ਪਾਕਿਸਤਾਨ ''ਚ ਔਰਤਾਂ ਨਹੀਂ ਹਨ ਸੁਰੱਖਿਅਤ, 8 ਮਹੀਨਿਆਂ ''ਚ ਹਿੰਸਾ ਦੀਆਂ 10,000 ਸ਼ਿਕਾਇਤਾਂ ਦਰਜ
Tuesday, Aug 24, 2021 - 12:44 PM (IST)
ਸਿੰਧ - ਪਾਕਿਸਤਾਨ ਵਿਚ ਇਸ ਸਾਲ ਹੁਣ ਤੱਕ ਇਕੱਲੇ ਸਿੰਧ ਸੂਬੇ ਤੋਂ ਔਰਤਾਂ ਵਿਰੁੱਧ ਹਿੰਸਾ ਜਾਂ ਦੁਰਵਿਵਹਾਰ ਦੇ ਸਬੰਧ ਵਿਚ ਤਕਰੀਬਨ 10,000 ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਹਨ। ਇਕ ਸਥਾਨਕ ਮੀਡੀਆ ਰਿਪੋਰਟ ਨੇ ਇਹ ਜਾਣਕਾਰੀ ਦਿੱਤੀ ਹੈ। ਇਸ ਵਿਚ ਪਾਕਿਸਤਾਨ ਦੇ ਹੈਦਰਾਬਾਦ ਸ਼ਹਿਰ ਵਿਚ 2018 ਤੋਂ ਹੁਣ ਤੱਕ ਔਰਤਾਂ ਦੇ ਅਧਿਕਾਰਾਂ ਦੀ ਉਲੰਘਣਾ ਦੇ 6,325 ਮਾਮਲੇ ਦਰਜ ਕੀਤੇ ਗਏ ਹਨ। ਜਿਓ ਨਿਊਜ਼ ਦੀ ਰਿਪੋਰਟ ਮੁਤਾਬਕ ਇਸੇ ਤਰ੍ਹਾਂ, ਪੰਜਾਬ ਮਹਿਲਾ ਹੈਲਪਲਾਈਨ ਨੂੰ ਇਸ ਸਾਲ ਹੁਣ ਤੱਕ 4,649 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ। ਅੰਕੜਿਆਂ ਦੇ ਅਨੁਸਾਰ, ਰਾਸ਼ਟਰੀ ਟੋਲ-ਫਰੀ ਹੈਲਪਲਾਈਨ 'ਤੇ ਔਰਤਾਂ ਵੱਲੋਂ ਕੀਤੀਆਂ ਗਈਆਂ ਜ਼ਿਆਦਾਤਰ ਸ਼ਿਕਾਇਤਾਂ ਪਰਿਵਾਰਕ ਝਗੜਿਆਂ ਤੋਂ ਬਾਅਦ ਲਿੰਗ ਅਧਾਰਤ ਹਿੰਸਾ ਅਤੇ ਕੰਮ ਵਾਲੀ ਥਾਂ 'ਤੇ ਪਰੇਸ਼ਾਨੀ ਨਾਲ ਸਬੰਧਤ ਸਨ।
ਜੀਓ ਨਿਊਜ਼ ਅਨੁਸਾਰ ਸਿੰਧ ਅਤੇ ਪੰਜਾਬ ਵਿਚ ਔਰਤਾਂ ਦੇ ਅਧਿਕਾਰਾਂ ਦੀ ਰੱਖਿਆ ਲਈ ਕੰਮ ਕਰ ਰਹੇ ਅਧਿਕਾਰੀਆਂ ਨੇ ਦੇਸ਼ ਨੂੰ ਔਰਤਾਂ ਅਤੇ ਉਨ੍ਹਾਂ ਦੇ ਅਧਿਕਾਰਾਂ ਲਈ ਨਰਕ ਦੱਸਿਆ ਹੈ। ਮੰਤਰਾਲਾ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਪੰਜਾਬ ਸੂਬੇ ਨੇ ਪਾਕਿਸਤਾਨ ਵਿਚ ਸਭ ਤੋਂ ਵੱਧ ਸ਼ਿਕਾਇਤਾਂ ਦਰਜ ਕੀਤੀਆਂ ਹਨ। ਇਹ ਦੇਸ਼ ਵਿਚ ਔਰਤਾਂ ਵਿਰੁੱਧ ਹਿੰਸਾ ਦੇ ਕੁੱਲ ਮਾਮਲਿਆਂ ਦਾ 73 ਪ੍ਰਤੀਸ਼ਤ ਸ਼ਾਮਲ ਹੈ। ਪਾਕਿਸਤਾਨ ਵਿਚ ਔਰਤਾਂ ਹਰ ਰੋਜ਼ ਬਦਤਰ ਸਥਿਤੀ ਦਾ ਸਾਹਮਣਾ ਕਰ ਰਹੀਆਂ ਹਨ। ਇੱਥੇ ਔਰਤਾਂ ਹਮਲੇ ਦੀਆਂ ਵਧਦੀਆਂ ਘਟਨਾਵਾਂ ਦੇ ਮੱਦੇਨਜ਼ਰ ਆਪਣੀ ਸੁਰੱਖਿਆ ਲਈ ਡਰਦੀਆਂ ਹਨ। ਹਾਲ ਹੀ ਵਿਚ 14 ਅਗਸਤ ਨੂੰ ਲਾਹੌਰ ਵਿਚ ਪੁਰਸ਼ਾਂ ਦੀ ਭੀੜ ਵੱਲੋਂ ਇਕ ਔਰਤ ਦੀ ਕੁੱਟਮਾਰ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈ ਸੀ।