ਕਾਮੇਡੀਅਨ ਜੇਲੇਂਸਕੀ ਨੇ ਯੁਕ੍ਰੇਨ ਦੇ ਨਵੇਂ ਰਾਸ਼ਟਰਪਤੀ ਵਜੋਂ ਚੁੱਕੀ ਸਹੁੰ
Tuesday, May 21, 2019 - 10:33 PM (IST)

ਕੀਵ— ਕਾਮੇਡੀਅਨ ਵੋਲੋਦਿਮਿਰ ਜੇਲੇਂਸਕੀ ਨੇ ਸੋਮਵਾਰ ਨੂੰ ਯੁਕ੍ਰੇਨ ਦੇ ਨਵੇਂ ਰਾਸ਼ਟਰਪਤੀ ਦੇ ਰੂਪ 'ਚ ਸਹੁੰ ਚੁੱਕੀ। ਜੇਲੇਂਸਕੀ ਨੇ ਆਪਣੇ ਪਹਿਲੇ ਭਾਸ਼ਣ 'ਚ ਕਿਹਾ ਕਿ ਦੇਸ਼ ਦੇ ਪੂਰਬ ਦੇ ਹਿੱਸੇ 'ਚ ਰੂਸ ਸਮਰਥਿਤ ਵਿਧਰੋਹੀਆਂ ਨਾਲ ਸੰਘਰਸ਼ ਖਤਮ ਕਰਨਾ ਉਨ੍ਹਾਂ ਦੀ ਪਹਿਲੀ ਤਰਜੀਹ ਹੋਵੇਗੀ।
ਜੇਲੇਂਸਕੀ ਨੂੰ ਇਸ ਤੋਂ ਪਹਿਲਾਂ ਸਿਆਸਤ ਦਾ ਕੋਈ ਤਜ਼ਰਬਾ ਨਹੀਂ ਰਿਹਾ ਪਰ ਉਨ੍ਹਾਂ ਨੇ ਪਿਛਲੇ ਮਹੀਨੇ ਹੋਈਆਂ ਰਾਸ਼ਟਰਪਤੀ ਚੋਣਾਂ 'ਚ ਵੱਡੀ ਜਿੱਤ ਦਰਜ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਫੁੱਟਬਾਲ 'ਚ ਆਈਸਲੈਂਡਰ ਬਣਨਾ ਹੈ, ਆਪਣੀ ਧਰਤੀ ਨੂੰ ਬਚਾਉਣ ਲਈ ਇਜ਼ਰਾਇਲੀ ਤੇ ਤਕਨੀਕੀ ਮਾਮਲੇ 'ਚ ਜਾਪਾਨੀ ਬਣਨਾ ਹੈ। ਰੂਸ ਦਾ ਨਾਂ ਲਏ ਬਗੈਰ ਉਨ੍ਹਾਂ ਕਿਹਾ ਕਿ ਯੁਕ੍ਰੇਨ ਦੇ ਲੋਕਾਂ ਨੂੰ ਆਪਸ 'ਚ ਖੁਸ਼ੀ ਦੇ ਨਾਲ ਰਹਿਣ ਲਈ ਸਵਿਟਜ਼ਰਲੈਂਡ ਵੀ ਬਣਨਾ ਹੈ, ਚਾਹੇ ਮਤਭੇਦ ਕਿਉਂ ਨਾ ਹੋਣ।
ਜੇਲੇਂਸਕੀ ਨੂੰ ਵਧਾਈ ਨਹੀਂ ਦੇਣਗੇ ਪੁਤਿਨ: ਰੂਸ
ਇਸ ਵਿਚਾਲੇ ਰੂਸ ਨੇ ਕਿਹਾ ਕਿ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਯੁਕ੍ਰੇਨ ਦੇ ਨਵੇਂ ਰਾਸ਼ਟਰਪਤੀ ਜੇਲੇਂਸਕੀ ਨੂੰ ਵਧਾਈ ਦੇਣ ਦੀ ਯੋਜਨਾ ਨਹੀਂ ਹੈ। ਕ੍ਰੇਮਲਿਨ ਦੇ ਬੁਲਾਰੇ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਰੂਸ ਦੇ ਸਰਕਾਰੀ ਟੈਲੀਵਿਜ਼ਨ ਨੇ ਕਿਹਾ ਕਿ ਸਹੁੰ ਚੁੱਕ ਸਮਾਗਮ 'ਚ ਕਿਸੇ ਵੀ ਰੂਸੀ ਅਧਿਕਾਰੀ ਨੂੰ ਸੱਦਾ ਨਹੀਂ ਦਿੱਤਾ ਗਿਆ ਸੀ।