ਕਿਤੇ ਭਿਆਨਕ ਗਰਮੀ, ਕਿਤੇ ਹੱਡ ਚੀਰਵੀਂ ਠੰਡ, ਹੋਰ ਵਿਗੜਨਗੇ ਹਾਲਾਤ

Thursday, Jan 31, 2019 - 12:50 AM (IST)

ਕਿਤੇ ਭਿਆਨਕ ਗਰਮੀ, ਕਿਤੇ ਹੱਡ ਚੀਰਵੀਂ ਠੰਡ, ਹੋਰ ਵਿਗੜਨਗੇ ਹਾਲਾਤ

ਵਾਸ਼ਿੰਗਟਨ— ਮੌਸਮ ਦਾ ਰੁਖ ਤੇਜ਼ੀ ਨਾਲ ਬਦਲ ਰਿਹਾ ਹੈ। ਦੁਨੀਆ ਦੇ ਵੱਖ-ਵੱਖ ਹਿੱਸਿਆਂ 'ਚ ਮੌਸਮ ਦੇ ਵਧਦੇ ਫਰਕ ਨਾਲ ਮੌਸਮ ਵਿਗਿਆਨੀ ਵੀ ਚਿੰਤਤ ਹਨ। ਕਿਤੇ ਠੰਡ ਰਿਕਾਰਡ ਤੋੜ ਰਹੀ ਹੈ ਤੇ ਕਿਤੇ ਗਰਮੀ ਸਾੜਨ 'ਤੇ ਉਤਾਰੂ ਹੈ।

ਸ਼ਿਕਾਗੋ 'ਚ ਮੌਸਨ ਅਧਿਕਾਰੀਆਂ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਭੁੱਲ ਕੇ ਵੀ ਬਾਹਰ ਦੇ ਮੌਸਮ ਦੇ ਸੰਪਰਕ 'ਚ ਨਾ ਆਉ। ਇਥੇ ਤਾਪਮਾਨ ਸਿਫਰ ਤੋਂ 50 ਡਿਗਰੀ ਤੱਕ ਹੇਠਾਂ ਚਲਾ ਗਿਆ ਹੈ। ਪੰਜ ਮਿੰਟ ਵੀ ਜੇਕਰ ਕੋਈ ਇਸ ਠੰਡ ਦੇ ਸੰਪਰਕ 'ਚ ਰਿਹਾ ਤਾਂ ਉਹ ਠੰਡ ਦੀ ਲਪੇਟ 'ਚ ਆ ਸਕਦਾ ਹੈ। ਉਥੇ ਦੂਜੇ ਪਾਸੇ ਠੀਕ ਇਸੇ ਵੇਲੇ ਆਸਟ੍ਰੇਲੀਆ 'ਚ ਤਾਪਮਾਨ ਉਬਾਲ 'ਤੇ ਹੈ। ਇਥੇ ਤਾਪਮਾਨ 50 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ। ਜੰਗਲ ਸੜ ਰਹੇ ਹਨ। ਵਧਦੇ ਤਾਪਮਾਨ ਦੇ ਕਾਰਨ ਏਸੀ ਫੇਲ ਹੋ ਗਏ ਹਨ। ਏਸੀ ਦੀ ਵਰਤੋਂ ਇੰਨੀ ਵਧ ਗਈ ਕਿ ਗ੍ਰਿਡ ਫੇਲ ਹੋ ਗਿਆ। ਬਿਜਲੀ ਬਚਾਉਣ ਲਈ ਟਰੇਨਾਂ ਤੇ ਟ੍ਰਾਮ ਦਾ ਸੰਚਾਲਨ ਰੋਕਿਆ ਜਾ ਰਿਹਾ ਹੈ। ਲੇਬਰ ਮੰਤਰੀਆਂ ਦਾ ਕਹਿਣਾ ਹੈ ਕਿ ਬਹੁਤ ਜ਼ਿਆਦਾ ਗਰਮ ਮੌਸਮ ਹੋਣ ਦੀ ਸਥਿਤੀ 'ਚ ਕੰਪਨੀਆਂ 'ਚ ਕੰਮਕਾਜ ਬੰਦ ਰੱਖਣ ਦਾ ਕਾਨੂੰਨ ਲਿਆਂਦਾ ਜਾਵੇ।

ਹਾਲਾਤ ਹੋ ਰਹੇ ਖਰਾਬ
ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਮੌਸਮ ਦੇ ਲਿਹਾਜ਼ ਨਾਲ ਬੇਹੱਦ ਖਰਾਬ ਸਥਿਤੀ ਹੈ। ਹਾਲਾਤ ਖਰਾਬ ਹੁੰਦੇ ਜਾ ਰਹੇ ਹਨ। ਮੌਸਮ ਜਿਥੇ ਵੀ ਤੇ ਜਿਦਾਂ ਦਾ ਵੀ ਹੈ, ਆਪਣੇ ਚੋਟੀ 'ਤੇ ਹੈ। ਯੂਨੀਵਰਸਿਟੀ ਆਫ ਇਦਾਹੋ ਦੀ ਪ੍ਰੋਫੈਸਰ ਕ੍ਰਿਸਟਲ ਏ. ਕੋਲਡੇਨ ਨੇ ਕਿਹਾ ਕਿ ਗੱਲ ਚਾਹੇ ਠੰਡ ਦੀ ਹੋਵੇ ਜਾਂ ਜੰਗਲ 'ਚ ਲੱਗੀ ਅੱਗ ਦੀ ਜਾਂ ਤੂਫਾਨ ਦੀ। ਸਾਨੂੰ ਇਹ ਮੰਨ ਕੇ ਚੱਲਣਾ ਹੋਵੇਗਾ ਕਿ ਹੁਣ ਤੱਕ ਜੋ ਵੀ ਦੇਖਿਆ ਗਿਆ ਹੈ, ਸਥਿਤੀ ਉਸ ਤੋਂ ਵੀ ਜ਼ਿਆਦਾ ਖਰਾਬ ਹੋਣ ਵਾਲੀ ਹੈ। 

ਤਬਾਹੀ ਦੀਆਂ ਕਈ ਉਦਾਹਰਨਾਂ
ਪਿਛਲੇ ਸਾਲ ਨਾਰਵੇ ਤੋਂ ਅਲਜ਼ੀਰੀਆ ਤੱਕ ਗਰਮੀ ਨੇ ਰਿਕਾਰਡ ਤੋੜ ਦਿੱਤਾ। ਆਸਟ੍ਰੇਲੀਆ ਦੇ ਕੁਝ ਹਿੱਸਿਆਂ 'ਚ ਸੋਕਾ ਇੰਨੇ ਲੰਬੇ ਸਮੇਂ ਤੱਕ ਚੱਲਿਆ ਕਿ ਕੁਝ ਬੱਚਿਆਂ ਨੇ ਤਾਂ ਸ਼ਾਇਦ ਮੀਂਹ ਦੇਖਿਆ ਹੀ ਨਹੀਂ। ਇਹ ਹੀ ਹਾਲ ਕੈਲੀਫੋਰਨੀਆ 'ਚ ਰਿਹਾ। ਪਿਛਲੇ ਸਾਲ ਇਥੇ ਸਭ ਤੋਂ ਭਿਆਨਕ ਜੰਗਲ ਦੀ ਅੱਗ ਲੱਗੀ। ਸਥਿਤੀ ਇਹ ਹੋ ਗਈ ਕਿ ਸੂਬੇ ਦੀ ਸਭ ਤੋਂ ਵੱਡੀ ਕੰਪਨੀ ਪੈਸੀਫਿਕ ਗੈਸ ਐਂਡ ਇਲੈਕਟ੍ਰਾਨਿਕ ਨੂੰ ਪਿਛਲੇ ਹਫਤੇ ਦਿਵਾਲੀਆ ਅਰਜ਼ੀ ਲਾਉਣੀ ਪਈ।

ਕੀ ਇਹ ਜਲਵਾਯੂ ਪਰਿਵਰਤਨ ਹੈ?
ਭਿਆਨਕ ਸਰਦੀ ਤੇ ਭਿਆਨਕ ਗਰਮੀ ਦੀ ਇਹ ਸਥਿਤੀ ਕਈ ਸਵਾਲ ਖੜ੍ਹੇ ਕਰ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਇਸ ਸਥਿਤੀ ਦਾ ਜਲਵਾਯੂ ਪਰਿਵਰਤਨ ਨਾਲ ਕੋਈ ਸਬੰਧ ਨਹੀਂ ਹੈ। ਜਲਵਾਯੂ ਪਰਿਵਰਤਨ ਦੀ ਚਰਚਾ 'ਚ ਧਰਤੀ ਦੇ ਗਰਮ ਹੋਣ ਤੇ ਗਲੋਬਲ ਤਾਪਮਾਨ ਵਧਣ ਦੀ ਗੱਲ ਹੁੰਦੀ ਹੈ। ਭਿਆਨਕ ਸਰਦੀ ਤੇ ਤੂਫਾਨ ਦੇ ਪਿਛੇ ਵੀ ਜਲਵਾਯੂ ਪਰਿਵਰਤਨ ਹੀ ਅਹਿਮ ਕਾਰਨ ਹੈ। ਗਲੋਬਲ ਤਾਪਮਾਨ 'ਚ ਵਾਧੇ ਕਾਰਨ ਮੌਸਮ ਚੱਕਰ 'ਚ ਬਦਲਾਅ ਹੋ ਰਿਹਾ ਹੈ। ਇਹੀ ਬਦਲਾਅ ਤਾਪਮਾਨ ਨੂੰ ਚੋਟੀ 'ਤੇ ਲਿਜਾਣ ਦਾ ਕਾਰਨ ਬਣਦਾ ਹੈ, ਗੱਲ ਚਾਹੇ ਗਰਮੀ ਦੀ ਹੋਵੇ ਜਾਂ ਸਰਦੀ ਦੀ।


author

Baljit Singh

Content Editor

Related News