ਲਿਬਨਾਨ ’ਤੇ ਇਜ਼ਰਾਈਲ ਨੂੰ ਬਣਨਾ ਚਾਹੀਦਾ ਹੈ ਵਧੇਰੇ ਜ਼ਿੰਮੇਵਾਰ: ਟਰੰਪ

Tuesday, Jun 16, 2026 - 11:38 PM (IST)

ਲਿਬਨਾਨ ’ਤੇ ਇਜ਼ਰਾਈਲ ਨੂੰ ਬਣਨਾ ਚਾਹੀਦਾ ਹੈ ਵਧੇਰੇ ਜ਼ਿੰਮੇਵਾਰ: ਟਰੰਪ

ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਕਿਹਾ ਕਿ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੂੰ ਲਿਬਨਾਨ ਦੇ ਮਾਮਲੇ ’ਚ ‘ਵਧੇਰੇ ਜ਼ਿੰਮੇਵਾਰ’ ਹੋਣਾ ਚਾਹੀਦਾ ਹੈ ਅਤੇ ਸੁਝਾਅ ਦਿੱਤਾ ਕਿ ਹਿਜ਼ਬੁੱਲਾ ਦੇ ਮੁੱਦੇ ਨੂੰ ਸੀਰੀਆ ਬਿਹਤਰ ਢੰਗ ਨਾਲ ਸੰਭਾਲ ਸਕਦਾ ਹੈ। ਟਰੰਪ ਨੇ ਲਿਬਨਾਨ ’ਤੇ ਇਜ਼ਰਾਈਲੀ ਹਮਲਿਆਂ, ਖ਼ਾਸ ਕਰ ਕੇ ਬੈਰੂਤ ’ਤੇ ਹਾਲੀਆ ਹਮਲਿਆਂ ਨੂੰ ਲੈ ਕੇ ਨਾਰਾਜ਼ਗੀ ਜ਼ਾਹਰ ਕੀਤੀ। ਟਰੰਪ ਨੇ ਕਿਹਾ ਕਿ ਇਜ਼ਰਾਈਲ ਬਹੁਤ ਲੰਬੇ ਸਮੇਂ ਤੋਂ ਹਿਜ਼ਬੁੱਲਾ ਨਾਲ ਲੜ ਰਿਹਾ ਹੈ ਅਤੇ ਬਹੁਤ ਸਾਰੇ ਲੋਕ ਮਾਰੇ ਜਾ ਰਹੇ ਹਨ। ਜਦੋਂ ਤੁਸੀਂ ਕਿਸੇ ਨੂੰ ਲੱਭ ਰਹੇ ਹੋਵੋ ਤਾਂ ਹਰ ਵਾਰ ਤੁਹਾਨੂੰ ਅਪਾਰਟਮੈਂਟ ਦੀ ਇਮਾਰਤ ਡੇਗਣ ਦੀ ਲੋੜ ਨਹੀਂ ਹੈ, ਕਿਉਂਕਿ ਉਨ੍ਹਾਂ ਅਪਾਰਟਮੈਂਟ ਦੀਆਂ ਇਮਾਰਤਾਂ ’ਚ ਬਹੁਤ ਸਾਰੇ ਲੋਕ ਰਹਿੰਦੇ ਹਨ ਅਤੇ ਉਹ ਸਾਰੇ ਹਿਜ਼ਬੁੱਲਾ ਦੇ ਮੈਂਬਰ ਨਹੀਂ ਹੁੰਦੇ। ਇਹ ਮੈਂ ਤੁਹਾਨੂੰ ਦੱਸ ਸਕਦਾ ਹਾਂ।

ਉਨ੍ਹਾਂ ਨੇ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੂੰ ਲਿਬਨਾਨ ਮੁੱਦੇ ’ਤੇ ਵਧੇਰੇ ਜ਼ਿੰਮੇਵਾਰੀ ਵਿਖਾਉਣ ਦੀ ਸਲਾਹ ਦਿੱਤੀ ਹੈ। ਟਰੰਪ ਨੇ ਕਿਹਾ, “ਮੈਂ ਨਾ ਹੁੰਦਾ, ਤਾਂ ਇਜ਼ਰਾਈਲ ਨਾ ਹੁੰਦਾ। ਕਿਸੇ ਦੂਸਰੇ ਅਮਰੀਕੀ ਰਾਸ਼ਟਰਪਤੀ ਨੇ ਇਜ਼ਰਾਈਲ ਲਈ ਓਨਾ ਨਹੀਂ ਕੀਤਾ, ਜਿੰਨਾ ਮੈਂ ਕੀਤਾ ਹੈ।”

ਇਸ ਦੌਰਾਨ ਟਰੰਪ ਨੇ ਈਰਾਨ ਨੂੰ 28 ਲੱਖ ਕਰੋੜ ਰੁਪਏ ਦੇਣ ਦੀ ਗੱਲ ਨੂੰ ਫਰਜ਼ੀ ਦੱਸਿਆ ਹੈ। ਉਨ੍ਹਾਂ ਨੇ ਮੰਗਲਵਾਰ ਨੂੰ ‘ਟਰੁੱਥ ਸੋਸ਼ਲ’ ’ਤੇ ਲਿਖਿਆ ਕਿ ਇਹ ਵਿਰੋਧੀ ਪਾਰਟੀ ਡੈਮੋਕ੍ਰੇਟਸ ਵੱਲੋਂ ਫੈਲਾਈ ਗਈ ਝੂਠੀ ਖ਼ਬਰ ਹੈ। ਉਨ੍ਹਾਂ ਨੇ ਕਿਹਾ ਕਿ ਉਪ-ਰਾਸ਼ਟਰਪਤੀ ਜੇ. ਡੀ. ਵੈਂਸ ਸ਼ੁੱਕਰਵਾਰ ਨੂੰ ਸਵਿਟਜ਼ਰਲੈਂਡ ’ਚ ਈਰਾਨ ਨਾਲ ਹੋਣ ਵਾਲੇ ਸ਼ਾਂਤੀ ਸਮਝੌਤੇ ’ਤੇ ਦਸਤਖਤ ਪ੍ਰੋਗਰਾਮ ’ਚ ਅਮਰੀਕੀ ਵਫ਼ਦ ਦੀ ਅਗਵਾਈ ਕਰਨਗੇ।


author

Inder Prajapati

Content Editor

Related News