ਨਹੀਂ ਬਣੇਗਾ ਭਗਤ ਸਿੰਘ ਦੇ ਨਾਂ ਦਾ ਚੌਂਕ, ਪਾਕਿ ਸਰਕਾਰ ਨੇ ਕਿਹਾ- 'ਉਹ ਆਜ਼ਾਦੀ ਘੁਲਾਟੀਆ ਨਹੀਂ, ਅੱਤ.ਵਾਦੀ ਸੀ...'

Monday, Nov 11, 2024 - 05:43 AM (IST)

ਲਾਹੌਰ (ਇੰਟ.) : ਲਾਹੌਰ ਦੇ ਸ਼ਾਦਮਾਨ ਚੌਕ ਦਾ ਨਾਂ ਸ਼ਹੀਦ ਭਗਤ ਸਿੰਘ ਦੇ ਨਾਂ ’ਤੇ ਰੱਖਣ ਅਤੇ ਉਥੇ ਉਨ੍ਹਾਂ ਦਾ ਬੁੱਤ ਲਾਉਣ ਦੀ ਯੋਜਨਾ ਨੂੰ ਇਕ ਸੇਵਾਮੁਕਤ ਫ਼ੌਜੀ ਅਧਿਕਾਰੀ ਵੱਲੋਂ ਕੀਤੀ ਟਿੱਪਣੀ ਮਗਰੋਂ ਰੱਦ ਕਰ ਦਿੱਤਾ ਗਿਆ ਹੈ। ਲਹਿੰਦੇ ਪੰਜਾਬ ਦੀ ਸਰਕਾਰ ਨੇ ਹਾਈ ਕੋਰਟ ਨੂੰ ਆਪਣੇ ਜਵਾਬ ’ਚ ਕਿਹਾ ਕਿ ਅੱਜ ਦੀ ਪਰਿਭਾਸ਼ਾ ’ਚ ਭਗਤ ਸਿੰਘ ਆਜ਼ਾਦੀ ਘੁਲਾਟੀਏ ਨਹੀਂ, ਸਗੋਂ ਇਕ ਅੱਤਵਾਦੀ ਸਨ।

ਲਾਹੌਰ ਹਾਈ ਕੋਰਟ ’ਚ ਸਹਾਇਕ ਐਡਵੋਕੇਟ ਜਨਰਲ ਅਸਗਰ ਲੇਘਾਰੀ ਨੇ ਇਕ ਲਿਖਤੀ ਜਵਾਬ ’ਚ ਆਜ਼ਾਦੀ ਘੁਲਾਟੀਏ ’ਤੇ ਗੰਭੀਰ ਦੋਸ਼ ਲਾਏ ਸਨ। ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਪਾਕਿਸਤਾਨ ਦੇ ਪ੍ਰਧਾਨ ਇਮਤਿਆਜ਼ ਰਸ਼ੀਦ ਕੁਰੈਸ਼ੀ ਵੱਲੋਂ ਐੱਲ.ਐੱਚ.ਸੀ. ’ਚ ਦਾਇਰ ਕੀਤੀ ਮਾਣਹਾਨੀ ਪਟੀਸ਼ਨ ’ਤੇ ਲਾਹੌਰ ਮੈਟਰੋਪੋਲੀਟਨ ਕਾਰਪੋਰੇਸ਼ਨ ਨੇ ਜਵਾਬ ’ਚ ਕਿਹਾ ਕਿ ਲਾਹੌਰ ਦੇ ਸ਼ਾਦਮਾਨ ਚੌਕ ਦਾ ਨਾਂ ਭਗਤ ਸਿੰਘ ਦੇ ਨਾਂ ’ਤੇ ਰੱਖਣ ਅਤੇ ਉਥੇ ਉਨ੍ਹਾਂ ਦਾ ਬੁੱਤ ਲਗਾਉਣ ਦੀ ਪ੍ਰਸਤਾਵਿਤ ਯੋਜਨਾ ਨੂੰ ਕਮੋਡੋਰ (ਸੇਵਾਮੁਕਤ) ਤਾਰਿਕ ਮਜੀਦ ਵੱਲੋਂ ਪੇਸ਼ ਕੀਤੀ ਗਈ ਟਿੱਪਣੀ ਦੇ ਮੱਦੇਨਜ਼ਰ ਰੱਦ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ- ਰੰਗ 'ਚ ਪੈ ਗਿਆ ਭੰਗ ; ਵਿਆਹ 'ਚ ਵਿਦਾਈ ਸਮੇਂ ਹੋ ਗਏ ਫਾ.ਇਰ, ਲਾੜੀ ਦੇ ਮੱਥੇ 'ਚ ਜਾ ਵੱਜੀ ਗੋ.ਲ਼ੀ

ਇਸ ’ਚ ਕਿਹਾ ਗਿਆ ਹੈ ਕਿ ਭਗਤ ਸਿੰਘ ਨੇ ਇਕ ਬ੍ਰਿਟਿਸ਼ ਪੁਲਸ ਅਧਿਕਾਰੀ ਦਾ ਕਤਲ ਕੀਤਾ ਸੀ ਅਤੇ ਇਸ ਅਪਰਾਧ ਲਈ ਉਸ ਨੂੰ ਦੋ ਸਾਥੀਆਂ ਸਮੇਤ ਫਾਂਸੀ ਦਿੱਤੀ ਗਈ ਸੀ। ਰਿਪੋਰਟ ਵਿਚ ਅੱਗੇ ਕਿਹਾ ਗਿਆ ਹੈ ਕਿ ਭਗਤ ਸਿੰਘ ਮੁਸਲਮਾਨਾਂ ਪ੍ਰਤੀ ਦੁਸ਼ਮਣੀ ਰੱਖਣ ਵਾਲੇ ਧਾਰਮਿਕ ਆਗੂਆਂ ਤੋਂ ਪ੍ਰਭਾਵਿਤ ਸੀ ਅਤੇ ਐੱਨ.ਜੀ.ਓ. ਭਗਤ ਸਿੰਘ ਫਾਊਂਡੇਸ਼ਨ ਇਸਲਾਮਿਕ ਵਿਚਾਰਧਾਰਾ ਅਤੇ ਪਾਕਿਸਤਾਨੀ ਸੱਭਿਆਚਾਰ ਵਿਰੁੱਧ ਕੰਮ ਕਰ ਰਿਹਾ ਹੈ ਅਤੇ ਇਸ ’ਤੇ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ। ਕੀ ਖੁਦ ਨੂੰ ਮੁਸਲਮਾਨ ਕਹਾਉਣ ਵਾਲੇ ਫਾਊਂਡੇਸ਼ਨ ਦੇ ਅਧਿਕਾਰੀ ਹਨ ? ਕੀ ਉਹ ਨਹੀਂ ਜਾਣਦੇ ਕਿ ਪਾਕਿਸਤਾਨ ਵਿਚ ਕਿਸੇ ਜਗ੍ਹਾ ਦਾ ਨਾਂ ਨਾਸਤਿਕ ਦੇ ਨਾਂ ’ਤੇ ਰੱਖਣਾ ਮਨਜ਼ੂਰ ਨਹੀਂ ਹੈ ਅਤੇ ਇਸਲਾਮ ਮਨੁੱਖੀ ਮੂਰਤੀਆਂ ’ਤੇ ਪਾਬੰਦੀ ਲਗਾਉਂਦਾ ਹੈ ?

ਸੇਵਾਮੁਕਤ ਫੌਜੀ ਅਧਿਕਾਰੀ ਨੂੰ ਨੋਟਿਸ ਭੇਜਣਗੇ ਕੁਰੈਸ਼ੀ
ਰਿਪੋਰਟ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਕੁਰੈਸ਼ੀ ਨੇ ਕਿਹਾ ਕਿ ਭਗਤ ਸਿੰਘ ਨੂੰ ਬਿਨਾਂ ਸ਼ੱਕ ਮਹਾਨ ਕ੍ਰਾਂਤੀਕਾਰੀ, ਆਜ਼ਾਦੀ ਘੁਲਾਟੀਏ ਅਤੇ ਸ਼ਹੀਦ ਐਲਾਨਿਆ ਗਿਆ ਸੀ। ਉਨ੍ਹਾਂ ਕਿਹਾ ਕਿ ਮੈਂ ਭਗਤ ਸਿੰਘ ਫਾਊਂਡੇਸ਼ਨ ’ਤੇ ਗੰਭੀਰ ਦੋਸ਼ ਲਗਾਉਣ ਲਈ ਸੇਵਾਮੁਕਤ ਕਮੋਡੋਰ ਮਜੀਦ ਨੂੰ ਕਾਨੂੰਨੀ ਨੋਟਿਸ ਭੇਜਾਂਗਾ ਅਤੇ ਭਗਤ ਸਿੰਘ ’ਤੇ ਉਨ੍ਹਾਂ ਦੇ ਸਟੈਂਡ ਦਾ ਵਿਰੋਧ ਕਰਾਂਗਾ। ਪਟੀਸ਼ਨ ਦੀ ਸੁਣਵਾਈ 17 ਜਨਵਰੀ 2025 ਤੱਕ ਮੁਲਤਵੀ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ- ਨਵਜੰਮੀ ਧੀ ਨੂੰ ਦੇਖਣ ਜਾ ਰਹੇ ਨੌਜਵਾਨ ਨੂੰ 'ਕਾਲ' ਬਣ ਟੱਕਰੀ 'ਰੂਬੀਕਾਨ', ਰਸਤੇ 'ਚ ਹੀ ਗੁਆਈ ਜਾਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


Harpreet SIngh

Content Editor

Related News