ਕੋਰੋਨਾ ਵੈਕਸੀਨ ਬਣਾਉਣ ਲਈ ਜਾਨਵਰਾਂ ਤੋਂ ਲਿਆ ਜਾ ਰਿਹੈ ਵਾਇਰਸ, ਬਾਂਦਰਾਂ ''ਤੇ ਹੋ ਰਿਹੈ ਟ੍ਰਾਇਲ

Tuesday, Apr 28, 2020 - 03:24 PM (IST)

ਵੁਹਾਨ/ਲੰਡਨ- ਚੀਨ ਦੇ ਵੁਹਾਨ ਸਥਿਤ ਜਾਨਵਰਾਂ ਦੀ ਮਾਰਕੀਟ ਤੋਂ ਨਿਕਲਿਆ ਕਿਲਰ ਵਾਇਰਸ 5 ਮਹੀਨੇ ਵਿਚ 2 ਲੱਖ ਤੋਂ ਵਧੇਰੇ ਲੋਕਾਂ ਦੀ ਜਾਨ ਲੈ ਚੁੱਕਿਆ ਹੈ ਤੇ 30 ਲੱਖ ਤੋਂ ਵਧੇਰੇ ਲੋਕ ਇਸ ਵਾਇਰਸ ਨਾਲ ਇਨਫੈਕਟਡ ਹੋਏ ਹਨ। ਵਿਵਾਦਾਂ ਦੇ ਵਿਚਾਲੇ ਅਮਰੀਕਾ ਤੇ ਬ੍ਰਿਟੇਨ ਵਿਚ ਸਿੱਧਾ ਇਨਸਾਨਾਂ 'ਤੇ ਇਸ ਦੀ ਦਵਾਈ ਦਾ ਟ੍ਰਾਇਲ ਸ਼ੁਰੂ ਹੋ ਗਿਆ ਹੈ। ਪਰ ਚੀਨੀ ਵਿਗਿਆਨੀ ਪਹਿਲਾਂ ਚੂਹਿਆਂ ਤੇ ਬਾਂਦਰਾਂ 'ਤੇ ਇਸ ਦਾ ਟ੍ਰਾਇਲ ਕਰ ਰਹੇ ਹਨ ਤੇ ਇਸ ਤੋਂ ਬਾਅਦ ਇਨਸਾਨਾਂ 'ਤੇ। ਚੀਨ ਤੋਂ ਖਬਰ ਹੈ ਕਿ ਇਥੋਂ ਦੀ ਕੰਪਨੀ ਸਿਨੋਵੈਕ ਬਾਇਓਟੈਕ ਨੇ ਰੀਸਸ ਬਾਂਦਰਾਂ 'ਤੇ ਵੈਕਸੀਨ ਦਾ ਟ੍ਰਾਇਲ ਕਰਕੇ ਇਨਫੈਕਸ਼ਨ ਨੂੰ ਰੋਕਣ ਵਿਚ ਸਫਲਤਾ ਹਾਸਲ ਕੀਤੀ ਹੈ।

ਉਥੇ ਹੀ ਬ੍ਰਿਟੇਨ ਵਿਚ ਵੈਕਸੀਨ ਬਣਾਉਣ ਵਿਚ ਜਿਸ ਵਾਇਰਸ ਦੀ ਵਰਤੋਂ ਹੋ ਰਹੀ ਹੈ ਉਹ ਵੀ ਇਨਸਾਨਾਂ ਦੇ ਪੁਰਖੇ ਕਹੇ ਜਾਣ ਵਾਲੇ ਚਿੰਪੈਂਜ਼ੀ ਤੋਂ ਲਿਆ ਗਿਆ ਹੈ। ਚੀਨੀ ਕੰਪਨੀ ਨੇ ਕਿਹਾ ਹੈ ਕਿ ਉਸ ਨੇ ਆਪਣੇ ਵੈਕਸੀਨ ਦੀਆਂ 2 ਵੱਖ-ਵੱਖ ਖੁਰਾਕਾਂ ਨੂੰ 8 ਰੀਸਸ ਮਕਾਊ (ਲਾਲ ਮੂੰਹ ਵਾਲੇ ਭੂਰੇ ਬਾਂਦਰ) ਪ੍ਰਜਾਤੀ ਦੇ ਬਾਂਦਰਾਂ ਵਿਚ ਇਨਜੈਕਟ ਕੀਤਾ ਹੈ ਤੇ ਤਿੰਨ ਹਫਤੇ ਬਾਅਦ ਉਹਨਾਂ ਨੂੰ ਵਾਇਰਸ ਦੇ ਸੰਪਰਕ ਵਿਚ ਲਿਆਉਣ 'ਤੇ ਪਤਾ ਲੱਗਿਆ ਕਿ ਉਹਨਾਂ ਦੇ ਅੰਦਰ ਕਿਸੇ ਤਰ੍ਹਾਂ ਦਾ ਇਨਫੈਕਸ਼ਨ ਪੈਦਾ ਨਹੀਂ ਹੋਇਆ। ਸਾਰੇ ਬਾਂਦਰ ਪ੍ਰਭਾਵੀ ਢੰਗ ਨਾਲ ਸਾਰਸ-ਕੋਵਿਡ-2 ਮਤਲਬ ਕੋਵਿਡ-19 ਵਾਇਰਸ ਦੇ ਇਨਫੈਕਸ਼ਨ ਤੋਂ ਸੁਰੱਖਿਅਤ ਸਨ। ਵਾਇਰਸ ਨਾਲ ਇਨਫੈਕਟਡ ਕਰਨ ਤੋਂ ਬਾਅਦ ਬਾਂਦਰਾਂ ਨੂੰ ਵੈਕਸੀਨ ਦੀ ਵਧੇਰੇ ਖੁਰਾਕ ਦਿੱਤੀ ਗਈ ਸੀ ਤੇ 7 ਦਿਨ ਬਾਅਦ ਨਤੀਜਿਆਂ ਵਿਚ ਵਿਚ ਉਹਨਾਂ ਦੇ ਫੇਫੜਿਆਂ ਵਿਚ ਵਾਇਰਸ ਦਾ ਇਨਫੈਕਸ਼ਨ ਬਹੁਤ ਘੱਟ ਦੇਖਿਆ ਗਿਆ।

ਚਾਰ ਹੋਰ ਬਾਂਦਰਾਂ ਨੂੰ ਘੱਟ ਖੁਰਾਕ ਦਿੱਤੀ ਗਈ ਸੀ ਪਰ ਉਹਨਾਂ ਨੇ ਘੱਟ ਵੈਕਸੀਨ ਹੋਣ ਦੇ ਬਾਵਜੂਦ ਆਪਣੀ ਖੁਦ ਦੀ ਇਮਿਊਨਿਟੀ ਨਾਲ ਵਾਇਰਸ 'ਤੇ ਕਾਬੂ ਕਰ ਲਿਆ। ਇਸ ਦੇ ਉਲਟ ਚਾਰ ਬਾਂਦਰਾਂ ਨੂੰ ਕੋਈ ਖੁਰਾਕ ਨਹੀਂ ਦਿੱਤੀ ਗਈ ਤੇ ਵਾਇਰਸ ਨਾਲ ਇਨਫੈਕਟਡ ਕੀਤੇ ਜਾਣ 'ਤੇ ਉਹਨਾਂ ਨੂੰ ਗੰਭੀਰ ਨਿਮੋਨੀਆ ਹੋ ਗਿਆ। ਸਿਨੋਵੈਕ ਨੇ ਮਨੁੱਖ ਪ੍ਰੀਖਣ ਸ਼ੁਰੂ ਕਰਨ ਤੋਂ ਤਿੰਨ ਦਿਨ ਬਾਅਦ 19 ਅਪ੍ਰੈਲ ਨੂੰ ਆਨਲਾਈਨ ਸਰਵਰ ਬਾਇਓਰੈਕਸਿਵ 'ਤੇ ਇਸ ਟ੍ਰਾਇਲ ਦੇ ਨਤੀਜੇ ਪ੍ਰਕਾਸ਼ਿਤ ਕੀਤੇ ਹਨ। ਇਸ ਦੇ ਨਤੀਜਿਆਂ ਦੀ ਦੁਨੀਆ ਭਰ ਦੇ ਵਿਗਿਆਨੀਆਂ ਵਲੋਂ ਸਮੀਖਿਆ ਕੀਤੀ ਜਾਣੀ ਬਾਕੀ ਹੈ। ਸਿਨੋਵੈਕ ਦੇ ਬੁਲਾਰੇ ਯਾਂਗ ਯੂਆਂਗ ਨੇ ਕਿਹਾ ਹੈ ਕਿ ਵੈਕਸੀਨ ਬਣਾਉਣ ਵਿਚ ਰਸਾਇਣਿਕ ਰੂਪ ਨਾਲ ਡੈੱਡ ਕੋਰੋਨਾ ਵਾਇਰਸ ਪੈਥੋਜ਼ੰਸ ਦੀ ਵਰਤੋਂ ਕੀਤੀ ਜਾ ਰਹੀ ਹੈ ਜੋ ਅਸਲੀ ਬੀਮਾਰੀ ਦੇ ਖਿਲਾਫ ਸਰੀਰ ਦੀ ਇਮਿਊਨਿਟੀ ਵਧਾਏਗਾ।


Baljit Singh

Content Editor

Related News