ਯੂ.ਏ.ਈ. ਦੇ ਪੋਰਟ ਖਲੀਫਾ ’ਚ ਚੀਨ ਹੁਣ ਨਹੀਂ ਬਣਾ ਸਕੇਗਾ ਫ਼ੌਜੀ ਅੱਡਾ
Sunday, Nov 28, 2021 - 05:06 PM (IST)
ਚੀਨ ਨੂੰ ਦੁਨੀਆ ਇਕ ਧੋਖੇਬਾਜ਼ ਦੇਸ਼ ਦੇ ਰੂਪ ’ਚ ਜਾਣਦੀ ਹੈ ਜੋ ਆਪਣੇ ਸਾਰੇ ਕੰਮ ਖੁਫੀਆ ਢੰਗ ਨਾਲ ਤਾਂ ਕਰਦਾ ਹੈ ਪਰ ਜਦੋਂ ਉਸ ਨੇ ਆਪਣਾ ਮਤਲਬ ਕਿਸੇ ਦੂਸਰੇ ਦੇਸ਼ ’ਚੋਂ ਕੱਢਣਾ ਹੁੰਦਾ ਹੈ ਤਾਂ ਉਹ ਧੋਖੇ ਅਤੇ ਝੂਠ ਦਾ ਸਹਾਰਾ ਲੈਂਦਾ ਹੈ। ਖਾੜੀ ਦੇਸ਼ ਯੂਨਾਈਟਿਡ ਅਰਬ ਅਮੀਰਾਤ, ਜਿਸ ਦੀ ਰਾਜਧਾਨੀ ਆਬੂਧਾਬੀ ਦੀ ਖਲੀਫਾ ਬੰਦਰਗਾਹ ’ਚ ਚੀਨ ਨੇ ਯੂ. ਏ. ਈ. ਦੇ ਨਾਲ ਆਰਥਿਕ ਸਰਗਰਮੀਆਂ ਦੇ ਨਾਂ ’ਤੇ ਇਕ ਸਮਝੌਤਾ ਕੀਤਾ ਪਰ ਖੁਫੀਆ ਢੰਗ ਨਾਲ ਉੱਥੇ ਫੌਜੀ ਅੱਡਾ ਬਣਾਉਣ ਦਾ ਕੰਮ ਕਰ ਰਿਹਾ ਸੀ ਜਿਸ ਦੀ ਭਿਣਕ ਤੱਕ ਯੂ. ਏ. ਈ. ਅਤੇ ਆਬੂਧਾਬੀ ’ਚ ਖਲੀਫਾ ਪੋਰਟ ਦੇ ਅਧਿਕਾਰੀਆਂ ਨੂੰ ਨਹੀਂ ਪਈ ਸੀ ਪਰ ਜਿਉਂ ਹੀ ਇਹ ਖਬਰ ਅਮਰੀਕੀ ਖੁਫੀਆ ਵਿਭਾਗ ਨੂੰ ਮਿਲੀ, ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਯੂ. ਏ. ਈ. ’ਤੇ ਦਬਾਅ ਪਾ ਕੇ ਚੀਨੀ ਸਰਗਰਮੀਆਂ ਨੂੰ ਤੁਰੰਤ ਰੁਕਵਾ ਦਿੱਤਾ।
ਦਰਅਸਲ ਸਾਲ 2013 ’ਚ ਚੀਨ ਨੇ ਆਪਣੇ ਬੈਲਟ ਐਂਡ ਰੋਡ ਪ੍ਰਾਜੈਕਟ ਤਹਿਤ ਦੁਨੀਆ ਭਰ ਦੇ ਕਈ ਦੇਸ਼ਾਂ ਨਾਲ ਕਰਾਰ ਕਰ ਕੇ ਉਨ੍ਹਾਂ ਦੀਆਂ ਜ਼ਮੀਨਾਂ, ਬੰਦਰਗਾਹ ਅਤੇ ਦੂਸਰੇ ਮਹੱਤਵਪੂਰਨ ਟਿਕਾਣਿਆਂ ’ਤੇ ਆਪਣੇ ਆਰਥਿਕ ਕਾਰਜਾਂ ਲਈ ਕੰਮ ਸ਼ੁਰੂ ਕੀਤਾ ਸੀ। ਠੀਕ ਉਸੇ ਤਰਜ਼ ’ਤੇ ਚੀਨ ਨੇ ਯੂ. ਏ. ਈ. ਦੇ ਆਬੂਧਾਬੀ ’ਚ ਖਲੀਫਾ ਬੰਦਰਗਾਹ ਦਾ ਇਕ ਹਿੱਸਾ ਆਪਣੀਆਂ ਆਰਥਿਕ ਸਰਗਰਮੀਆਂ ਲਈ ਲਿਆ ਸੀ। ਫਾਰਸ ਦੀ ਖਾੜੀ ’ਚ ਚੀਨ ਆਪਣੇ ਲਈ ਇਕ ਫੌਜੀ ਟਿਕਾਣਾ ਲੱਭ ਰਿਹਾ ਸੀ ਜੋ ਉਸ ਨੂੰ ਇੱਥੇ ਮਿਲ ਗਿਆ। ਇਸ ਦੇ ਲਈ ਚੀਨ ਦੀਆਂ ਕਈ ਕੰਪਨੀਆਂ ਨੇ ਖਲੀਫਾ ਬੰਦਰਗਾਹ ਦਾ ਇਕ ਹਿੱਸਾ ਹਾਸਲ ਕਰਨ ਲਈ ਯੂ. ਏ. ਈ. ਨਾਲ ਸਮਝੌਤਾ ਕੀਤਾ ਤਾਂ ਕਿ ਉਹ ਚੀਨੀ ਕੰਪਨੀਆਂ 2.2 ਵਰਗ ਕਿ. ਮੀ. ਦੇ ਖਲੀਫਾ ਉਦਯੋਗਿਕ ਖੇਤਰ ’ਚ ਬੈਲਟ ਐਂਡ ਰੋਡ ਇਨੀਸ਼ੀਏਟਿਵ ਪ੍ਰਾਜੈਕਟ ਤਹਿਤ ਕੰਮ ਕਰ ਸਕੇ।
ਚੀਨ ਨੇ ਸਮਝੌਤੇ ਤਹਿਤ ਯੂ. ਏ. ਈ. ਦੀ ਖਲੀਫਾ ਬੰਦਰਗਾਹ ਦੇ ਹਿੱਸੇ ’ਚ 1 ਅਰਬ ਡਾਲਰ ਦੇ ਨਿਵੇਸ਼ ਦੇ ਨਾਲ ਉਸ ’ਤੇ ਹਰ ਤਰ੍ਹਾਂ ਆਪਣਾ ਕਬਜ਼ਾ ਕਰ ਲਿਆ। ਚੀਨ ਨੇ ਯੂ. ਏ. ਈ. ਨਾਲ ਸਮਝੌਤੇ ’ਚ ਇਹ ਵੀ ਕਿਹਾ ਕਿ ਇਸ ਖੇਤਰ ’ਚ ਅਸੀਂ ਭਾਵੇਂ ਜੋ ਮਰਜ਼ੀ ਕਰੀਏ, ਉਸ ’ਤੇ ਫੈਸਲਾ ਵੀ ਸਾਡਾ ਹੋਵੇਗਾ, ਕਿਸੇ ਦੀ ਕੋਈ ਦਖਲਅੰਦਾਜ਼ੀ ਨਹੀਂ ਰਹੇਗੀ। ਯੂ. ਏ. ਈ. ਸਰਕਾਰ ਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਕਿ ਇੰਨਾ ਵੱਡਾ ਕਮਿਊਨਿਸਟ ਦੇਸ਼ ਉਸ ਦੇ ਨਾਲ ਅਜਿਹੀ ਚਲਾਕੀ ਵਾਲੀ ਚਾਲ ਚੱਲੇਗਾ।
ਸਾਲ 2020 ’ਚ ਸੈਟੇਲਾਈਟ ਰਾਹੀਂ ਲਈਆਂ ਗਈਆਂ ਤਸਵੀਰਾਂ ਤੋਂ ਅਮਰੀਕੀ ਖੁਫੀਆ ਵਿਭਾਗ ਨੂੰ ਇਹ ਜਾਣਕਾਰੀ ਮਿਲੀ ਕਿ ਚੀਨ ਭਾਰ ਢੋਣ ਵਾਲੇ ਜਹਾਜ਼ਾਂ ’ਚ ਫੌਜੀ ਯੰਤਰ ਅਤੇ ਹਥਿਆਰ ਲਿਆ ਕੇ ਚੁੱਪ-ਚੁਪੀਤੇ ਪੋਰਟ ਖਲੀਫਾ ਦੇ ਆਪਣੇ ਟਰਮਿਨਲ ’ਚ ਰੱਖ ਰਿਹਾ ਸੀ। ਇਹ ਜਾਣਕਾਰੀ ਹਾਸਲ ਹੁੰਦੇ ਹੀ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਤੁਰੰਤ ਯੂ. ਏ. ਈ. ’ਚ ਫੋਨ ਮਿਲਾਇਆ ਅਤੇ ਇੱਥੋਂ ਦੇ ਪ੍ਰਸ਼ਾਸਨ ਨਾਲ ਗੱਲ ਕਰ ਕੇ ਉਨ੍ਹਾਂ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ। ਇਹ ਗੱਲ ਜੋਅ ਬਾਈਡੇਨ ਦੀ ਦੋ ਵਾਰ ਯੂ. ਏ. ਈ. ਦੇ ਰਾਜਕੁਮਾਰ ਮੁਹੰਮਦ ਬਿਨ ਜ਼ਾਏਦ ਅਲ ਨਾਹਯਾਨ ਨਾਲ ਮਈ ਅਤੇ ਅਗਸਤ ਦੇ ਮਹੀਨੇ ’ਚ ਹੋਈ ਜਿਸ ਦੇ ਬਾਅਦ ਅਗਲੇ ਸਤੰਬਰ ਮਹੀਨੇ ’ਚ ਅਮਰੀਕੀ ਸੁਰੱਖਿਆ ਸਲਾਹਕਾਰ ਜੇਕ ਸੁਲਿਵਾਨ ਅਤੇ ਵ੍ਹਾਈਟ ਹਾਊਸ ਦੇ ਮੱਧ ਪੂਰਬ ਦੇ ਕੋਆਰਡੀਨੇਟਰ ਬ੍ਰੇਟ ਮੇਕਗੁਰਕ ਨੇ ਯੂ. ਏ. ਈ. ਦੀ ਯਾਤਰਾ ਕਰਕੇ ਰਾਜਕੁਮਾਰ ਨਾਹਯਾਨ ਨੂੰ ਉਹ ਸਾਰੇ ਸਬੂਤ ਅਤੇ ਦਸਤਾਵੇਜ਼ ਸੌਂਪੇ ਤਾਂ ਯੂ. ਏ. ਈ. ਦੇ ਅਧਿਕਾਰੀਆਂ ਨੇ ਚੀਨ ਦੀਆਂ ਉਸਾਰੀ ਸਰਗਰਮੀਆਂ ਨੂੰ ਤੁਰੰਤ ਰੋਕ ਦਿੱਤਾ।
ਚੀਨ ਦਾ ਇਹ ਪ੍ਰਾਜੈਕਟ ਅਮਰੀਕਾ ਲਈ ਸਿਰ ਦਰਦ ਇਸ ਲਈ ਵੀ ਬਣ ਜਾਂਦਾ ਕਿਉਂਕਿ ਯੂ. ਏ. ਈ. ’ਚ ਅਮਰੀਕਾ ਦਾ ਫੌਜੀ ਅੱਡਾ ਬਣਿਆ ਹੋਇਆ ਹੈ, ਨਾਲ ਹੀ ਇੱਥੇ ਸਮੁੰਦਰੀ ਫੌਜ ਦੇ ਬਹੁਤ ਸਾਰੇ ਬੇੜੇ ਵੀ ਮੌਜੂਦ ਹਨ। ਚੀਨ ਦਾ ਇਥੇ ਫੌਜੀ ਅੱਡਾ ਬਣਨ ਨਾਲ ਅਮਰੀਕਾ ਦੇ ਸਰਵਉੱਚ ਗੁਣਵੱਤਾ ਵਾਲੇ ਲੜਾਕੂ ਜਹਾਜ਼ ਐੱਫ-35 ਦੇ ਡਿਜ਼ਾਈਨ ਚੋਰੀ ਹੋ ਕੇ ਚੀਨ ਪਹੁੰਚ ਜਾਂਦੇ ਅਤੇ ਫਿਰ ਚੀਨ ਇਸ ਦੀ ਨਕਲ ਬਣਾ ਦਿੰਦਾ, ਜਿਸ ’ਚ ਚੀਨ ਮਾਹਿਰ ਖਿਡਾਰੀ ਹੈ। ਸਹੀ ਸਮੇਂ ’ਤੇ ਯੂ. ਏ. ਈ. ਨੇ ਕਾਰਵਾਈ ਕਰ ਕੇ ਚੀਨ ਦੇ ਕਦਮਾਂ ਨੂੰ ਰੋਕ ਦਿੱਤਾ।
ਇਸ ਦੇ ਪਿੱਛੇ ਨਵੇਂ ਕਵਾਡ ਦੀ ਭੂਮਿਕਾ ਇਸ ਪੂਰੇ ਖੇਤਰ ’ਚ ਦੱਸੀ ਜਾ ਰਹੀ ਹੈ ਜਿਸ ਦੇ ਮੈਂਬਰ ਅਮਰੀਕਾ, ਇਜ਼ਰਾਈਲ, ਯੂ. ਏ. ਈ. ਅਤੇ ਭਾਰਤ ਹੋਣਗੇ ਜੋ ਮਿਲ ਕੇ ਚੀਨ ਦੀ ਵਧਦੀ ਤਾਕਤ ਦਾ ਸਾਹਮਣਾ ਕਰਨਗੇ। ਇਸ ਖੇਤਰ ’ਚ ਚੀਨ ਦੇ ਪ੍ਰਭਾਵ ਨੂੰ ਅੱਗੇ ਨਹੀਂ ਵਧਣ ਦੇਣਗੇ।