ਪਾਕਿਸਤਾਨ ਦੀ ਕੋਲਾ ਖਾਨ ''ਚ ਵੱਡਾ ਧਮਾਕਾ, 11 ਮਜ਼ਦੂਰਾਂ ਦੀ ਮੌਤ
Friday, Jul 31, 2026 - 02:31 AM (IST)
ਕੁਇੱਟਾ : ਪਾਕਿਸਤਾਨ ਦੇ ਬਲੂਚਿਸਤਾਨ ਸੂਬੇ ਵਿੱਚ ਵੀਰਵਾਰ ਨੂੰ ਇੱਕ ਕੋਲਾ ਖਾਨ ਵਿੱਚ ਹੋਏ ਜ਼ੋਰਦਾਰ ਧਮਾਕੇ ਕਾਰਨ ਘੱਟੋ-ਘੱਟ 11 ਮਜ਼ਦੂਰਾਂ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਅਨੁਸਾਰ, ਇਸ ਹਾਦਸੇ ਵਿੱਚ 31 ਹੋਰ ਮਜ਼ਦੂਰ ਅਜੇ ਵੀ ਮਲਬੇ ਹੇਠ ਫਸੇ ਹੋਏ ਹਨ, ਜਿਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਸਰਕਾਰੀ ਖਾਨ ਨਿਰੀਖਕ ਗਨੀ ਬਲੂਚ ਨੇ ਜਾਣਕਾਰੀ ਦਿੱਤੀ ਕਿ ਇਹ ਧਮਾਕਾ ਬਲੂਚਿਸਤਾਨ ਦੀ ਰਾਜਧਾਨੀ ਕੁਇੱਟਾ ਦੇ ਬਾਹਰੀ ਇਲਾਕੇ ਵਿੱਚ ਸਥਿਤ ਖਾਨ ਵਿੱਚ ਮੀਥੇਨ ਗੈਸ ਜਮ੍ਹਾਂ ਹੋਣ ਕਾਰਨ ਹੋਇਆ। ਧਮਾਕੇ ਤੋਂ ਕੁਝ ਘੰਟਿਆਂ ਬਾਅਦ ਬਚਾਅ ਟੀਮਾਂ ਨੇ ਪਹਿਲਾਂ ਸੱਤ ਮਜ਼ਦੂਰਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਅਤੇ ਬਾਅਦ ਵਿੱਚ ਚਾਰ ਹੋਰ ਲਾਸ਼ਾਂ ਮਿਲਣ ਨਾਲ ਮੌਤਾਂ ਦੀ ਕੁੱਲ ਗਿਣਤੀ 11 ਹੋ ਗਈ ਹੈ।
ਅਧਿਕਾਰੀਆਂ ਨੇ ਖਦਸ਼ਾ ਜਤਾਇਆ ਹੈ ਕਿ ਮ੍ਰਿਤਕਾਂ ਦੀ ਗਿਣਤੀ ਅਜੇ ਹੋਰ ਵਧ ਸਕਦੀ ਹੈ। ਗਨੀ ਬਲੂਚ ਅਨੁਸਾਰ, ਮੀਥੇਨ ਗੈਸ ਦੇ ਧਮਾਕੇ ਤੋਂ ਬਾਅਦ ਖਾਨ ਦੇ ਅੰਦਰ ਆਕਸੀਜਨ ਦਾ ਪੱਧਰ ਲਗਭਗ ਸਿਫ਼ਰ ਹੋ ਜਾਂਦਾ ਹੈ, ਜਿਸ ਕਾਰਨ ਫਸੇ ਹੋਏ ਮਜ਼ਦੂਰਾਂ ਦੇ ਜ਼ਿੰਦਾ ਮਿਲਣ ਦੀ ਸੰਭਾਵਨਾ ਬਹੁਤ ਘੱਟ ਹੈ। ਇਹੀ ਕਾਰਨ ਹੈ ਕਿ ਬਚਾਅ ਟੀਮਾਂ ਵੀ ਅੰਦਰ ਬਹੁਤ ਸਾਵਧਾਨੀ ਨਾਲ ਅੱਗੇ ਵਧ ਰਹੀਆਂ ਹਨ।
ਬਲੂਚਿਸਤਾਨ ਦੇ ਖਾਨ ਅਤੇ ਖਣਿਜ ਮੰਤਰੀ ਸ਼ੋਏਬ ਨੋਸ਼ੇਰਵਾਨੀ ਨੇ ਕਿਹਾ ਕਿ ਬਚਾਅ ਟੀਮਾਂ ਬਹੁਤ ਹੀ ਕਠਿਨ ਹਾਲਾਤਾਂ ਵਿੱਚ ਕੰਮ ਕਰ ਰਹੀਆਂ ਹਨ। ਉਨ੍ਹਾਂ ਭਰੋਸਾ ਦਿਵਾਇਆ ਕਿ ਸੂਬਾ ਸਰਕਾਰ ਬਚਾਅ ਕਾਰਜਾਂ ਲਈ ਹਰ ਸੰਭਵ ਕੋਸ਼ਿਸ਼ ਕਰੇਗੀ ਅਤੇ ਜਦੋਂ ਤੱਕ ਸਾਰੇ ਫਸੇ ਹੋਏ ਮਜ਼ਦੂਰਾਂ ਦਾ ਪਤਾ ਨਹੀਂ ਲੱਗ ਜਾਂਦਾ, ਇਹ ਮੁਹਿੰਮ ਜਾਰੀ ਰਹੇਗੀ।
