ਜਨਵਰੀ ਤੋਂ 850 ਉਤਪਾਦਾਂ ''ਤੇ ਆਯਾਤ ਡਿਊਟੀ ਘਟਾਏਗਾ ਚੀਨ
Monday, Dec 23, 2019 - 05:59 PM (IST)

ਬੀਜਿੰਗ — ਚੀਨ ਜਨਵਰੀ ਤੋਂ ਫਰੋਜ਼ਨ ਪੋਰਕ ਸਮੇਤ ਲਗਭਗ 850 ਉਤਪਾਦਾਂ ਦੀ ਦਰਾਮਦ ਡਿਊਟੀ ਘਟਾਏਗਾ। ਵਿੱਤ ਮੰਤਰਾਲੇ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਕਦਮ ਨਾਲ ਦੇਸ਼ 'ਚ ਸੂਰ ਦੀ ਸਪਲਾਈ ਵਿਚ ਆਈ ਗਿਰਾਵਟ ਨੂੰ ਦੂਰ ਕੀਤਾ ਜਾ ਸਕੇਗਾ। ਅਫਰੀਕਾ ਦੇ ਸਵਾਈਨ ਬੁਖਾਰ ਕਾਰਨ ਚੀਨ 'ਚ ਸੂਰਾਂ ਦੀ ਘਾਟ ਹੋ ਗਈ ਸੀ। ਇਸ ਬਿਮਾਰੀ ਕਾਰਨ ਲੱਖਾਂ ਸੂਰਾਂ ਨੂੰ ਮਾਰਨਾ ਪਿਆ। ਇਸ ਦੇ ਕਾਰਨ ਸੂਰ ਦੇ ਮਾਸ ਦੀਆਂ ਕੀਮਤਾਂ 'ਚ ਭਾਰੀ ਵਾਧਾ ਹੋ ਗਿਆ। ਵਿੱਤ ਮੰਤਰਾਲੇ ਨੇ ਕਿਹਾ ਹੈ ਕਿ 1 ਜਨਵਰੀ ਤੋਂ ਫ੍ਰੋਜ਼ਨ ਸੂਰ 'ਤੇ ਡਿਊਟੀ ਦੀ ਦਰ 12 ਪ੍ਰਤੀਸ਼ਤ ਤੋਂ ਘਟ ਕੇ ਅੱਠ ਪ੍ਰਤੀਸ਼ਤ ਹੋ ਜਾਵੇਗੀ।
ਡਿਊਟੀ ਕਮਿਸ਼ਨ ਦਾ ਕਹਿਣਾ ਹੈ ਕਿ ਇਹ ਬਦਲਾਵਾਂ ਨਾਲ ਵਪਾਰਕ ਢਾਂਚੇ ਨੂੰ ਵਧਾਉਣ ਅਤੇ ਅਰਥਚਾਰੇ ਦੇ ਉੱਚ ਪੱਧਰੀ ਵਿਕਾਸ ਦੀ ਪ੍ਰਾਪਤੀ ਵਿਚ ਸਹਾਇਤਾ ਮਿਲੇਗੀ। ਦੂਜੇ ਉਤਪਾਦਾਂ ਵਿਚ ਜਿਨ੍ਹਾਂ ਦੇ ਘੱਟ ਰੇਟ ਹੋਣਗੇ ਉਨ੍ਹਾਂ 'ਚ ਮੱਛੀ, ਪਨੀਰ, ਅਤੇ ਫਾਰਮਾਸਿਊਟੀਕਲ ਅਤੇ ਰਸਾਇਣਕ ਉਤਪਾਦ ਸ਼ਾਮਲ ਹਨ। ਮੰਤਰਾਲੇ ਦੀ ਵੈਬਸਾਈਟ ਅਨੁਸਾਰ ਅਗਲੇ ਸਾਲ 1 ਜੁਲਾਈ ਤੋਂ ਕੁਝ ਤਕਨਾਲੋਜੀ ਉਤਪਾਦਾਂ 'ਤੇ ਵੀ ਡਿਊਟੀ ਦੀ ਦਰ ਨੂੰ ਘਟਾਏ ਜਾਣ ਦੀ ਯੋਜਨਾ 'ਤੇ ਕੰਮ ਕੀਤਾ ਜਾ ਰਿਹਾ ਹੈ।