ਵਿਦੇਸ਼ੀ ਵਿਦਿਆਰਥੀਆਂ ਦੀ ਚੀਨ ’ਚ ਪੜ੍ਹਾਈ ਨੂੰ ਲੈ ਕੇ ਚੀਨੀ ਅਧਿਕਾਰੀ ਦਾ ਵੱਡਾ ਬਿਆਨ

Tuesday, Mar 15, 2022 - 05:36 PM (IST)

ਬੀਜਿੰਗ (ਭਾਸ਼ਾ)-ਚੀਨ ਨੇ ਸੋਮਵਾਰ ਕਿਹਾ ਕਿ ਉਹ ‘ਅਸਲ ਜ਼ਰੂਰਤਾਂ’ ਵਾਲੇ ਕੁਝ ਵਿਦੇਸ਼ੀ ਵਿਦਿਆਰਥੀਆਂ ਨੂੰ ਦੇਸ਼ ਪਰਤਣ ਦੀ ਇਜਾਜ਼ਤ ਦੇਣ ਦੀ ਯੋਜਨਾ ਬਣਾ ਰਿਹਾ ਹੈ, ਜੋ ਚੀਨ ਦੀਆਂ ਕੋਵਿਡ ਵੀਜ਼ਾ ਪਾਬੰਦੀਆਂ ਕਾਰਨ ਲੱਗਭਗ ਦੋ ਸਾਲਾਂ ਤੋਂ ਆਪਣੇ ਘਰਾਂ ’ਚੋਂ ਬਾਹਰ ਹਨ। ਇਹ ਐਲਾਨ ਇਨ੍ਹਾਂ ਰਿਪੋਰਟਾਂ ਦੇ ਵਿਚਕਾਰ ਆਇਆ ਹੈ ਕਿ ਬੀਜਿੰਗ ਨੇ ਕੁਝ ਪਾਕਿਸਤਾਨੀ ਵਿਦਿਆਰਥੀਆਂ ਨੂੰ ਵੀਜ਼ਾ ਜਾਰੀ ਕੀਤਾ ਹੈ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲਿਜਿਆਨ ਨੇ ਕਿਹਾ, ‘‘ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਆਧਾਰ ’ਤੇ ਅਸੀਂ ਮਹਾਮਾਰੀ ਦੀ ਬਦਲਦੀ ਅੰਤਰਰਾਸ਼ਟਰੀ ਸਥਿਤੀ ਅਤੇ ਵਿਦਿਆਰਥੀਆਂ ਦੀਆਂ ਅਸਲ ਜ਼ਰੂਰਤਾਂ ਦੇ ਮੱਦੇਨਜ਼ਰ ਥੋੜ੍ਹੀ ਗਿਣਤੀ ’ਚ ਵਿਦੇਸ਼ੀ ਵਿਦਿਆਰਥੀਆਂ ਦੀ ਚੀਨ ਵਾਪਸੀ ਲਈ ਵਿਵਸਥਾ ਨਾਲ ਤਾਲਮੇਲ ਕਰ ਰਹੇ ਹਾਂ।’’ ਹਾਲਾਂਕਿ ਉਨ੍ਹਾਂ ਨੇ ‘ਅਸਲ ਜ਼ਰੂਰਤਾਂ’ ਦੇ ਮਾਪਦੰਡਾਂ ਬਾਰੇ ਵਿਸਥਾਰ ਨਾਲ ਨਹੀਂ ਦੱਸਿਆ।

ਇਹ ਵੀ ਪੜ੍ਹੋ : ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਕਤਲ ਮਗਰੋਂ ਕਬੱਡੀ ਫੈੱਡਰੇਸ਼ਨਾਂ ਨੇ ਲਿਆ ਵੱਡਾ ਫ਼ੈਸਲਾ

ਇਨ੍ਹਾਂ ਸਵਾਲਾਂ ਦੇ ਜਵਾਬ ’ਚ ਕਿ ਪਾਕਿਸਤਾਨ ’ਚ ਸਥਿਤ ਚੀਨੀ ਦੂਤਘਰ ਨੇ ਪਾਕਿਸਤਾਨੀ ਵਿਦਿਆਰਥੀਆਂ ਨੂੰ ਵੀਜ਼ਾ ਜਾਰੀ ਕਰਨਾ ਸ਼ੁਰੂ ਕਰ ਦਿੱਤਾ ਹੈ, ਉਨ੍ਹਾਂ ਕਿਹਾ, “ਸੰਬੰਧਿਤ ਵਿਦਿਆਰਥੀਆਂ ਨੂੰ ਚੀਨ ਦੇ ਮਹਾਮਾਰੀ ਰੋਕਥਾਮ ਪ੍ਰੋਟੋਕੋਲ ਦੀ ਸਖ਼ਤੀ ਨਾਲ ਪਾਲਣਾ ਕਰਨੀ ਚਾਹੀਦੀ ਹੈ।” ਬੀਜਿੰਗ ਵੱਲੋਂ ਕੋਰੋਨਾ ਵੀਜ਼ਾ ਪਾਬੰਦੀਆਂ ਕਾਰਨ 28,000 ਤੋਂ ਵੱਧ ਪਾਕਿਸਤਾਨੀ ਵਿਦਿਆਰਥੀ ਲੱਗਭਗ ਦੋ ਸਾਲਾਂ ਤੋਂ ਆਪਣੇ ਦੇਸ਼ ’ਚ ਫਸੇ ਹੋਏ ਹਨ। ਝਾਓ ਨੇ ਪਾਕਿਸਤਾਨੀ ਵਿਦਿਆਰਥੀਆਂ ਨੂੰ ਵੀਜ਼ਾ ਦਿੱਤੇ ਜਾਣ ਦੀਆਂ ਰਿਪੋਰਟਾਂ ਦਾ ਖੰਡਨ ਨਹੀਂ ਕੀਤਾ ਪਰ 23,000 ਭਾਰਤੀ ਵਿਦਿਆਰਥੀਆਂ ਨੂੰ ਇਜਾਜ਼ਤ ਦੇਣ ਬਾਰੇ ਕੋਈ ਟਿੱਪਣੀ ਨਹੀਂ ਕੀਤੀ। ਇਨ੍ਹਾਂ ’ਚੋਂ ਜ਼ਿਆਦਾਤਰ ਚੀਨ ’ਚ ਮੈਡੀਕਲ ਦੀ ਪੜ੍ਹਾਈ ਕਰ ਰਹੇ ਸਨ। ਪਿਛਲੇ ਮਹੀਨੇ ਚੀਨ ਨੇ ਭਾਰਤ ਤੋਂ 23,000 ਤੋਂ ਵੱਧ ਭਾਰਤੀ ਵਿਦਿਆਰਥੀਆਂ ਦੀ ‘ਜਲਦੀ ਵਾਪਸੀ’ ਲਈ ਕੰਮ ਕਰਨ ਦਾ ਵਾਅਦਾ ਕੀਤਾ ਸੀ ਅਤੇ ਨਵੀਂ ਦਿੱਲੀ ਨੂੰ ਭਰੋਸਾ ਦਿਵਾਇਆ ਸੀ ਕਿ ਉਨ੍ਹਾਂ ਨਾਲ ਕਿਸੇ ਵੀ ਤਰ੍ਹਾਂ ਨਾਲ ‘ਵਿਤਕਰਾ’ ਨਹੀਂ ਕੀਤਾ ਜਾਵੇਗਾ ਕਿਉਂਕਿ ਉਨ੍ਹਾਂ ਦੀ ਪੜ੍ਹਾਈ ਮੁੜ ਸ਼ੁਰੂ ਹੋਣਾ ਇਕ ‘ਸਿਆਸੀ ਮੁੱਦਾ’ ਨਹੀਂ ਹੈ। 


Manoj

Content Editor

Related News