ਕੋਲੋਰਾਡੋ ’ਚ ਛੋਟਾ ਜਹਾਜ਼ ਕਰੈਸ਼, ਪਾਇਲਟ ਦੀ ਹੋਈ ਮੌਤ
Tuesday, Apr 06, 2021 - 02:24 PM (IST)
ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕਾ ਦੇ ਕੋਲੋਰਾਡੋ ’ਚ ਐਤਵਾਰ ਨੂੰ ਪਹਾੜੀ ਖੇਤਰ ’ਚ ਇੱਕ ਛੋਟੇ ਜਹਾਜ਼ ਦੇ ਕਰੈਸ਼ ਹੋਣ ਤੋਂ ਬਾਅਦ ਪਾਇਲਟ ਦੀ ਮੌਤ ਹੋ ਗਈ ਹੈ। ਇਸ ਹਾਦਸੇ ਦੇ ਸਬੰਧ ’ਚ ਜੈਫਰਸਨ ਕਾਊਂਟੀ ਸ਼ੈਰਿਫ ਦੇ ਦਫਤਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਧਿਕਾਰੀਆਂ ਨੂੰ ਸ਼ਨੀਵਾਰ ਰਾਤ ਕੋਨੀਫੋਰ, ਕੋਲੋਰਾਡੋ ਤੋਂ ਲੱਗਭਗ 20 ਮੀਲ ਦੱਖਣ ’ਚ ਵਿਗਵਾਮ ਕ੍ਰੀਕ ਟ੍ਰੇਲ ਨੇੜੇ ਇੱਕ ਸੰਭਾਵੀ ਹਾਦਸੇ ਬਾਰੇ ਸੂਚਿਤ ਕੀਤਾ ਗਿਆ ਸੀ ਅਤੇ ਐਤਵਾਰ ਦੁਪਹਿਰ ਨੂੰ ਅਧਿਕਾਰੀਆਂ ਨੇ ਕਾਰਵਾਈ ਕਰਦਿਆਂ ਹਾਦਸਾਗ੍ਰਸਤ ਜਹਾਜ਼ ਨੂੰ ਲੱਭਿਆ ਅਤੇ ਪਾਇਲਟ ਦੀ ਮੌਤ ਹੋਣ ਦਾ ਐਲਾਨ ਕੀਤਾ। ਪੁਲਸ ਅਨੁਸਾਰ ਹਾਦਸੇ ਦਾ ਸ਼ਿਕਾਰ ਹੋਏ ਜਹਾਜ਼ ਦੇ ਪਾਇਲਟ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ ਅਤੇ ਵਿਭਾਗ ਵਲੋਂ ਉਸ ਦੀ ਮੌਤ ਤੇ ਦੁੱਖ ਪ੍ਰਗਟ ਕੀਤਾ ਗਿਆ ਹੈ।
ਸ਼ੈਰਿਫ ਦੇ ਦਫ਼ਤਰ ਅਨੁਸਾਰ ਅਮਰੀਕਾ ਦਾ ਸੰਘੀ ਹਵਾਬਾਜ਼ੀ ਪ੍ਰਸ਼ਾਸਨ ਅਤੇ ਰਾਸ਼ਟਰੀ ਆਵਾਜਾਈ ਸੁਰੱਖਿਆ ਬੋਰਡ ਇਸ ਹਾਦਸੇ ਦੀ ਜਾਂਚ ਕਰ ਰਿਹਾ ਹੈ। ਇਸ ਤੋਂ ਇਲਾਵਾ ਐੱਨ. ਟੀ. ਐੱਸ. ਬੀ. ਨੇ ਜਹਾਜ਼ ਦੀ ਮੈਗਨਸ ਫਿਊਜ਼ਨ 212 ਵਜੋਂ ਪਛਾਣ ਕੀਤੀ ਅਤੇ ਦੱਸਿਆ ਕਿ ਇਸ ਦੇ ਜਾਂਚਕਰਤਾ ਸੋਮਵਾਰ ਨੂੰ ਘਟਨਾ ਵਾਲੀ ਥਾਂ ’ਤੇ ਪਹੁੰਚਣਗੇ।