ਚੀਨ ਦੀ ਬਿਜਲਈ ਕੰਪਨੀ ਤੋਂ ਇੰਡੋਨੇਸ਼ੀਆ ਦੀ ਖਾਸ ਪ੍ਰਜਾਤੀ ਦੇ ''ਓਰਾਂਗੁਟਾਨ'' ਨੂੰ ਖਤਰਾ

Wednesday, Jun 29, 2022 - 01:02 PM (IST)

ਚੀਨ ਦੀ ਬਿਜਲਈ ਕੰਪਨੀ ਤੋਂ ਇੰਡੋਨੇਸ਼ੀਆ ਦੀ ਖਾਸ ਪ੍ਰਜਾਤੀ ਦੇ ''ਓਰਾਂਗੁਟਾਨ'' ਨੂੰ ਖਤਰਾ

ਚੀਨ ਵਾਤਾਵਰਣ ਦੀਆਂ ਜਿੰਨੀਆਂ ਧੱਜੀਆਂ ਉਡਾ ਰਿਹਾ ਹੈ, ਉਹ ਜਗ ਜ਼ਾਹਿਰ ਹੈ। ਚੀਨ ਅਮਰੀਕਾ ਦੇ ਬਾਅਦ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਗ੍ਰੀਨ ਹਾਊਸ ਗੈਸਾਂ ਦੀ ਨਿਕਾਸੀ ਕਰਨ ਵਾਲਾ ਹੈ। ਜਦੋਂ ਦੂਜੇ ਦੇਸ਼ਾਂ ਨੂੰ ਨਸੀਹਤ ਦੇਣ ਦੀ ਵਾਰੀ ਆਉਂਦੀ ਹੈ ਤਾਂ ਚੀਨ ਉਨ੍ਹਾਂ ’ਚ ਸਭ ਤੋਂ ਅੱਗੇ ਰਹਿੰਦਾ ਹੈ ਪਰ ਉਹੀ ਚੀਨ ਮੁਨਾਫਾ ਕਮਾਉਣ ਲਈ ਸਾਰੇ ਕਾਇਦੇ-ਕਾਨੂੰਨਾਂ ਨੂੰ ਅੱਖੋਂ-ਪਰੋਖੇ ਕਰ ਦਿੰਦਾ ਹੈ।

ਦਰਅਸਲ ਚੀਨ ਇੰਡੋਨੇਸ਼ੀਆ ਸੁਮਾਟਰਾ ਟਾਪੂ ਦੇ ਬਾਟਾਂਗ ਤੋਰੂ ਬਰਸਾਤੀ ਜੰਗਲਾਂ ’ਚ ਇਕ ਪਣਬਿਜਲੀ ਪ੍ਰਾਜੈਕਟ ਲਾ ਰਿਹਾ ਹੈ ਜਿਸ ਦੇ ਕਾਰਨ ਵਾਤਾਵਰਣ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਨਾਲ ਉਨ੍ਹਾਂ ਜੰਗਲਾਂ ’ਚ ਰਹਿਣ ਵਾਲੇ ਵਿਸ਼ੇਸ਼ ਪ੍ਰਜਾਤੀ ਦੇ ਤਾਪਾਨੁਲੀ ਓਰਾਂਗੁਟਾਨ ਬਾਂਦਰ ਖਤਮ ਹੋ ਸਕਦੇ ਹਨ। ਇਸ ਨੂੰ ਲੈ ਕੇ ਇੰਡੋਨੇਸ਼ੀਆ ਦੀ ਇਕ ਗੈਰ-ਸਰਕਾਰੀ ਸੰਸਥਾ ਨੇ ਵੀ ਚੀਨ ਦੇ 15 ਲੱਖ ਅਮਰੀਕੀ ਡਾਲਰ ਦੀ ਲਾਗਤ ਨਾਲ ਬਣਨ ਵਾਲੇ ਇਸ ਪ੍ਰਾਜੈਕਟ ਦੇ ਵਿਰੁੱਧ ਆਵਾਜ਼ ਚੁੱਕਣੀ ਸ਼ੁਰੂ ਕਰ ਦਿੱਤੀ ਹੈ। ਦਰਅਸਲ ਇੰਡੋਨੇਸ਼ੀਆ ਦਾ ਸੁਮਾਟਰਾ ਬਰਸਾਤੀ ਜੰਗਲਾਂ ’ਚ ਤਾਪਾਨੁਲੀ ਓਰਾਂਗੁਟਾਨ ਰਹਿੰਦੇ ਆਏ ਹਨ। ਇਨ੍ਹਾਂ ਦੀ ਪ੍ਰਜਾਤੀ ਨੂੰ ਸਾਲ 2017 ’ਚ ਲੱਭਿਆ ਗਿਆ ਸੀ ਜਿਨ੍ਹਾਂ ਦੀ ਗਿਣਤੀ ਬੜੀ ਘੱਟ ਹੈ ਅਤੇ ਇਨ੍ਹਾਂ ਦੇ ਪੂਰੀ ਤਰ੍ਹਾਂ ਅਲੋਪ ਹੋਣ ਦਾ ਖਤਰਾ ਬਣਿਆ ਹੋਇਆ ਹੈ। ਇਸ ਸਮੇਂ ਇਨ੍ਹਾਂ ਦੀ ਗਿਣਤੀ ਸਿਰਫ 800 ਹੈ ਅਤੇ ਇਸ ਦੇ ਇਲਾਵਾ ਇਹ ਕਿਸੇ ਦੂਜੀ ਵਾਤਾਵਰਣੀ ਸਥਿਤੀ ’ਚ ਨਹੀਂ ਰਹਿ ਸਕਦੇ।

ਵਾਤਾਵਰਣ ਮਾਹਿਰਾਂ ਤੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਚੀਨੀ ਕੰਪਨੀ ਦੇ ਪਣਬਿਜਲੀ ਪ੍ਰਾਜੈਕਟ ਨਾਲ ਇਸ ਪੂਰੇ ਇਲਾਕੇ ਦੇ ਜੰਗਲਾਂ ਨਾਲ ਇੱਥੇ ਰਹਿਣ ਵਾਲੇ ਜੰਗਲੀ ਜੀਵਾਂ ਦੀ ਹੋਂਦ ’ਤੇ ਖਤਰਾ ਪੈਦਾ ਹੋਵੇਗਾ ਪਰ ਚੀਨ ਇਨ੍ਹਾਂ ਸਾਰੀਆਂ ਗੱਲਾਂ ਤੋਂ ਬੇਖਬਰ, ਸੁਮਾਟਰਾ ’ਚ ਡੈਮ ਬਣਾ ਕੇ ਮੁਨਾਫਾ ਕਮਾਉਣਾ ਚਾਹੁੰਦਾ ਹੈ। ਇਹ ਪਣਬਿਜਲੀ ਪ੍ਰਾਜੈਕਟ ਸਾਲ 2022 ’ਚ ਪੂਰਾ ਹੋ ਜਾਣਾ ਸੀ ਜਿਸ ਨੂੰ ਇੰਡੋਨੇਸ਼ੀਆ ਦੀ ਸਥਾਨਕ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਸੀ।ਓਧਰ ਦੂਜੇ ਪਾਸੇ ਸੀਨੋਹਾਈਡ੍ਰੋ ਦੀ ਇੰਡੋਨੇਸ਼ੀਆ ਕੰਪਨੀ ਪੀਟੀ ਨਾਰਥ ਸੁਮਾਟਰਾ ਹਾਈਡ੍ਰੋ ਐਨਰਜੀ 510 ਮੈਗਾਵਾਟ ਦੇ ਪਣਬਿਜਲੀ ਪ੍ਰਾਜੈਕਟ ਨੂੰ ਲੈ ਕੇ ਇਹ ਸਫਾਈ ਦੇ ਰਹੀ ਹੈ ਕਿ ਬਾਟਾਂਗ ਤਾਰੂ ਪਣਬਿਜਲੀ ਪ੍ਰਾਜੈਕਟ ਨਾਲ ਇੰਡੋਨੇਸ਼ੀਆ ਨੂੰ ਸਵੱਛ ਊਰਜਾ ਮਿਲੇਗੀ ਪਰ ਇਸ ਪੂਰੇ ਇਲਾਕੇ ਦੇ ਵਾਤਾਵਰਣੀਤੰਤਰ ਨੂੰ ਕਿੰਨਾ ਨੁਕਸਾਨ ਪਹੁੰਚੇਗਾ, ਇਸ ਬਾਰੇ ਬੋਲਣ ਤੋਂ ਕਤਰਾ ਰਹੀ ਹੈ। ਇੰਡੋਨੇਸ਼ੀਆ ਇਸ ਸਾਲ ਸੰਯੁਕਤ ਰਾਸ਼ਟਰ ਜੈਵ ਵੰਨ-ਸੁਵੰਨਤਾ ਸੰਮੇਲਨ ਦਾ ਆਯੋਜਨ ਕਰਨ ਜਾ ਰਿਹਾ ਹੈ। ਅਜਿਹੇ ਵਾਤਾਵਰਣ ’ਚ ਬਾਟਾਂਗ ਤਾਰੂ ਪ੍ਰਾਜੈਕਟ ਦਾ ਵਿਰੋਧ ਕਰਨ ਵਾਲੇ ਅੰਦੋਲਨਕਾਰੀਆਂ ਨੇ ਬੀਜਿੰਗ ਨੂੰ ਇਸ ਪ੍ਰਾਜੈਕਟ ਤੋਂ ਪਿੱਛੇ ਹਟਣ ਲਈ ਕਿਹਾ ਹੈ ਕਿਉਂਕਿ ਇਸ ਇਲਾਕੇ ਦੇ ਵਾਤਾਵਰਣ ਨੂੰ ਖਤਰਾ ਹੈ।

ਪਰ ਇਸ ਮੁੱਦੇ ਨੂੰ ਲੈ ਕੇ ਮਾਇਟੀ ਅਰਥ ਸਮੇਤ ਕਈ ਦੂਜੇ ਗੈਰ-ਸਰਕਾਰੀ ਸੰਗਠਨ ਵੀ ਇਸ ਮਾਮਲੇ ’ਚ ਕੁੱਦ ਪਏ ਹਨ ਅਤੇ ਉਹ ਚੀਨ ਦੇ ਪਣਬਿਜਲੀ ਪ੍ਰਾਜੈਕਟ ਦਾ ਵਿਰੋਧ ਕਰ ਰਹੇ ਹਨ। ਦਰਅਸਲ ਇਹ ਪ੍ਰਾਜੈਕਟ ਚੀਨ ਦੀ ਬੈਲਟ ਐਂਡ ਰੋਡ ਦਾ ਹਿੱਸਾ ਹੈ ਜਿਸ ਰਾਹੀਂ ਚੀਨ ਇਹ ਦਿਖਾਉਣਾ ਚਾਹੁੰਦਾ ਹੈ ਕਿ ਉਹ ਵਪਾਰ ਰਾਹੀਂ ਦੁਨੀਆ ਭਰ ਦੇ ਦੇਸ਼ਾਂ ਨੂੰ ਇਕ ਮੰਚ ’ਤੇ ਲਿਆ ਸਕਦਾ ਹੈ ਅਤੇ ਉਸ ’ਚ ਪੂਰੇ ਵਿਸ਼ਵ ਦੀ ਅਰਥਵਿਵਸਥਾ ਨੂੰ ਲਾਭ ਮਿਲੇਗਾ ਪਰ ਅਜਿਹਾ ਨਹੀਂ ਹੈ ਕਿਉਂਕਿ ਬੀ. ਆਰ. ਆਈ. ਪ੍ਰਾਜੈਕਟ ’ਚ ਪਾਰਦਰਸ਼ਿਤਾ ਦੀ ਘਾਟ ਹੈ ਅਤੇ ਇਸ ’ਚ ਸਿਰਫ ਦੂਜੇ ਦੇਸ਼ਾਂ ਦੇ ਖਣਿਜਾਂ, ਅਰਥਵਿਵਸਥਾਵਾਂ ਦੀ ਲੁੱਟ-ਖਸੁੱਟ ਹੈ ਜਿਸ ਦਾ ਲਾਭ ਸਿਰਫ ਚੀਨ ਅਤੇ ਚੀਨੀ ਕੰਪਨੀਆਂ ਨੂੰ ਮਿਲੇਗਾ।ਚੀਨੀ ਕੰਪਨੀ ਸਟੇਟ ਡਿਵੈਲਪਮੈਂਟ ਐਂਡ ਇਨਵੈਸਟਮੈਂਟ ਕਾਰਪੋਰੇਸ਼ਨ ਨੇ ਸਾਲ 2020 ’ਚ ਬਾਟਾਂਗ ਤਾਰੂ ਪਣਬਿਜਲੀ ਪ੍ਰਾਜੈਕਟ ’ਚ 27 ਕਰੋੜ 70 ਲੱਖ ਅਮਰੀਕੀ ਡਾਲਰ ਦੇ ਨਿਵੇਸ਼ ’ਤੇ ਦਸਤਖਤ ਕੀਤੇ ਤਾਂ ਇਸ ਘਟਨਾ ਦੇ 2 ਮਹੀਨਿਆਂ ਤੋਂ ਵੀ ਘੱਟ ਸਮੇਂ ’ਚ ਪੱਛਮੀ ਬੈਂਕਾਂ ਨੇ ਇਸ ਦਾ ਸਮਰਥਨ ਕੀਤਾ ਅਤੇ ਲੰਦਨ ਸਟਾਕ ਐਕਸਚੇਂਜ ਨੇ ਇਸ ਦਾ ਸਮਰਥਨ ਕੀਤਾ ਸੀ ਕਿਉਂਕਿ ਚੀਨ ਨੇ ਇਸ ਪ੍ਰਾਜੈਕਟ ਦੀਆਂ ਕੁਝ ਸ਼ਰਤਾਂ ਨੂੰ ਲੁਕਾ ਲਿਆ ਸੀ, ਉਦਾਹਰਣ ਦੇ ਤੌਰ ’ਤੇ ਇਸ ਇਲਾਕੇ ਦੇ ਵਾਤਾਵਰਣ ਨੂੰ ਪ੍ਰਾਜੈਕਟ ਤੋਂ ਕਿੰਨਾ ਨੁਕਸਾਨ ਪੁੱਜੇਗਾ, ਇਹ ਨਹੀਂ ਦੱਸਿਆ ਸੀ। ਇਸ ਦੇ ਬਾਅਦ ਹੀ ਗੈਰ-ਸਮਾਜਿਕ ਸੰਗਠਨ ਇਸ ਦੇ ਵਿਰੋਧ ’ਚ ਉਤਰ ਗਏ ਸਨ।

ਇਸ ਪ੍ਰਾਜੈਕਟ ਦਾ ਵਿਰੋਧ ਕਰਨ ਵਾਲੇ ਗੈਰ-ਸਰਕਾਰੀ ਸੰਗਠਨਾਂ ਦਾ ਕਹਿਣਾ ਹੈ ਕਿ ਉੱਤਰੀ ਸੁਮਾਟਰਾ ’ਚ ਬਿਜਲੀ ਦੀ ਕੋਈ ਸਮੱਸਿਆ ਨਹੀਂ ਹੈ, ਜਿਸ ਲਈ ਬਾਟਾਂਗ ਤਾਰੂ ਪਣਬਿਜਲੀ ਪ੍ਰਾਜੈਕਟ ਨੂੰ ਸ਼ੁਰੂ ਕੀਤਾ ਜਾ ਰਿਹਾ ਹੈ। ਇਥੇ ਅਗਲੇ 10 ਸਾਲਾਂ ’ਚ 80 ਨਵੇਂ ਡੈਮ ਬਣਾਉਣ ਦੀ ਯੋਜਨਾ ਬਣਾਈ ਗਈ ਹੈ। ਜਾਣਕਾਰਾਂ ਦਾ ਮੰਨਣਾ ਹੈ ਕਿ ਇਸ ਇਲਾਕੇ ’ਚ ਚੀਨ ਰਣਨੀਤਕ ਮਹੱਤਵ ਨੂੰ ਦੇਖਦੇ ਹੋਏ ਦਾਖਲ ਹੋਣਾ ਚਾਹੁੰਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਇਸ ਪ੍ਰਾਜੈਕਟ ’ਚ ਐੱਸ. ਡੀ. ਆਈ. ਸੀ. ਨਹੀਂ ਸਗੋਂ ਚੀਨ ਖੁਦ ਵੜਨਾ ਚਾਹੁੰਦਾ ਹੈ। ਗੱਲ ਇੱਥੋਂ ਤੱਕ ਸੀਮਤ ਨਹੀਂ ਹੈ, ਚੀਨ ਨੇ ਉਨ੍ਹਾਂ ਲੋਕਾਂ ਨੂੰ ਮਰਵਾ ਦਿੱਤਾ ਜੋ ਇਸ ਪ੍ਰਾਜੈਕਟ ਦੇ ਵਿਰੁੱਧ ਲੋਕਾਂ ’ਚ ਜਾਗਰੂਕਤਾ ਫੈਲਾਉਣ ਦਾ ਕੰਮ ਕਰ ਰਹੇ ਸਨ। ਸਾਲ 2019 ’ਚ ਗੋਲਫ੍ਰਿਡ ਸਿਰੇਗਾਰ ਨਾਂ ਦੇ ਇਕ ਵਾਤਾਵਰਣੀ ਵਕੀਲ ਦੀ ਸ਼ੱਕੀ ਹਾਲਾਤ ’ਚ ਮੌਤ ਹੋ ਗਈ ਸੀ। ਸਿਰੇਗਾਰ ਨੇ ਇਸ ਪ੍ਰਾਜੈਕਟ ਦਾ ਵਿਰੋਧ ਇਹ ਕਹਿੰਦੇ ਹੋਏ ਕੀਤਾ ਸੀ ਕਿ ਇੱਥੇ ਰਹਿਣ ਵਾਲੇ 800 ਵਿਸ਼ੇਸ਼ ਕਿਸਮ ਦੇ ਓਰਾਂਗੁਟਾਨ ਅਤੇ ਦੂਜੇ ਜੀਵ ਅਲੋਪ ਹੋ ਸਕਦੇ ਹਨ ਅਤੇ ਉੱਤਰੀ ਸੁਮਾਟਰਾ ਦਾ ਵਾਤਾਵਰਣੀ ਤੰਤਰ ਵਿਗੜ ਸਕਦਾ ਹੈ।

ਵਾਤਾਵਰਣ ਦੀਆਂ ਧੱਜੀਆਂ ਉਡਾਉਣ ਨਾਲ ਸਿਰਫ ਉਸ ਇਲਾਕੇ ਵਿਸ਼ੇਸ਼ ਦਾ ਨੁਕਸਾਨ ਨਹੀਂ ਹੋਵੇਗਾ ਸਗੋਂ ਇਸ ਦਾ ਅਸਰ ਪੂਰੇ ਵਿਸ਼ਵ ਦੇ ਵਾਤਾਵਰਣ ’ਤੇ ਪਵੇਗਾ ਕਿਉਂਕਿ ਵਿਸ਼ਵ ’ਚ ਦੋ ਵਿਸ਼ਾਲ ਜੰਗਲੀ ਇਲਾਕੇ ਹਨ, ਪਹਿਲਾ ਬ੍ਰਾਜ਼ੀਲ ਦਾ ਅਮੇਜ਼ਨ ਜੰਗਲ ਅਤੇ ਦੂਜਾ ਇੰਡੋਨੇਸ਼ੀਆ ਦੇ ਸੁਮਾਟਰਾ ਅਤੇ ਬਾਲੀ ਦੇ ਜੰਗਲ। ਇਨ੍ਹਾਂ ਨੂੰ ਪ੍ਰਿਥਵੀ ਦੇ ਫੇਫੜੇ ਕਹਿੰਦੇ ਹਨ ਕਿਉਂਕਿ ਇੱਥੇ ਜਿੰਨੀ ਆਕਸੀਜਨ ਬਣਦੀ ਹੈ ਉਹ ਪੂਰੇ ਵਿਸ਼ਵ ’ਚ ਰਹਿਣ ਵਾਲੇ ਮਨੁੱਖਾਂ, ਜੰਗਲੀ ਜੀਵਾਂ, ਵਨਸਪਤੀਆਂ ਲਈ ਜੀਵਨਦਾਤੀ ਹੁੰਦੀ ਹੈ। ਜੇਕਰ ਇਸ ਨੂੰ ਨੁਕਸਾਨ ਪਹੁੰਚਿਆ ਤਾਂ ਧਰਤੀ ’ਤੇ ਜ਼ਿੰਦਗੀ ਨੂੰ ਖਤਰਾ ਪੈਦਾ ਹੋਵੇਗਾ।


author

Vandana

Content Editor

Related News