''ਅਮਰੀਕਾ ਨੇ ਮਿ਼ਜਾਈਲ ਤਾਇਨਾਤ ਕੀਤੀ ਤਾਂ ਚੀਨ ਦੇਵੇਗਾ ਢੁੱਕਵਾਂ ਜਵਾਬ''

08/06/2019 2:46:15 PM

ਬੀਜਿੰਗ (ਏ.ਪੀ.)- ਚੀਨ ਨੇ ਮੰਗਲਵਾਰ ਨੂੰ ਕਿਹਾ ਕਿ ਜੇਕਰ ਅਮਰੀਕਾ ਨੇ ਹਿੰਦ ਪ੍ਰਸ਼ਾਂਤ ਖੇਤਰ ਵਿਚ ਮੱਧਮ ਦੂਰੀ ਦੀ ਮਿਜ਼ਾਈਲ ਤਾਇਨਾਤ ਕੀਤੀ ਤਾਂ ਉਹ ਚੁੱਪ ਨਹੀਂ ਬੈਠਣਗੇ ਅਤੇ ਇਸ ਦਾ ਢੁੱਕਵਾਂ ਜਵਾਬ ਦੇਣਗੇ। ਕੁਝ ਮਹੀਨਿਆਂ ਅੰਦਰ ਅਮਰੀਕਾ ਦੀ ਯੋਜਨਾ ਹਿੰਦ ਪ੍ਰਸ਼ਾਂਤ ਖੇਤਰ ਵਿਚ ਮਿਜ਼ਾਈਲ ਤਾਇਨਾਤ ਕਰਨ ਦੀ ਹੈ। ਰੂਸ ਨੇ ਕਿਹਾ ਹੈ ਕਿ ਜੇਕਰ ਅਮਰੀਕਾ ਅਜਿਹਾ ਕਰਦਾ ਹੈ ਤਾਂ ਉਸ ਦੀ ਵੀ ਉਥੇ ਅਜਿਹੀ ਹੀ ਮਿਜ਼ਾਈਲ ਤਾਇਨਾਤ ਕਰਨ ਦੀ ਯੋਜਨਾ ਹੈ। ਕੋਲਡ ਵਾਰ ਸਮਝੌਤੇ ਦੀ ਮਿਆਦ ਖਤਮ ਹੋਣ ਤੋਂ ਬਾਅਦ ਹਥਿਆਰਾਂ ਦੀ ਹੋੜ ਦੀ ਸੰਭਾਵਨਾ ਵੱਧ ਗਈ ਹੈ।

ਹਫਤੇ ਦੇ ਅਖੀਰ ਵਿਚ ਏਸ਼ੀਆ ਵਿਚ ਸੁਰੱਖਿਆ ਮੀਟਿੰਗਾਂ ਦੌਰਾਨ ਅਮਰੀਕੀ ਰੱਖਿਆ ਸਕੱਤਰ ਮਾਰਕ ਐਸਪਰ ਨੇ ਕਿਹਾ ਕਿ ਕੁਝ ਮਹੀਨਿਆਂ ਅੰਦਰ ਉਹ ਏਸ਼ੀਆ-ਪ੍ਰਸ਼ਾਂਤ ਵਿਚ ਮੱਧਮ ਦੂਰੀ ਵਾਲੀਆਂ ਮਿਜ਼ਾਈਲਾਂ ਨੂੰ ਤਾਇਨਾਤ ਕਰਨਾ ਚਾਹੁੰਦੇ ਹਨ। ਰੂਸ ਅਤੇ ਅਮਰੀਕਾ ਵਿਚਾਲੇ 1987 ਵਿਚ ਮੱਧਮ ਦੂਰੀ ਦੇ ਪ੍ਰਮਾਣੂੰ ਸੰਧੀ (ਆਈ.ਐਨ.ਐਫ.) 'ਤੇ ਹਸਤਾਖਰ ਕੀਤੇ ਸਨ, ਜਿਸ ਤਹਿਤ ਦੋਹਾਂ ਦੇਸ਼ਾਂ ਦੇ ਪ੍ਰਮਾਣੂੰ ਹਥਿਆਰ ਦੀ ਤਾਇਨਾਤੀ 'ਤੇ ਰੋਕ ਸੀ। ਇਸ ਸੰਧੀ ਦੀ ਮਿਆਦ ਸ਼ੁੱਕਰਵਾਰ ਨੂੰ ਖਤਮ ਹੋ ਗਈ। ਵਾਸ਼ਿੰਗਟਨ ਨੇ ਰੂਸ 'ਤੇ ਇਸ ਸੰਧੀ ਦੀ ਉਲੰਘਣਾ ਕਰਨ ਦਾ ਦੋਸ਼ ਲਗਾਉਂਦੇ ਹੋਏ ਖੁਦ ਨੂੰ ਇਸ ਤੋਂ ਵੱਖ ਕਰ ਦਿੱਤਾ। ਰੂਸ ਨੇ ਇਸ ਦੀ ਉਲੰਘਣਾ ਤੋਂ ਇਨਕਾਰ ਕੀਤਾ ਹੈ। ਚੀਨ ਦੇ ਮੁੱਖ ਹਥਿਆਰ ਕੰਟਰੋਲ ਅਧਿਕਾਰੀ ਨੇ ਮੰਗਲਵਾਰ ਨੂੰ ਆਪਣੀ ਟਿੱਪਣੀ ਵਿਚ ਚਿਤਾਵਨੀ ਦਿੱਤੀ ਕਿ ਖੇਤਰ ਦੇ ਆਸ-ਪਾਸ ਦੇ ਦੇਸ਼ ਅਮਰੀਕਾ ਨੂੰ ਆਪਣੇ-ਆਪਣੇ ਖੇਤਰ ਵਿਚ ਮੱਧਮ ਦੂਰੀ ਦੀਆਂ ਮਿਜ਼ਾਈਲਾਂ ਤਾਇਨਾਤ ਕਰਨ ਦੀ ਇਜਾਜ਼ਤ ਨਾ ਦੇਣ।


Sunny Mehra

Content Editor

Related News