ਰਾਜਨੀਤੀ ਨਹੀਂ ਕਰਦੀ ਕੰਮ ਦੀ ਰਾਜਨੀਤੀ ਕਰਦੀ ਹੈ : ਮਹਿੰਦਰ ਗਿਲਜੀਆਂ
Tuesday, Nov 01, 2022 - 01:06 PM (IST)
ਹੁਸ਼ਿਆਰਪੁਰ (ਘੁੰਮਣ): ਇੰਡੀਅਨ ਨੈਸ਼ਨਲ ਓਵਰਸੀਜ਼ ਕਾਂਗਰਸ ਯੂ ਐਸ ਏ ਵੱਲੋਂ ਪ੍ਰਧਾਨ ਮਹਿੰਦਰ ਸਿੰਘ ਗਿਲਜੀਆਂ ਦੀ ਅਗਵਾਈ ਵਿੱਚ ਨਿਊਯਾਰਕ ਵਿਚ ਸ਼ਾਂਤੀ ਮਾਰਚ ਕੱਢਿਆ ਗਿਆ।ਜਿਸ ਵਿਚ ਇੰਡੀਅਨ ਨੈਸ਼ਨਲ ਓਵਰਸੀਜ਼ ਕਾਂਗਰਸ ਦੇ ਗਲੋਬਲ ਚੇਅਰਮੈਨ ਸੇਮ ਪਿਤਰੋਦਾ ਨੇ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਆਪਣੀ ਹਾਜ਼ਰੀ ਲੁਆਈ ਤੇ ਇਸ ਸਬੰਧੀ ਮਹਿੰਦਰ ਸਿੰਘ ਗਿਲਜੀਆਂ ਪ੍ਰਧਾਨ ਇੰਡੀਅਨ ਨੈਸ਼ਨਲ ਓਵਰਸੀਜ਼ ਕਾਂਗਰਸ ਨਾਲ ਗੱਲਬਾਤ ਕੀਤੀ।
ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਵੱਲੋਂ 7 ਸਤੰਬਰ ਤੋਂ ਇਹ ਯਾਤਰਾ ਸ਼ੁਰੂ ਕੀਤੀ ਗਈ ਸੀ ਤੇ ਉਨ੍ਹਾਂ ਨੇ ਹਜ਼ਾਰ ਕਿਲੋਮੀਟਰ ਪੂਰਾ ਕਰ ਲਿਆ ਹੈ ਤੇ ਪੱਚੀ ਸੌ ਕਿਲੋਮੀਟਰ ਹੋਰ ਪੂਰਾ ਕਰਨਾ ਹੈ। ਅਸੀਂ ਸਾਰੇ ਉਨ੍ਹਾਂ ਦੀ ਸਪੋਰਟ ਵਿੱਚ ਇਹ ਰੈਲੀ ਕੱਢ ਰਹੇ ਹਾਂ। ਗਿਲਜੀਆਂ ਨੇ ਭਾਜਪਾ 'ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਇਸ ਦੇ ਵੱਡੇ ਲੀਡਰ ਧਰਮ ਦੇ ਨਾਂ 'ਤੇ ਵੰਡੀਆਂ ਪਾ ਕੇ ਰਾਜਨੀਤੀ ਕਰ ਰਹੇ ਹਨ ਜੋ ਕਿ ਦੇਸ਼ ਲਈ ਬਹੁਤ ਘਾਤਕ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਹੀ ਧਰਮ ਨਿਰਪੱਖ ਪਾਰਟੀ ਰਹੀ ਹੈ। ਇਹ ਕਦੇ ਵੀ ਧਰਮ ਦੇ ਨਾਂ 'ਤੇ ਰਾਜਨੀਤੀ ਨਹੀਂ ਕਰਦੀ। ਕਿਸੇ ਧਰਮ ਵਿੱਚ ਦਖ਼ਲ ਨਹੀਂ ਦਿੰਦੀ ਤੇ ਭਾਰਤ ਅੰਦਰ ਵੱਖ-ਵੱਖ ਧਰਮਾਂ ਦੇ ਲੋਕ ਕੰਨਿਆ ਕੁਮਾਰੀ ਤੋਂ ਲੈ ਕੇ ਕਸ਼ਮੀਰ ਤੱਕ ਆਪਸ ਵਿੱਚ ਮਿਲ ਜੁਲ ਕੇ ਰਹਿੰਦੇ ਹਨ।
ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ : ਗੁਰਦੁਆਰਾ ਸਾਹਿਬ ਪਹੁੰਚੇ 13 ਅਮਰੀਕੀ ਵਿਦਿਆਰਥੀ (ਤਸਵੀਰਾਂ)
ਇਹ ਹੀ ਸਾਡੇ ਦੇਸ਼ ਦੀ ਅਸਲੀ ਤਾਕਤ ਹੈ। ਸਾਨੂੰ ਸਾਰਿਆਂ ਨੂੰ ਆਪਣੇ ਦੇਸ਼ ਨੂੰ ਮਜ਼ਬੂਤ ਕਰਨ ਲਈ ਆਪਣਾ ਯੋਗਦਾਨ ਪਾਉਣ ਅਤੇ ਰਾਹੁਲ ਗਾਂਧੀ ਦੀ ਸੋਚ 'ਤੇ ਪਹਿਰਾ ਦੇਣ ਦੀ ਲੋੜ ਹੈ। ਅਸੀਂ ਵਿਦੇਸ਼ਾਂ ਵਿੱਚ ਹੁੰਦੇ ਹੋਏ ਵੀ ਆਪਣੀ ਧਰਤੀ ਨਾਲ ਆਪਣੇ ਦੇਸ਼ ਨਾਲ ਜੁੜੇ ਹਾਂ। ਗਿਲਜੀਆਂ ਨੇ ਕਿਹਾ ਕਿ ਅੱਜ ਦੇਸ਼ ਨੂੰ ਪਿਆਰ ਕਰਨ ਵਾਲੇ ਸਾਰੇ ਲੋਕ ਇਸ ਰੈਲੀ ਵਿੱਚ ਅਮਰੀਕਾ ਦੀਆਂ ਵੱਖ-ਵੱਖ ਸਟੇਟਾਂ ਤੋਂ ਪਹੁੰਚੇ ਹਨ। ਇਸ ਮੌਕੇ ਜੌਰਜ ਇਬਰਾਹੀਮ ਵਾਈਸ ਚੇਅਰਮੈਨ ਇੰਡੀਅਨ ਨੈਸ਼ਨਲ ਓਵਰਸੀਜ਼ ਕਾਂਗਰਸ ਯੂ ਐਸ ਏ, ਗੁਰਮੀਤ ਗਿੱਲ ਪ੍ਰਧਾਨ ਪੰਜਾਬ ਚੈਪਟਰ ,ਗੁਲਸ਼ਨ ਘੋਤੜਾ ਪ੍ਰਧਾਨ ਹਰਿਆਣਾ ਚੈਪਟਰ, ਪ੍ਰਦੀਪ ਸ਼ਮਾਲਾ, ਹਰਭਜਨ ਸਿੰਘ ਜਨਰਲ ਸੈਕਟਰੀ, ਲੀਲਾ ਮੈਰਿਟ, ਰਾਜੇਸ਼ਵਰ ਰੈੱਡੀ, ਬਿਪਨ ਕੁਮਾਰ ਸਰਪੰਚ, ਡਾ ਚਕੋਤੇ, ਜੌਨ ਜੋਸਫ਼ ਪੱਪੀ ਵਿਦੇਸ਼ਾਂ ਤੇ ਹੋਰ ਵੱਡੀ ਗਿਣਤੀ ਵਿਚ ਇੰਡੀਅਨ ਨੈਸ਼ਨਲ ਓਵਰਸੀਜ਼ ਕਾਂਗਰਸ ਦੇ ਵਰਕਰ ਤੇ ਅਹੁਦੇਦਾਰ ਪਹੁੰਚੇ ਹੋਏ ਸਨ।