ਕੋਰੋਨਾ ਵਾਇਰਸ : ਆਸਟ੍ਰੇਲੀਆਈ ਹਵਾਈ ਅੱਡਿਆਂ ''ਤੇ ਫਸੇ ਚੀਨੀ ਵਿਦਿਆਰਥੀ

02/04/2020 2:52:45 PM

ਬ੍ਰਿਸਬੇਨ— ਕੋਰੋਨਾ ਵਾਇਰਸ ਕਾਰਨ ਚੀਨ 'ਚ ਹੁਣ ਤਕ 427 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਚੀਨ ਤੋਂ ਬਾਹਰ ਅੱਜ ਦੂਜੇ ਵਿਅਕਤੀ ਦੀ ਮੌਤ ਹੋਣ ਨਾਲ ਖਤਰਾ ਹੋਰ ਵਧ ਗਿਆ ਹੈ। ਆਸਟ੍ਰੇਲੀਆ ਨੇ ਇਕ ਫਰਵਰੀ ਤੋਂ ਸਖਤਾਈ ਨਾਲ ਚੀਨ ਤੋਂ ਆਉਣ ਵਾਲੇ ਲੋਕਾਂ 'ਤੇ ਬੈਨ ਲਗਾ ਦਿੱਤਾ ਹੈ ਪਰ ਬਹੁਤ ਸਾਰੇ ਚੀਨੀ ਵਿਦਿਆਰਥੀ ਅੱਜ ਹਵਾਈ ਅੱਡਿਆਂ 'ਤੇ ਫਸੇ ਦਿਖਾਈ ਦਿੱਤੇ। ਆਸਟ੍ਰੇਲੀਆ 'ਚ ਚੀਨੀ ਅੰਬੈਸੀ ਦੇ ਡਿਪਟੀ ਹੈੱਡ ਤੇ ਮੰਤਰੀ ਵਾਂਗ ਸ਼ੀਜ਼ਿੰਗ ਨੇ ਸੰਘੀ ਸਰਕਾਰ ਵਲੋਂ ਲਗਾਏ ਗਏ ਬੈਨ ਦਾ ਵਿਰੋਧ ਕੀਤਾ।

ਉਨ੍ਹਾਂ ਕਿਹਾ ਕਿ ਸਰਕਾਰ ਨੂੰ ਟਰੈਵਲ ਬੈਨ ਲਗਾਉਣ ਤੋਂ ਪਹਿਲਾਂ ਇਸ ਬਾਰੇ ਲੋਕਾਂ ਨੂੰ ਜਲਦੀ ਸੂਚਿਤ ਕਰਨਾ ਚਾਹੀਦਾ ਸੀ। ਹੁਣ ਲੋਕਾਂ ਨੂੰ ਖੱਜਲ ਹੋ ਕੇ ਮੁੜ ਚੀਨ ਵਾਪਸ ਜਾਣ ਲਈ ਮਜਬੂਰ ਹੋਣਾ ਪੈ ਰਿਹਾ ਹੈ, ਜਿਸ ਕਾਰਨ ਉਨ੍ਹਾਂ ਦਾ ਪੈਸਾ ਤੇ ਸਮਾਂ ਬਰਬਾਦ ਹੋ ਰਿਹਾ ਹੈ। ਬ੍ਰਿਸਬੇਨ 'ਚ ਵੀ ਕਈ ਲੋਕ ਫਸੇ ਹੋਏ ਹਨ ਤੇ ਉਨ੍ਹਾਂ ਕੋਲ ਵਾਪਸ ਜਾਣ ਤੋਂ ਇਲਾਵਾ ਕੋਈ ਹੋਰ ਬਦਲ ਨਹੀਂ ਹੈ। ਉਨ੍ਹਾਂ ਦੱਸਿਆ ਕਿ ਹਜ਼ਾਰਾਂ ਵਿਦਿਆਰਥੀ ਆਪਣੀਆਂ ਯੂਨੀਵਰਸਿਟੀ ਕਲਾਸਾਂ ਸ਼ੁਰੂ ਹੋਣ ਤੋਂ ਪਹਿਲਾਂ ਆਸਟ੍ਰੇਲੀਆ ਪੁੱਜ ਰਹੇ ਹਨ ਤੇ ਅਜੇ ਹੋਰ ਕਈ ਆਉਣ ਵਾਲੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਨ੍ਹਾਂ ਵਿਦਿਆਰਥੀਆਂ ਨੂੰ ਮਾਲੀ ਸਹਾਇਤਾ ਦੇਣੀ ਚਾਹੀਦੀ ਹੈ ਕਿਉਂਕਿ ਉਨ੍ਹਾਂ ਦਾ ਕਾਫੀ ਪੈਸਾ ਖਰਾਬ ਗਿਆ ਹੈ।


Related News