ਭਿਆਨਕ ਸੜਕ ਹਾਦਸਾ: ਬੱਸਾਂ ਤੇ ਵਾਹਨਾਂ ਦੀ ਟੱਕਰ ‘ਚ 63 ਲੋਕਾਂ ਦੀ ਮੌਕੇ ‘ਤੇ ਦਰਦਨਾਕ ਮੌਤ

Wednesday, Oct 22, 2025 - 10:03 PM (IST)

ਭਿਆਨਕ ਸੜਕ ਹਾਦਸਾ: ਬੱਸਾਂ ਤੇ ਵਾਹਨਾਂ ਦੀ ਟੱਕਰ ‘ਚ 63 ਲੋਕਾਂ ਦੀ ਮੌਕੇ ‘ਤੇ ਦਰਦਨਾਕ ਮੌਤ

ਯੂਗਾਂਡਾ —  ਅਫਰੀਕੀ ਦੇਸ਼ ਯੂਗਾਂਡਾ ਬੁੱਧਵਾਰ ਨੂੰ ਇਕ ਖੌਫਨਾਕ ਸੜਕ ਹਾਦਸੇ ਨਾਲ ਹਿਲ ਗਿਆ। ਇਸ ਭਿਆਨਕ ਹਾਦਸੇ ਵਿੱਚ ਦੋ ਬੱਸਾਂ ਅਤੇ ਕਈ ਹੋਰ ਵਾਹਨਾਂ ਦੀ ਟੱਕਰ ਤੋਂ ਬਾਅਦ ਘੱਟੋ-ਘੱਟ 63 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਕਈ ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਹਨ।

ਇਹ ਹਾਦਸਾ ਰਾਜਧਾਨੀ ਕੰਪਾਲਾ ਤੋਂ ਉੱਤਰ ਵੱਲ ਸਥਿਤ ਗੁਲੂ ਸ਼ਹਿਰ ਨੂੰ ਜੋੜਦੇ ਕੰਪਾਲਾ-ਗੁਲੂ ਹਾਈਵੇ ‘ਤੇ ਬੁੱਧਵਾਰ ਸਵੇਰੇ ਵਾਪਰਿਆ। ਸਥਾਨਕ ਪੁਲਸ ਅਨੁਸਾਰ, ਕਈ ਵੱਡੇ ਅਤੇ ਛੋਟੇ ਵਾਹਨ ਆਪਸ ਵਿੱਚ ਟਕਰਾ ਗਏ, ਜਿਸ ਨਾਲ ਹਾਈਵੇ ‘ਤੇ ਤਬਾਹੀ ਮਚ ਗਈ ਅਤੇ ਹਰ ਥਾਂ ਚੀਕ-ਪੁਕਾਰ ਸੁਪਣਾਈ ਦੇ ਰਹੀ ਸੀ।

ਪੁਲਸ ਨੇ ਸ਼ੁਰੂਆਤੀ ਜਾਂਚ ਵਿੱਚ ਦੱਸਿਆ ਕਿ ਇਕ ਬੱਸ ਡਰਾਈਵਰ ਵੱਲੋਂ ਓਵਰਟੇਕ ਕਰਨ ਦੀ ਕੋਸ਼ਿਸ਼ ਦੌਰਾਨ ਇਹ ਹਾਦਸਾ ਵਾਪਰਿਆ। ਬੱਸ ਦੀ ਉਲਟੀ ਦਿਸ਼ਾ ਤੋਂ ਆ ਰਹੀ ਲੌਰੀ ਨਾਲ ਸਿੱਧੀ ਟੱਕਰ ਹੋ ਗਈ। ਇਸ ਟੱਕਰ ਤੋਂ ਬਾਅਦ ਪਿੱਛੇ ਆ ਰਹੀਆਂ ਕਈ ਹੋਰ ਗੱਡੀਆਂ ਵੀ ਟਕਰਾ ਗਈਆਂ, ਜਿਸ ਨਾਲ ਮੌਕੇ ‘ਤੇ ਹੀ ਦਰਜਨਾਂ ਲੋਕਾਂ ਨੇ ਜਾਨ ਗੁਆਈ।

ਰਾਹਤ ਤੇ ਬਚਾਅ ਕੰਮ ਜਾਰੀ
ਕੰਪਾਲਾ ਪੁਲਸ ਦੇ ਬੁਲਾਰੇ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਐਮਰਜੈਂਸੀ ਟੀਮਾਂ ਨੂੰ ਤੁਰੰਤ ਮੌਕੇ ‘ਤੇ ਭੇਜਿਆ ਗਿਆ, ਜੋ ਜ਼ਖਮੀ ਲੋਕਾਂ ਅਤੇ ਮਲਬੇ ‘ਚ ਫਸੇ ਪੀੜਤਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਮ੍ਰਿਤਕਾਂ ਦੀ ਪਛਾਣ ਦੀ ਪ੍ਰਕਿਰਿਆ ਚੱਲ ਰਹੀ ਹੈ ਅਤੇ ਜ਼ਖਮੀਆਂ ਦਾ ਇਲਾਜ ਕਿਰਯਾਂਡੋਂਗੇ ਸ਼ਹਿਰ ਦੇ ਹਸਪਤਾਲ ਵਿੱਚ ਕੀਤਾ ਜਾ ਰਿਹਾ ਹੈ।

ਪੁਲਸ ਨੇ ਦੱਸਿਆ ਕਿ ਇਸ ਭਿਆਨਕ ਹਾਦਸੇ ਤੋਂ ਬਾਅਦ ਕੰਪਾਲਾ-ਗੁਲੂ ਹਾਈਵੇ ਨੂੰ ਅਸਥਾਈ ਤੌਰ ‘ਤੇ ਬੰਦ ਕਰ ਦਿੱਤਾ ਗਿਆ ਹੈ। ਇਹ ਹਾਦਸਾ ਯੂਗਾਂਡਾ ਦੇ ਇਤਿਹਾਸ ਦੇ ਸਭ ਤੋਂ ਦਰਦਨਾਕ ਸੜਕ ਹਾਦਸਿਆਂ ‘ਚੋਂ ਇਕ ਮੰਨਿਆ ਜਾ ਰਿਹਾ ਹੈ।


author

Inder Prajapati

Content Editor

Related News