ਚੀਨੀ ਸਰਕਾਰ ਕੈਂਪਾਂ ''ਚ ਮਨੁੱਖੀ ਅਧਿਕਾਰਾਂ ਦਾ ਘੋਰ ਉਲੰਘਣ ਕਰ ਰਹੀ : ਅਮਰੀਕਾ

11/27/2019 10:24:30 PM

ਵਾਸ਼ਿੰਗਟਨ - ਅਮਰੀਕਾ ਦੇ ਵਿਦੇਸ਼ ਮੰਤਰੀ ਮਾਇਕ ਪੋਂਪੀਓ ਨੇ ਆਖਿਆ ਹੈ ਕਿ ਹਾਲ ਹੀ 'ਚ ਲੀਕ ਹੋਏ ਦਸਤਾਵੇਜ਼ਾਂ ਤੋਂ ਪਤਾ ਲੱਗਾ ਹੈ ਕਿ ਚੀਨ ਸਰਕਾਰ ਨੇ ਅਸ਼ਾਂਤ ਸ਼ਿਨਜਿਆਂਗ ਸੂਬੇ 'ਚ ਮੁਸਲਮਾਨਾਂ ਅਤੇ ਹੋਰ ਘੱਟ ਗਿਣਤੀ ਭਾਈਚਾਰੇ ਨੂੰ ਬੇਰਹਿਮੀ ਨਾਲ ਹਿਰਾਸਤ ਕੈਂਪਾਂ 'ਚ ਬੰਦ ਕਰ ਰਖਿਆ ਹੈ। ਉਨ੍ਹਾਂ ਆਖਿਆ ਕਿ ਉਹ ਉਨ੍ਹਾਂ ਨੂੰ ਯੋਜਨਾਬੱਧ ਤਰੀਕੇ ਨਾਲ ਦਬਾ ਰਹੀ ਹੈ। ਪੋਂਪੀਓ ਨੇ ਆਖਿਆ ਕਿ ਚੀਨ ਦੀ ਕਮਿਊਨਿਸਟ ਪਾਰਟੀ ਹਿਰਾਸਤ ਕੈਂਪਾਂ 'ਚ ਮਨੁੱਖੀ ਅਧਿਕਾਰਾਂ ਦਾ ਘੋਰ ਉਲੰਘਣ ਕਰ ਰਹੀ ਹੈ।

ਵਿਦੇਸ਼ ਮੰਤਰਾਲੇ 'ਚ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਪੋਂਪੀਓ ਨੇ ਆਖਿਆ ਕਿ ਦੁਨੀਆ ਭਰ ਦੇ ਦੇਸ਼ ਹੁਣ ਇਹ ਜਾਣ ਰਹੇ ਹਨ ਚੀਨ 'ਚ ਕੀ ਹੋ ਰਿਹਾ ਹੈ। ਇਹ ਦੇਸ਼ ਸ਼ਿਨਜਿਆਂਗ 'ਚ ਲੋਕਾਂ ਲਈ ਮਨੁੱਖੀ ਅਧਿਕਾਰਾਂ ਦੇ ਹਾਲਾਤ 'ਚ ਸੁਧਾਰ ਕਰਨ ਲਈ ਅਮਰੀਕਾ ਦੇ ਨਾਲ ਮਿਲ ਕੇ ਕੰਮ ਕਰ ਰਹੇ ਹਨ। ਪੋਂਪੀਓ ਨੇ ਚੀਨ ਸਰਕਾਰ ਤੋਂ ਉਨ੍ਹਾਂ ਸਭ ਲੋਕਾਂ ਨੂੰ ਤੁਰੰਤ ਰਿਹਾਅ ਕਰਨ ਦੀ ਅਪੀਲ ਕੀਤੀ, ਜਿਨ੍ਹਾਂ ਨੂੰ ਬੇਰਹਿਮੀ ਨਾਲ ਹਿਰਾਸਤ 'ਚ ਲਿਆ ਗਿਆ ਅਤੇ ਨਾਲ ਹੀ ਉਸ ਤੋਂ ਆਪਣੀਆਂ ਸਖਤ ਨੀਤੀਆਂ ਨੂੰ ਵੀ ਖਤਮ ਕਰਨ ਨੂੰ ਆਖਿਆ ਹੈ। ਜਿਸ ਨਾਲ ਸ਼ਿਨਜਿਆਂਗ 'ਚ ਉਸ ਦੇ ਆਪਣੇ ਹੀ ਨਾਗਰਿਕ ਡਰੇ ਹੋਏ ਹਨ।

ਉਨ੍ਹਾਂ ਆਖਿਆ ਕਿ ਚੀਨ ਦੀ ਸਰਕਾਰ ਨੇ ਈਸਾਈਆਂ, ਤਿੱਬਤੀਆਂ ਅਤੇ ਹੋਰ ਘੱਟ ਗਿਣਤੀ ਸਮੂਹਾਂ ਨੂੰ ਵੀ ਦਬਾਇਆ। ਪੋਂਪੀਓ ਨੇ ਆਖਿਆ ਕਿ ਅਸੀਂ ਹਾਲ-ਫਿਲਹਾਲ 'ਚ ਜਾਰੀ ਹੋਏ ਸ਼ਿਨਜਿਆਂਗ ਪੇਪਰਸ ਦੇਖੇ ਹਨ। ਇਨ੍ਹਾਂ 'ਚ ਚੀਨ ਸਰਕਾਰ ਦੀ ਸ਼ਿਨਜਿਆਂਗ 'ਚ ਉਇਗਰਾਂ ਅਤੇ ਹੋਰ ਮੁਸਲਿਮ ਘੱਟ ਗਿਣਤੀ ਸਮੂਹਾਂ ਦੇ ਮੈਂਬਰਾਂ ਨੂੰ ਬੇਰਹਿਮੀ ਨਾਲ ਹਿਰਾਸਤ 'ਚ ਲੈਣ ਅਤੇ ਉਨ੍ਹਾਂ ਦੇ ਯੋਜਨਾਬੱਧ ਦਬਾ ਦੇ ਬਾਰੇ 'ਚ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਆਖਿਆ ਕਿ ਇਹ ਰਿਪੋਰਟ ਇਸ ਗੱਲ ਦਾ ਸਬੂਤ ਹੈ ਕਿ ਚਾਈਨੀਜ਼ ਕਮਿਊਨਿਸਟ ਪਾਰਟੀ ਮਨੁੱਖੀ ਅਧਿਕਾਰਾਂ ਦਾ ਘੋਰ ਉਲੰਘਣ ਕਰ ਰਹੀ ਹੈ।


Khushdeep Jassi

Content Editor

Related News