ਹਾਂਗਕਾਂਗ ’ਚ ‘ਸਿਟੀਜ਼ਨ ਨਿਊਜ਼’ ਨੇ ਆਪਣੀਆਂ ਸੇਵਾਵਾਂ ਬੰਦ ਕਰਨ ਦਾ ਕੀਤਾ ਐਲਾਨ
Tuesday, Jan 04, 2022 - 04:50 PM (IST)
ਹਾਂਗਕਾਂਗ- ਹਾਂਗਕਾਂਗ ਦੀ ਇਕ ਨਿਊਜ਼ ਵੈੱਬਸਾਈਟ ‘ਸਿਟੀਜ਼ਨ ਨਿਊਜ਼’ ਨੇ ਐਤਵਾਰ ਨੂੰ ਕਿਹਾ ਕਿ ਉਹ ਆਪਣੀਆਂ ਸੇਵਾਵਾਂ ਬੰਦ ਕਰ ਰਹੀ ਹੈ। ਲੋਕਤੰਤਰ ਸਮਰਥਕ ਇਕ ਹੋਰ ਵੈੱਬਸਾਈਟ ਦੇ ਦਫ਼ਤਰ ’ਤੇ ਪੁਲਸ ਦੇ ਛਾਪੇਮਾਰੀ ਕਰਨ ਅਤੇ ਰਾਜਧ੍ਰੋਹ ਦੇ ਦੋਸ਼ ’ਚ 7 ਲੋਕਾਂ ਨੂੰ ਗ੍ਰਿਫ਼ਤਾਰ ਕਰਨ ਦੇ ਕੁਝ ਦਿਨਾਂ ਬਾਅਦ, ਪ੍ਰੈੱਸ ਆਜ਼ਾਦੀ ’ਤੇ ਉਠਦੇ ਸਵਾਲਾਂ ਦਰਮਿਆਨ ਵੈੱਬਸਾਈਟ ਨੇ ਇਹ ਐਲਾਨ ਕੀਤਾ ਹੈ। ‘ਸਿਟੀਜ਼ਨ ਨਿਊਜ਼’ ਨੇ ਐਤਵਾਰ ਨੂੰ ਫੇਸਬੁੱਕ ’ਤੇ ਇਕ ਪੋਸਟ ’ਚ ਇਹ ਜਾਣਕਾਰੀ ਦਿੱਤੀ। ਉਸ ਨੇ ਕਿਹਾ ਕਿ ਉਹ ਚਾਰ ਜਨਵਰੀ ਨੂੰ ਆਪਣੀ ਵੈੱਬਸਾਈਟ ’ਤੇ ਜਾਣਕਾਰੀ ਸਾਂਝੀ ਨਹੀਂ ਕਰੇਗੀ ਅਤੇ ਇਸ ਤੋਂ ਬਾਅਦ ਉਹ ਬੰਦ ਕਰ ਦਿੱਤੀ ਜਾਵੇਗੀ। ‘ਸਿਟੀਜ਼ਨ ਨਿਊਜ਼’ ਨੇ ਇਕ ਬਿਆਨ ’ਚ ਕਿਹਾ,‘‘ਸਾਨੂੰ ਇਹ ਜਗ੍ਹਾ ਬੇਹੱਦ ਪਸੰਦ ਹੈ। ਅਫ਼ਸੋਸ ਦੀ ਗੱਲ ਹੈ ਕਿ ਸਾਡੇ ਸਾਹਮਣੇ ਸਿਰਫ਼ ਮੀਂਹ ਅਤੇ ਤੇਜ਼ ਹਵਾਵਾਂ ਵਰਗੀਆਂ ਨਹੀਂ ਸਗੋਂ ਤੂਫ਼ਾਨ ਅਤੇ ਸੁਨਾਮੀ ਵਰਗੀਆਂ ਚੁਣੌਤੀਆਂ ਹਨ। ਅਸੀਂ ਆਪਣੇ ਮੂਲ ਸਿਧਾਂਤਾਂ ਨੂੰ ਕਦੇ ਨਹੀਂ ਭੁੱਲੇ ਹਾਂ।’’
ਇਹ ਵੀ ਪੜ੍ਹੋ : ਦਿੱਲੀ ’ਚ 15 ਜਨਵਰੀ ਤੱਕ ਰੋਜ਼ ਆ ਸਕਦੇ ਹਨ 20-25 ਹਜ਼ਾਰ ਕੋਰੋਨਾ ਮਾਮਲੇ : ਸਰਕਾਰੀ ਸੂਤਰ
ਦੁਖ਼ਦ ਹੈ ਕਿ ਪਿਛਲੇ 2 ਸਾਲਾਂ ’ਚ ਸਮਾਜ ’ਚ ਹੋਈਆਂ ਵੱਡੀਆਂ ਤਬਦੀਲੀਆਂ ਅਤੇ ਮੀਡੀਆ ਲਈ ਵਿਗੜਦੇ ਮਾਹੌਲ ਕਾਰਨ ਅਸੀਂ ਹੁਣ ਬਿਨਾਂ ਕਿਸੇ ਡਰ ਦੇ ਆਪਣੇ ਮਾਰਗ ’ਤੇ ਨਹੀਂ ਚੱਲ ਸਕਦੇ। ‘ਐਪਲ ਡੇਲੀ’ ਅਤੇ ‘ਸਟੈਂਡ ਨਿਊਜ਼’ ਤੋਂ ਬਾਅਦ ਹਾਲੀਆ ਮਹੀਨਿਆਂ ’ਚ ਸੇਵਾਵਾਂ ਬੰਦ ਕਰਨ ਦਾ ਐਲਾਨ ਕਰਨ ਵਾਲੀ ‘ਸਿਟੀਜ਼ਨ ਨਿਊਜ਼’ ਤੀਜੀ ਵੈੱਬਸਾਈਟ ਹੈ। 2019 ’ਚ ਵੱਡੇ ਪੈਮਾਨੇ ’ਤੇ ਲੋਕਤੰਤਰ ਸਮਰਥਕ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਚੀਨ ਨੇ ਹਾਂਗਕਾਂਗ ’ਚ ਰਾਸ਼ਟਰੀ ਸੁਰੱਖਿਆ ਕਾਨੂੰਨ ਲਾਗੂ ਕੀਤਾ ਸੀ, ਜਿਸ ਦੇ ਬਾਅਦ ਤੋਂ ਹੀ ਮੀਡੀਆ ਘਰਾਨਿਆਂ ਅਤੇ ਪੱਤਰਕਾਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ