2070 ਤੱਕ ਅਲੋਪ ਹੋਣ ਕੰਢੇ ਹੋਣਗੇ ਇਕ ਤਿਹਾਈ ਬੂਟੇ ਤੇ ਪਸ਼ੂ

02/14/2020 8:54:28 PM

ਵਾਸ਼ਿੰਗਟਨ(ਏਜੰਸੀਆਂ)– ਜਲਵਾਯੂ ਬਦਲਾਅ ਕਾਰਨ ਦੁਨੀਆ ਭਰ ਵਿਚ 2070 ਤੱਕ ਪਸ਼ੂ ਤੇ ਬੂਟਿਆਂ ਦੀਆਂ ਇਕ ਤਿਹਾਈ ਨਸਲਾਂ ਅਲੋਪ ਹੋਣ ਕੰਢੇ ਪਹੁੰਚ ਜਾਣਗੀਆਂ। ਇਕ ਅਧਿਐਨ ਵਿਚ ਇਸ ਗੱਲ ਦਾ ਦਾਅਵਾ ਕੀਤਾ ਗਿਆ ਹੈ। ਅਮਰੀਕਾ ਵਿਚ ਯੂਨੀਵਰਸਿਟੀ ਆਫ ਐਰੀਜ਼ੋਨਾ ਦੇ ਖੋਜਕਾਰਾਂ ਨੇ ਆਉਣ ਵਾਲੇ 50 ਸਾਲਾਂ ਵਿਚ ਜਲਵਾਯੂ ਬਦਲਾਅ ਨਾਲ ਹੋਣ ਵਾਲੇ ਪ੍ਰਭਾਵਾਂ ਦਾ ਮੁਲਾਂਕਣ ਕੀਤਾ ਹੈ।

ਖੋਜਕਾਰਾਂ ਨੇ ਜਲਵਾਯੂ ਬਦਲਾਅ ਨਾਲ ਮੌਜੂਦਾ ਸਮੇਂ ਵਿਚ ਪੈ ਰਹੇ ਪ੍ਰਭਾਵ, ਭਵਿੱਖ ਨੂੰ ਲੈ ਕੇ ਕੀਤੇ ਗਏ ਵੱਖ-ਵੱਖ ਅਨੁਮਾਨਾਂ ਦੇ ਆਧਾਰ 'ਤੇ ਇਹ ਮੁਲਾਂਕਣ ਕੀਤਾ ਹੈ। ਪੀ.ਐੱਨ.ਏ.ਐੱਸ. ਨਾਂ ਦੇ ਰਸਾਲੇ ਵਿਚ ਪ੍ਰਕਾਸ਼ਿਤ ਉਹਨਾਂਦੇ ਨਤੀਜੇ ਦੁਨੀਆ ਭਰ ਵਿਚ ਸੈਂਕੜੇ ਨਸਲਾਂ ਦੇ ਬੂਟਿਆਂ ਅਤੇ ਜਾਨਵਰਾਂ 'ਤੇ ਸਰਵੇਖਣ 'ਤੇ ਆਧਾਰਿਤ ਹੈ। ਖੋਜਕਾਰਾਂ ਨੇ ਆਪਣੇ ਅਧਿਐਨ 'ਚ ਦੁਨੀਆ ਭਰ ਦੀਆਂ 581 ਸਾਈਟਾਂ 'ਤੇ 538 ਨਸਲਾਂ ਦੇ ਡਾਟੇ ਦਾ ਵਿਸ਼ਲੇਸ਼ਣ ਕੀਤਾ। ਇਸ ਦੌਰਾਨ ਖੋਜਕਾਰਾਂ ਨੇ ਦੇਖਿਆ ਕਿ ਇਕ ਤੋਂ ਜ਼ਿਆਦਾ ਸਾਈਟਾਂ 'ਤੇ 44 ਫੀਸਦੀ ਨਸਲਾਂ ਪਹਿਲਾਂ ਤੋਂ ਹੀ ਅਲੋਪ ਹੋਣ ਕੰਢੇ ਹਨ।

ਗਲੋਬਲ ਵਾਰਮਿੰਗ ਕਾਰਣ ਵੱਧ ਰਿਹਾ ਤਾਪਮਾਨ ਵੀ ਬੂਟਿਆਂ ਅਤੇ ਜੰਤੂਆਂ ਦੇ ਅਲੋਪ ਹੋਣ ਲਈ ਜ਼ਿੰਮੇਵਾਰ ਹੈ। ਖੋਜਕਾਰਾਂ ਨੇ ਦੱਸਿਆ ਕਿ ਜੇ ਵਧੇਰੇ ਤਾਪਮਾਨ ਵਿਚ 0.5 ਡਿਗਰੀ ਸੈਲਸੀਅਸ ਦਾ ਵਾਧਾ ਹੋ ਜਾਵੇ ਤਾਂ 50 ਫੀਸਦੀ ਨਸਲਾਂ ਦੇ ਅਲੋਪ ਹੋਣ ਦੀ ਸੰਭਾਵਨਾ ਹੈ। ਉਥੇ ਹੀ ਜੇ ਵੱਧ ਤਾਪਮਾਨ ਵਿਚ 2.9 ਡਿਗਰੀ ਸੈਲਸੀਅਸ ਦਾ ਵਾਧਾ ਹੋ ਜਾਵੇ ਤਾਂ 95 ਫੀਸਦੀ ਨਸਲਾਂ ਅਲੋਪ ਹੋਣ ਕੰਢੇ ਆ ਜਾਣਗੀਆਂ।

ਹਾਲੇ ਕੁਝ ਦਿਨ ਪਹਿਲਾਂ ਹੀ ਕੌਮਾਂਤਰੀ ਖੋਜ ਸੰਗਠਨ ਫਿਊਚਰ ਅਰਥ ਲਈ ਕੀਤੀ ਗਈ ਖੋਜ ਵਿਚ ਦੇਖਿਆ ਗਿਆ ਸੀ ਕਿ 21ਵੀਂ ਸਦੀ ਵਿਚ ਜਲਵਾਯੂ ਬਦਲਾਅ, ਜੈਵ ਭਿੰਨਤਾ ਦਾ ਖਤਮ ਹੋਣਾ, ਤਾਜ਼ੇ ਪਾਣੀ ਅਤੇ ਭੋਜਨ ਦੇ ਘਟਦੇ ਸ੍ਰੋਤ ਅਤੇ ਤੂਫਾਨ ਤੋਂ ਗਰਮ ਹਵਾ ਚੱਲਣ ਤੱਕ ਦੇ ਮੌਸਮ ਦੀਆਂ ਘਟਨਾਵਾਂ ਮਨੁੱਖਤਾ ਲਈ ਵੱਡੀ ਚੁਣੌਤੀ ਹੋਣਗੀਆਂ। ਵਿਗਿਆਨੀਆਂ ਨੇ ਸੰਸਾਰਿਕ ਪੱਧਰ 'ਤੇ 30 ਜੋਖਮਾਂ ਵਿਚੋਂ ਇਹਨਾਂ ਪੰਜ ਦੀ ਸੰਭਾਵਨਾ ਤੇ ਪ੍ਰਭਾਵ ਨੂੰ ਸਭ ਤੋਂ ਉਪਰ ਰੱਖਿਆ ਸੀ। ਵਿਗਿਆਨੀਆਂ ਦਾ ਕਹਿਣਾ ਹੈ ਕਿ ਸੋਕਾ ਤੇ ਗਰਮ ਹਾਲਾਤ ਆਸਟਰੇਲੀਆ ਵਿਚ ਜੰਗਲ ਦੀ ਅੱਗ ਦਾ ਕਾਰਨ ਬਣੇ ਅਤੇ ਇਸ ਵਿਚ ਲਗਭਗ ਇਕ ਅਰਬ ਜੀਵਾਂ ਦੇ ਮਾਰੇ ਜਾਣ ਦਾ ਅਨੁਮਾਨ ਹੈ।


Baljit Singh

Content Editor

Related News