ਸਮੇਂ ਸਿਰ ਕੱਪੜੇ ਨਾ ਸਿਲਾਈ ਕਰਨ ’ਤੇ ਮੰਗਿਆ 1 ਲੱਖ ਰੁਪਏ ਦਾ ਮੁਆਵਜ਼ਾ
Wednesday, Apr 23, 2025 - 04:33 AM (IST)

ਗੁਰਦਾਸਪੁਰ/ਕਰਾਚੀ (ਵਿਨੋਦ) : ਪਾਕਿਸਤਾਨ ਦੇ ਕਰਾਚੀ ਸ਼ਹਿਰ ’ਚ ਇਕ ਨੌਜਵਾਨ ਨੇ ਆਪਣੇ ਦਰਜ਼ੀ ਵਿਰੁੱਧ ਖਪਤਕਾਰ ਸੁਰੱਖਿਆ ਅਦਾਲਤ ’ਚ ਕੇਸ ਦਾਇਰ ਕੀਤਾ ਹੈ। ਨੌਜਵਾਨ ਨੇ ਦੋਸ਼ ਲਗਾਇਆ ਕਿ ਦਰਜ਼ੀ ਨੇ ਉਸ ਦੇ ਪਰਿਵਾਰਕ ਸਮਾਗਮ ਲਈ ਦਿੱਤੇ ਕੱਪੜੇ ਸਮੇਂ ਸਿਰ ਨਹੀਂ ਸਿਲਾਈ ਕੀਤੇ, ਜਿਸ ਕਾਰਨ ਉਸ ਨੂੰ ਮਾਨਸਿਕ ਪ੍ਰੇਸ਼ਾਨੀ ਝੱਲਣੀ ਪਈ ਅਤੇ ਉਸ ਨੂੰ ਬਦਲਵੇਂ ਕੱਪੜੇ ਖਰੀਦਣੇ ਪਏ।
ਸਰਹੱਦ ਪਾਰ ਸੂਤਰਾਂ ਅਨੁਸਾਰ ਸ਼ਿਕਾਇਤਕਰਤਾ ਨੇ ਕਿਹਾ ਕਿ ਉਸ ਨੇ ਆਪਣੇ ਭਰਾ ਦੀ ਮੰਗਣੀ ਲਈ ਇਕ ਫੈਂਸੀ ਡਰੈੱਸ ਸਿਲਾਈ ਕਰਵਾਉਣ ਲਈ ਇਹ ਕੱਪੜਾ ਦਰਜ਼ੀ ਨੂੰ ਦਿੱਤਾ ਸੀ। ਦਰਜ਼ੀ ਨੇ ਕਈ ਵਾਰ ਕੱਪੜੇ ਸਮੇਂ ਸਿਰ ’ਤੇ ਤਿਆਰ ਕਰਨ ਦਾ ਵਾਅਦਾ ਕੀਤਾ ਪਰ ਹਰ ਵਾਰ ਕੰਮ ਟਾਲਦਾ ਰਿਹਾ। ਨੌਜਵਾਨ ਨੇ ਕਿਹਾ ਕਿ ਉਹ ਕਈ ਵਾਰ ਦਰਜ਼ੀ ਦੀ ਦੁਕਾਨ ’ਤੇ ਗਿਆ ਪਰ ਕੰਮ ਪੂਰਾ ਨਹੀਂ ਹੋਇਆ। ਇਸ ਤੋਂ ਪ੍ਰੇਸ਼ਾਨ ਹੋ ਕੇ ਨੌਜਵਾਨ ਨੇ ਅਦਾਲਤ ’ਚ 1 ਲੱਖ ਰੁਪਏ ਦਾ ਮੁਆਵਜ਼ਾ ਮੰਗਿਆ ਹੈ। ਇਸ ’ਚ ਅਧੂਰੇ ਵਾਅਦੇ ਲਈ 50,000 ਰੁਪਏ ਅਤੇ ਮਾਨਸਿਕ ਤਣਾਅ ਲਈ 50,000 ਰੁਪਏ ਦੀ ਮੰਗ ਕੀਤੀ ਗਈ ਹੈ।
ਉਸ ਨੇ ਇਹ ਵੀ ਕਿਹਾ ਕਿ ਕਿਉਂਕਿ ਉਸ ਨੂੰ ਕੱਪੜੇ ਸਮੇਂ ਸਿਰ ਨਹੀਂ ਮਿਲੇ, ਇਸ ਲਈ ਉਸ ਨੂੰ ਕਿਤੇ ਹੋਰ ਤੋਂ ਕਪੜੇ ਖਰੀਦਣ ਲਈ ਮਜਬੂਰ ਹੋਣਾ ਪਿਆ। ਇਸ ਮਾਮਲੇ ਨੂੰ ਖਪਤਕਾਰਾਂ ਦੇ ਅਧਿਕਾਰਾਂ ਅਤੇ ਸੇਵਾ ਪ੍ਰਦਾਨ ਕਰਨ ਦੀ ਜ਼ਿੰਮੇਵਾਰੀ ਦੇ ਦ੍ਰਿਸ਼ਟੀਕੋਣ ਤੋਂ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਇਹ ਕਾਨੂੰਨ ਭਾਰਤ ’ਚ ਵੀ ਲਾਗੂ ਹੈ। ਇਸ ਬਾਰੇ ਅਦਾਲਤ ’ਚ ਜਲਦੀ ਸੁਣਵਾਈ ਕਰਨ ਬਾਰੇ ਗੱਲ ਕੀਤੀ।