ਅਮਰੀਕਾ : ਧੀ ਲਈ ਪਿਤਾ ਨੇ ਘਰ ਵਿਚ ਹੀ ਮਨਾਇਆ ਡਿਗਰੀ ਵੰਡ ਸਮਾਰੋਹ, ਹੋਈ ਸਿਫਤ
Tuesday, May 19, 2020 - 03:33 PM (IST)
ਲੁਈਸਿਆਨਾ- ਕਾਲਜ ਦੇ ਵਿਦਿਆਰਥੀਆਂ ਲਈ ਸਭ ਤੋਂ ਖਾਸ ਪਲ ਉਹ ਹੁੰਦਾ ਹੈ ਜਦ ਉਹ ਡਿਗਰੀ ਹਾਸਲ ਕਰਨ ਲਈ ਕਨਵੋਕੇਸ਼ਨ ਵਿਚ ਸ਼ਾਮਲ ਹੁੰਦੇ ਹਨ ਪਰ ਕੋਰੋਨਾ ਵਾਇਰਸ ਕਾਰਨ ਕਾਲਜ-ਯੂਨੀਵਰਸਿਟੀਆਂ ਇਹ ਸਮਾਰੋਹ ਬੰਦ ਹਨ। ਇਸ ਲਈ ਇਸ ਦੌਰਾਨ ਡਿਗਰੀ ਲੈਣ ਵਾਲਿਆਂ ਦੀਆਂ ਕਈ ਇੱਛਾਵਾਂ ਅਧੂਰੀਆਂ ਰਹਿ ਗਈਆਂ ਪਰ ਅਮਰੀਕਾ ਵਿਚ ਰਹਿੰਦੀ ਇਕ ਕੁੜੀ ਦੇ ਪਿਤਾ ਨੇ ਉਸ ਲਈ ਕੁਝ ਖਾਸ ਕੀਤਾ ਤੇ ਇਸ ਨੂੰ ਯਾਦਗਾਰ ਬਣਾ ਦਿੱਤਾ।
ਅਮਰੀਕਾ ਦੇ ਲੁਈਸਿਆਨਾ ਦੀ ਜੇਵੀਅਰ ਯੂਨੀਵਰਸਿਟੀ ਵਿਚ ਪੜ੍ਹਨ ਵਾਲੀ ਗ੍ਰੇਬੀਅਲ ਪੀਅਰਜ਼ ਦੇ ਪਿਤਾ ਨੇ ਉਸ ਦੀ ਡਿਗਰੀ ਲੈਣ ਵਾਲੀ ਰਸਮ ਨੂੰ ਖਾਸ ਬਣਾ ਦਿੱਤਾ। ਉਨ੍ਹਾਂ ਨੇ ਆਪਣੇ ਘਰ ਕੋਲ ਖਾਲੀ ਥਾਂ ਵਿਚ ਹੀ ਇਸ ਦਾ ਪ੍ਰਬੰਧ ਕੀਤਾ। ਪੀਅਰਜ਼ ਨੇ ਚਾਰ ਸਾਲ ਜੇਵੀਅਰ ਯੂਨੀਵਰਸਿਟੀ ਵਿਚ ਪੜ੍ਹਾਈ ਕੀਤੀ ਤੇ ਡਿਗਰੀ ਲੈਣ ਦਾ ਮੌਕਾ ਆਇਆ ਤਾਂ ਕੋਰੋਨਾ ਕਾਰਨ ਸਟੇਜ 'ਤੇ ਚੜ੍ਹ ਕੇ ਡਿਗਰੀ ਲੈਣ ਦੀ ਖੁਆਇਸ਼ ਪੂਰੀ ਨਾ ਹੁੰਦੀ ਸੋਚ ਉਹ ਉਦਾਸ ਹੋ ਗਈ। ਉਸ ਦੇ ਪਿਤਾ ਨੂੰ ਜਿਵੇਂ ਹੀ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਘਰ ਦੇ ਬਾਹਰ ਸਟੇਜ ਬਣਾਈ।
ਡਿਗਰੀ ਸਮਾਰੋਹ ਵਾਲੇ ਫਲੈਕਸ ਅਤੇ ਬੈਨਰ ਬਣਵਾਏ। ਇਸ ਦੇ ਇਲਾਵਾ ਭਾਸ਼ਣ, ਦਰਸ਼ਕ, ਰਾਸ਼ਟਰੀ ਗਾਨ, ਸਵਾਗਤ ਗੀਤ, ਡਿਗਰੀ ਵੰਡ ਸਮਾਰੋਹ ਦਾ ਪੂਰਾ ਖਿਆਲ ਰੱਖਿਆ ਤੇ ਅਸਲ ਵਰਗਾ ਹੀ ਸਭ ਕੁਝ ਕੀਤਾ। ਇਸ ਵਿਚ ਉਨ੍ਹਾਂ ਦੇ ਗੁਆਂਢੀ ਵੀ ਸ਼ਾਮਲ ਹੋਏ ਤੇ ਸੋਸ਼ਲ ਮੀਡੀਆ 'ਤੇ ਇਸ ਦੀ ਸਿਫਤ ਕੀਤੀ ਜਾ ਰਹੀ ਹੈ। ਪੀਅਰਜ਼ ਨੇ ਕਿਹਾ ਕਿ ਉਸ ਨੂੰ ਇੰਝ ਲੱਗਾ ਜਿਵੇਂ ਉਹ ਯੂਨੀਵਰਸਿਟੀ ਵਿਚ ਡਿਗਰੀ ਲੈਣ ਗਈ ਹੋਵੇ।