ਚੀਨ LAC ਨੇੜੇ ਨਵੀਂ ਰੇਲ ਲਾਈਨ ਵਿਛਾਉਣ ਦੀ ਤਿਆਰੀ 'ਚ, ਵਧੇਗੀ ਭਾਰਤ ਦੀ ਚਿੰਤਾ

Sunday, Feb 19, 2023 - 10:36 PM (IST)

ਚੀਨ LAC ਨੇੜੇ ਨਵੀਂ ਰੇਲ ਲਾਈਨ ਵਿਛਾਉਣ ਦੀ ਤਿਆਰੀ 'ਚ, ਵਧੇਗੀ ਭਾਰਤ ਦੀ ਚਿੰਤਾ

ਬੀਜਿੰਗ : ਸਰਹੱਦੀ ਵਿਵਾਦ ਦਰਮਿਆਨ ਚੀਨ ਦੀ ਨਵੀਂ ਸਾਜ਼ਿਸ਼ ਦਾ ਪਰਦਾਫਾਸ਼ ਹੋ ਗਿਆ, ਜਿਸ ਨਾਲ ਭਾਰਤ ਅਤੇ ਤਿੱਬਤ ਵਿਚਾਲੇ ਤਣਾਅ ਵਧ ਸਕਦਾ ਹੈ। ਆਪਣੀ ਵਿਸਤਾਰਵਾਦੀ ਨੀਤੀ ਕਾਰਨ ਚੀਨ ਹੁਣ ਅਸਲ ਕੰਟਰੋਲ ਰੇਖਾ (LAC) ਦੇ ਨੇੜੇ ਨਵੀਂ ਰੇਲਵੇ ਲਾਈਨ ਵਿਛਾਉਣ ਦੀ ਤਿਆਰੀ ਕਰ ਰਿਹਾ ਹੈ। ਰੇਲਵੇ ਟੈਕਨਾਲੋਜੀ ਦੀ ਰਿਪੋਰਟ ਮੁਤਾਬਕ ਇਹ ਰੇਲ ਲਾਈਨ LAC ਨੇੜੇ ਵਿਵਾਦਿਤ ਅਕਸਾਈ ਚਿਨ 'ਚੋਂ ਹੋ ਕੇ ਲੰਘੇਗੀ। ਭਾਰਤ ਦੇ ਅਕਸਾਈ ਚਿਨ ਦੇ ਲਗਭਗ 38,000 ਵਰਗ ਕਿਲੋਮੀਟਰ ਖੇਤਰ 'ਤੇ ਚੀਨ ਦਾ ਕਬਜ਼ਾ ਸੀ।

ਇਹ ਵੀ ਪੜ੍ਹੋ : ਅਫਗਾਨਿਸਤਾਨ 'ਚ ਤਾਲਿਬਾਨ ਦੀ ਕਰੂਰਤਾ, 2 ਔਰਤਾਂ ਸਮੇਤ 11 ਲੋਕਾਂ ਨੂੰ ਸ਼ਰੇਆਮ ਕੁੱਟਿਆ

ਇਹ ਇਲਾਕਾ ਦੋਵਾਂ ਦੇਸ਼ਾਂ ਵਿਚਾਲੇ ਵਿਵਾਦ ਦਾ ਵਿਸ਼ਾ ਰਿਹਾ ਹੈ। ਚੀਨ LAC ਦੇ ਨੇੜੇ ਇਕ ਨਵੀਂ ਰੇਲ ਲਾਈਨ ਵਿਛਾਉਣ ਦੀ ਤਿਆਰੀ ਵਿੱਚ ਹੈ, ਜੋ ਭਾਰਤ ਲਈ ਚਿੰਤਾ ਦਾ ਕਾਰਨ ਬਣ ਸਕਦੀ ਹੈ। ਇਹ ਪ੍ਰਸਤਾਵਿਤ ਰੇਲ ਲਾਈਨ LAC ਅਤੇ ਵਿਵਾਦਿਤ ਅਕਸਾਈ ਚਿਨ ਖੇਤਰ ਵਿੱਚੋਂ ਹੋ ਕੇ ਲੰਘੇਗੀ। ਤਿੱਬਤ ਆਟੋਨੋਮਸ ਰਿਜਨ (ਟੀਏਆਰ) ਸਰਕਾਰ ਦੁਆਰਾ ਜਾਰੀ ਇਕ ਨਵੀਂ ਰੇਲਵੇ ਯੋਜਨਾ ਵਿੱਚ ਇਹ ਖੁਲਾਸਾ ਹੋਇਆ ਹੈ। ਰੇਲਵੇ ਟੈਕਨਾਲੋਜੀ ਵਿੱਚ ਪ੍ਰਕਾਸ਼ਿਤ ਇਕ ਰਿਪੋਰਟ ਦੇ ਅਨੁਸਾਰ ਤਿੱਬਤ ਦੀ 'ਮੱਧਮ ਤੋਂ ਲੰਬੀ ਮਿਆਦ ਦੀ ਰੇਲਵੇ ਯੋਜਨਾ' 2025 ਤੱਕ ਟੀਏਆਰ ਰੇਲ ਨੈੱਟਵਰਕ ਨੂੰ ਮੌਜੂਦਾ 1400 ਕਿਲੋਮੀਟਰ ਤੋਂ 4000 ਕਿਲੋਮੀਟਰ ਤੱਕ ਵਧਾਉਣ ਵਿੱਚ ਮਦਦ ਕਰੇਗੀ। ਇਸ ਰਿਪੋਰਟ ਮੁਤਾਬਕ ਇਹ ਪ੍ਰੋਜੈਕਟ ਭਾਰਤ ਅਤੇ ਨੇਪਾਲ ਤੋਂ ਚੀਨ ਦੀਆਂ ਸਰਹੱਦਾਂ ਤੱਕ ਦੇ ਨਵੇਂ ਰੂਟਾਂ ਨੂੰ ਕਵਰ ਕਰੇਗਾ।

ਇਹ ਵੀ ਪੜ੍ਹੋ : ਇਸ ਦੇਸ਼ 'ਚ ਸੈਂਕੜੇ ਗਊਆਂ ਨੂੰ ਮਾਰਨ ਦਾ ਹੁਕਮ, ਹੈਲੀਕਾਪਟਰ ਤੋਂ ਕੀਤਾ ਜਾਵੇਗਾ ਸ਼ੂਟ, ਜਾਣੋ ਕਿਉਂ ਲਿਆ ਇਹ ਫ਼ੈਸਲਾ

ਇਹ ਨਵੀਂ ਰੇਲ ਲਾਈਨ ਤਿੱਬਤ ਦੇ ਸ਼ਿਗਾਤਸੇ ਤੋਂ ਸ਼ੁਰੂ ਹੋਵੇਗੀ ਅਤੇ ਉੱਤਰ-ਪੱਛਮ ਵਿੱਚ ਨੇਪਾਲ ਸਰਹੱਦ ਦੇ ਨੇੜਿਓਂ ਲੰਘੇਗੀ। ਇਸ ਤੋਂ ਬਾਅਦ ਇਹ ਅਕਸਾਈ ਚਿਨ ਦੇ ਉੱਤਰ ਤੋਂ ਹੋ ਕੇ ਸ਼ਿਨਜਿਆਂਗ ਦੇ ਹੋਤਾਨ 'ਤੇ ਸਮਾਪਤ ਹੋਵੇਗੀ। ਦੱਸ ਦੇਈਏ ਕਿ LAC ਨੇੜੇ ਚੀਨ ਦੀ ਗਤੀਵਿਧੀ ਭਾਰਤ ਅਤੇ ਤਿੱਬਤ ਦੋਵਾਂ ਲਈ ਚਿੰਤਾ ਦਾ ਕਾਰਨ ਹੋ ਸਕਦੀ ਹੈ। ਇਸ ਤੋਂ ਪਹਿਲਾਂ ਭਾਰਤੀ ਫੌਜ ਮੁਖੀ ਜਨਰਲ ਮਨੋਜ ਪਾਂਡੇ ਨੇ 12 ਜਨਵਰੀ ਨੂੰ ਕਿਹਾ ਸੀ ਕਿ ਅਸਲ ਕੰਟਰੋਲ ਰੇਖਾ (ਐੱਲਏਸੀ) 'ਤੇ ਚੀਨੀ ਸੈਨਿਕਾਂ ਦੀ ਗਿਣਤੀ 'ਚ 'ਮਾਮੂਲੀ ਵਾਧਾ' ਹੋਇਆ ਹੈ। ਇਸ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਇਹ ਪ੍ਰਸਤਾਵਿਤ ਰੇਲ ਲਾਈਨ ਅਸਲ ਕੰਟਰੋਲ ਰੇਖਾ ਦੇ ਨੇੜੇ ਚੀਨ ਦੇ ਕਬਜ਼ੇ ਵਾਲੇ ਰੂਟੋਗ ਅਤੇ ਪੈਂਗੌਂਗ ਝੀਲ ਤੋਂ ਵੀ ਹੋ ਕੇ ਲੰਘੇਗੀ। ਸ਼ਿਗਾਤਸੇ ਤੋਂ ਪਾਖੁਕਤਸੋ ਤੱਕ ਦਾ ਪਹਿਲਾ ਭਾਗ 2025 ਤੱਕ ਪੂਰਾ ਹੋਣ ਦੀ ਉਮੀਦ ਹੈ, ਜਦੋਂ ਕਿ ਹੋਤਾਨ 'ਚ ਖਤਮ ਹੋਣ ਵਾਲਾ ਬਾਕੀ ਹਿੱਸਾ 2035 ਤੱਕ ਪੂਰਾ ਹੋ ਸਕਦਾ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News