ਡਿਪਲੋਮੈਟਾਂ ਦੇ ਬੱਚਿਆਂ ਨੂੰ ਅਮਰੀਕੀ ਨਾਗਰਿਕਤਾ ਦੇਣ ''ਤੇ ਭੜਕਿਆ ਰੂਸ
Monday, May 04, 2026 - 04:52 PM (IST)
ਮਾਸਕੋ (ਆਈਏਐਨਐਸ): ਰੂਸ ਨੇ ਅਮਰੀਕਾ ਦੇ ਸਟੇਟ ਡਿਪਾਰਟਮੈਂਟ (ਵਿਦੇਸ਼ ਵਿਭਾਗ) 'ਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਹੈ ਕਿ ਉਹ ਅਮਰੀਕਾ ਵਿੱਚ ਪੈਦਾ ਹੋਏ ਰੂਸੀ ਡਿਪਲੋਮੈਟਾਂ ਦੇ ਬੱਚਿਆਂ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕੀ ਨਾਗਰਿਕਤਾ ਦੇ ਰਿਹਾ ਹੈ। ਰੂਸ ਅਨੁਸਾਰ ਇਹ ਕਦਮ ਅੰਤਰਰਾਸ਼ਟਰੀ ਨਿਯਮਾਂ ਅਤੇ ਦੁਵੱਲੇ ਡਿਪਲੋਮੈਟਿਕ ਅਭਿਆਸਾਂ ਦੀ ਸਿੱਧੀ ਉਲੰਘਣਾ ਹੈ।
ਰੂਸੀ ਵਿਦੇਸ਼ ਮੰਤਰਾਲੇ ਦੀ ਬੁਲਾਰਨ ਮਾਰੀਆ ਜ਼ਖਾਰੋਵਾ ਨੇ ਰੂਸੀ ਵਪਾਰਕ ਅਖ਼ਬਾਰ 'ਵੇਦੋਮੋਸਤੀ' ਵਿੱਚ ਲਿਖਿਆ ਹੈ ਕਿ ਅਮਰੀਕੀ ਅਧਿਕਾਰੀ "ਜਨਮ ਸਿੱਧ ਨਾਗਰਿਕਤਾ" ਦੇ ਨਾਂ 'ਤੇ ਇਹਨਾਂ ਬੱਚਿਆਂ ਨੂੰ ਜ਼ਬਰਦਸਤੀ ਅਮਰੀਕੀ ਨਾਗਰਿਕ ਵਜੋਂ ਰਜਿਸਟਰ ਕਰ ਰਹੇ ਹਨ। ਉਹਨਾਂ ਕਿਹਾ ਕਿ ਇਹ ਨਾਗਰਿਕਤਾ ਮਾਪਿਆਂ ਦੀ ਇੱਛਾ ਦੇ ਵਿਰੁੱਧ ਦਿੱਤੀ ਜਾ ਰਹੀ ਹੈ, ਜੋ ਕਿ ਕੌਮਾਂਤਰੀ ਕਾਨੂੰਨ ਅਤੇ ਖੁਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਨੀਤੀਆਂ ਦੇ ਉਲਟ ਹੈ।
ਪੜ੍ਹੋ ਇਹ ਅਹਿਮ ਖ਼ਬਰ- ਹੋਰਮੁਜ਼ 'ਚ ਫਸੇ ਜਹਾਜ਼ਾਂ ਲਈ 'ਪ੍ਰਾਜੈਕਟ ਫ੍ਰੀਡਮ' ਦਾ ਐਲਾਨ! ਟਰੰਪ ਨੇ ਦਿਖਾਈ ਦਰਿਆਦਿਲੀ
ਜ਼ਖਾਰੋਵਾ ਨੇ ਇਸ ਕਾਰਵਾਈ ਨੂੰ ਅਮਰੀਕਾ ਦੀ "ਡੀਪ ਸਟੇਟ" ਦੀ ਇੱਕ ਨਵੀਂ ਚਾਲ ਕਰਾਰ ਦਿੱਤਾ ਹੈ। ਉਹਨਾਂ ਦਾ ਮੰਨਣਾ ਹੈ ਕਿ ਅਮਰੀਕਾ ਇਸ ਨਾਗਰਿਕਤਾ ਨੂੰ ਰੂਸੀ ਡਿਪਲੋਮੈਟਾਂ 'ਤੇ ਦਬਾਅ ਬਣਾਉਣ ਲਈ ਇੱਕ ਹਥਿਆਰ ਵਜੋਂ ਵਰਤ ਰਿਹਾ ਹੈ। ਉਹਨਾਂ ਇਹ ਵੀ ਕਿਹਾ ਕਿ ਅਮਰੀਕੀ ਕਾਨੂੰਨ ਸਪੱਸ਼ਟ ਤੌਰ 'ਤੇ ਡਿਪਲੋਮੈਟਾਂ ਦੇ ਬੱਚਿਆਂ ਨੂੰ ਜਨਮ ਦੇ ਆਧਾਰ 'ਤੇ ਨਾਗਰਿਕਤਾ ਲੈਣ ਦੇ ਅਧਿਕਾਰ ਤੋਂ ਬਾਹਰ ਰੱਖਦਾ ਹੈ।
ਰੂਸੀ ਸਰਕਾਰ ਨੇ ਸਾਫ਼ ਕਰ ਦਿੱਤਾ ਹੈ ਕਿ ਉਹ ਆਪਣੇ ਡਿਪਲੋਮੈਟਿਕ, ਪ੍ਰਸ਼ਾਸਨਿਕ ਅਤੇ ਤਕਨੀਕੀ ਸਟਾਫ ਦੇ ਪਰਿਵਾਰਾਂ 'ਤੇ ਥੋਪੀ ਗਈ ਇਸ ਅਮਰੀਕੀ ਨਾਗਰਿਕਤਾ ਨੂੰ ਮਾਨਤਾ ਨਹੀਂ ਦੇਵੇਗਾ। ਮਾਸਕੋ ਹੁਣ ਅਮਰੀਕਾ ਤੋਂ ਅਧਿਕਾਰਤ ਤੌਰ 'ਤੇ ਇਹ ਪੁਸ਼ਟੀ ਕਰਨ ਦੀ ਮੰਗ ਕਰੇਗਾ ਕਿ ਇਹ ਨਵਜੰਮੇ ਬੱਚੇ ਅਮਰੀਕੀ ਅਧਿਕਾਰ ਖੇਤਰ ਦੇ ਅਧੀਨ ਨਹੀਂ ਆਉਂਦੇ। ਅਮਰੀਕਾ ਵੱਲੋਂ ਅਜੇ ਤੱਕ ਇਸ ਮਾਮਲੇ 'ਤੇ ਕੋਈ ਅਧਿਕਾਰਤ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
