ਪਾਕਿਸਤਾਨ ਵਿਚ ਗਿਰਜਾਘਰ ’ਚ ਭੰਨਤੋੜ; ਬਾਈਬਲ ਦੀ ਕੀਤੀ ਬੇਅਦਬੀ, ਸ਼ੱਕੀ ਗ੍ਰਿਫ਼ਤਾਰ
Wednesday, Jan 07, 2026 - 12:03 AM (IST)
ਲਾਹੌਰ, (ਭਾਸ਼ਾ)- ਪਾਕਿਸਤਾਨ ਦੇ ਪੰਜਾਬ ਸੂਬੇ ’ਚ ਕੁਝ ਲੋਕਾਂ ਨੇ ਇਕ ਗਿਰਜਾਘਰ ’ਤੇ ਹਮਲਾ ਕਰ ਕੇ ਕਥਿਤ ਤੌਰ ’ਤੇ ਭੰਨਤੋੜ ਕੀਤੀ ਅਤੇ ਬਾਈਬਲ ਦੀ ਬੇਅਦਬੀ ਵੀ ਕੀਤੀ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।
ਪੁਲਸ ਅਨੁਸਾਰ ਹਮਲਾ ਸੋਮਵਾਰ ਸਵੇਰੇ ਲਾਹੌਰ ਤੋਂ ਲੱਗਭਗ 50 ਕਿਲੋਮੀਟਰ ਦੂਰ ਕਸੂਰ ਜ਼ਿਲੇ ਦੇ ਕੋਟ ਰਾਧਾ ਕਿਸ਼ਨ ਵਿਚ ਸਥਿਤ ‘ਫੇਰੇਜ ਡਿਨ ਮੈਮੋਰੀਅਲ ਗਿਰਜਾਘਰ’ ’ਤੇ ਹੋਇਆ। ਹਾਲਾਂਕਿ ਪੁਲਸ ਦਾ ਕਹਿਣਾ ਹੈ ਕਿ ਮੁੱਖ ਸ਼ੱਕੀ ਅੱਲ੍ਹਾ ਰੱਖਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਸ ਦੇ ਖ਼ਿਲਾਫ਼ ਈਸ਼ਨਿੰਦਾ ਅਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਐੱਫ. ਆਈ. ਆਰ. ਅਨੁਸਾਰ ਕੁਝ ਅਣਪਛਾਤੇ ਲੋਕਾਂ ਨੇ ਸੋਮਵਾਰ ਸਵੇਰੇ ਗਿਰਜਾਘਰ ਵਿਚ ਦਾਖਲ ਹੋ ਕੇ ਭੰਨਤੋੜ ਕੀਤੀ ਅਤੇ ਬਾਈਬਲ ਦੀ ਬੇਅਦਬੀ ਵੀ ਕੀਤੀ। ਗਿਰਜਾਘਰ ਦਾ ਇੰਚਾਰਜ ਤਾਰਿਕ ਮਸੀਹ ਜਦੋਂ ਗਿਰਜਾਘਰ ਖੋਲ੍ਹਣ ਗਿਆ ਤਾਂ ਉਸ ਨੇ ਦੇਖਿਆ ਕਿ ਮੁੱਖ ਦਰਵਾਜ਼ੇ ਦੀ ਚਾਬੀ ਟੁੱਟੀ ਹੋਈ ਸੀ, ਗਿਰਜਾਘਰ ਵਿਚ ਭੰਨਤੋੜ ਕੀਤੀ ਗਈ ਸੀ ਅਤੇ ਬਾਈਬਲ ਦੇ ਪੰਨੇ ਵੀ ਪਾੜੇ ਹੋਏ ਸਨ। ਉਸ ਨੇ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਨੇ ਮੁੱਖ ਸ਼ੱਕੀ ਅੱਲ੍ਹਾ ਰੱਖਾ ਨੂੰ ਗ੍ਰਿਫ਼ਤਾਰ ਕਰ ਲਿਆ, ਜਿਸ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ।
ਪੁਲਸ ਅਧਿਕਾਰੀ ਮੁਹੰਮਦ ਈਸਾ ਨੇ ਦੱਸਿਆ ਕਿ ਅੱਲ੍ਹਾ ਰੱਖਾ ਦਾ ਮਸੀਹੀ ਭਾਈਚਾਰੇ ਦੇ ਕੁਝ ਮੈਂਬਰਾਂ ਨਾਲ ਕਿਸੇ ਮੁੱਦੇ ’ਤੇ ਵਿਵਾਦ ਸੀ। ਆਪਣੀ ਨਾਰਾਜ਼ਗੀ ਜ਼ਾਹਿਰ ਕਰਨ ਲਈ ਉਹ ਕੁਝ ਲੋਕਾਂ ਨੂੰ ਨਾਲ ਲੈ ਕੇ ਗਿਰਜਾਘਰ ਵਿਚ ਵੜ ਗਿਆ ਅਤੇ ਭੰਨਤੋੜ ਕੀਤੀ। ਉਸ ਨੇ ਕੁਝ ਮਸੀਹੀ ਧਾਰਮਿਕ ਚਿੰਨ੍ਹਾਂ ਅਤੇ ਗਿਰਜਾਘਰ ਦੀ ਜਾਇਦਾਦ ਨੂੰ ਵੀ ਨੁਕਸਾਨ ਪਹੁੰਚਾਇਆ ਅਤੇ ਬਾਈਬਲ ਦੀ ਬੇਅਦਬੀ ਵੀ ਕੀਤੀ।
