ਕੋਰੋਨਾ ਵਾਇਰਸ ਦੀ ਉਤਪਤੀ ਸੰਬੰਧੀ ਜਾਂਚ ਲਈ WHO ਟੀਮ ਪਹੁੰਚੀ ਵੁਹਾਨ

01/14/2021 6:00:04 PM

ਬੀਜਿੰਗ (ਭਾਸ਼ਾ): ਕੋਰੋਨਾ ਵਾਇਰਸ ਦੀ ਉਤਪਤੀ ਦਾ ਪਤਾ ਲਗਾਉਣ ਲਈ ਵਿਸ਼ਵ ਸਿਹਤ ਸੰਗਠਨ (WHO) ਦੀ ਟੀਮ ਵੀਰਵਾਰ ਨੂੰ ਚੀਨ ਦੇ ਵੁਹਾਨ ਪਹੁੰਚੀ। ਵੁਹਾਨ ਸ਼ਹਿਰ ਵਿਚ ਹੀ ਸਭ ਤੋਂ ਪਹਿਲਾਂ ਸਤੰਬਰ 2019 ਵਿਚ ਕੋਰੋਨਾ ਵਾਇਰਸ ਇਨਫੈਕਸ਼ਨ ਸਾਹਮਣੇ ਆਇਆ ਸੀ ਅਤੇ ਉਸ ਦੇ ਬਾਅਦ ਇਸ ਨੇ ਪੂਰੀ ਦੁਨੀਆ ਨੂੰ ਆਪਣੀ ਚਪੇਟ ਵਿਚ ਲੈ ਲਿਆ ਸੀ। ਚੀਨ ਦੇ ਅਧਿਕਾਰਤ ਮੀਡੀਆ ਨੇ ਖ਼ਬਰ ਦਿੱਤੀ ਹੈ ਕਿ ਡਬਲਊ.ਐੱਚ.ਓ. ਦੇ ਮਾਹਰਾਂ ਦੀ ਟੀਮ ਕੋਵਿਡ-19 ਦੀ ਉਤਪਤੀ ਦਾ ਪਤਾ ਲਗਾਉਣ ਲਈ ਵੁਹਾਨ ਪਹੁੰਚੀ ਹੈ।

ਇਹ ਟੀਮ ਸਿੰਗਾਪੁਰ ਤੋਂ ਆਈ ਹੈ ਅਤੇ ਇਸ ਵਿਚ 10 ਮਾਹਰ ਹਨ। ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ (ਐੱਨ.ਐੱਚ.ਸੀ.) ਦੇ ਮੁਤਾਬਕ, ਡਬਲਊ.ਐੱਚ.ਓ. ਦੀ ਟੀਮ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਮਹਾਮਾਰੀ ਕੰਟਰੋਲ ਦੇ ਲਈ ਦੇਸ਼ ਦੇ ਦਿਸ਼ਾ-ਨਿਰਦੇਸ਼ਾਂ ਦੇ ਤਹਿਤ ਇਕਾਂਤਵਾਸ ਪ੍ਰਕਿਰਿਆ ਨੂੰ ਪੂਰਾ ਕਰੇਗੀ। ਮਾਹਰਾਂ ਦੇ 14 ਦਿਨਾਂ ਤੱਕ ਇਕਾਂਤਵਾਸ ਵਿਚ ਰਹਿਣ ਅਤੇ ਕੋਵਿਡ-19 ਦੀ ਜ਼ਰੂਰੀ ਜਾਂਚ ਕਰਾਏ ਜਾਣ ਦੀ ਸੰਭਾਵਨਾ ਹੈ। 

ਪੜ੍ਹੋ ਇਹ ਅਹਿਮ ਖਬਰ- ਨਿਊਜ਼ੀਲੈਂਡ ਨੇ ਸ਼ਰਤਾਂ ਸਹਿਤ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਖੋਲ੍ਹੇ ਦਰਵਾਜ਼ੇ

ਐੱਨ.ਐੱਚ.ਸੀ. ਦੇ ਅਧਿਕਾਰੀਆਂ ਨੇ ਬੁੱਧਵਾਰ ਨੂੰ ਬੀਜਿੰਗ ਵਿਚ ਮੀਡੀਆ ਨੂੰ ਦੱਸਿਆ ਕਿ ਵਾਇਰਸ ਦੀ ਸ਼ੁਰੂਆਤ ਕਿੱਥੋਂ ਹੋਈ, ਇਹ ਇਕ ਵਿਗਿਆਨਕ ਸਵਾਲ ਹੈ ਅਤੇ ਉਹਨਾਂ ਨੇ ਸੁਝਾਅ ਦਿੱਤਾ ਕਿ ਇਸ ਦੇ ਲਈ ਮਾਹਰਾਂ ਨੂੰ ਦੂਜੇ ਦੇਸ਼ਾਂ ਦਾ ਵੀ ਦੌਰਾ ਕਰਨਾ ਚਾਹੀਦਾ ਹੈ। ਐੱਨ.ਐੱਚ.ਸੀ. ਦੇ ਇਕ ਅਧਿਕਾਰੀ ਨੇ ਦੱਸਿਆ ਕਿ ਡਬਲਊ.ਐੱਚ.ਓ. ਦੇ ਮਾਹਰ ਇਕਾਂਤਵਾਸ ਦੀ ਮਿਆਦ ਦੌਰਾਨ ਚੀਨ ਦੇ ਮੈਡੀਕਲ ਮਾਹਰਾਂ ਦੇ ਨਾਲ ਵੀਡੀਓ ਕਾਨਫਰੰਸ ਦੇ ਜ਼ਰੀਏ ਗੱਲਬਾਤ ਕਰਨਗੇ। ਡਬਲਊ.ਐੱਚ.ਓ. ਦੀ ਟੀਮ ਨੂੰ ਦੌਰੇ ਦੇ ਲਈ ਦੇਰੀ ਤੋਂ ਇਜਾਜ਼ਤ ਦੇਣ 'ਤੇ ਵੀ ਸਵਾਲ ਉਠੇ। ਚੀਨ ਵੁਹਾਨ ਵਿਚ ਵਾਇਰਸ ਦੀ ਸ਼ੁਰੂਆਤ ਸੰਬੰਧੀ ਦਾਅਵਿਆਂ ਨੂੰ ਲਗਾਤਾਰ ਚੁਣੌਤੀ ਦਿੰਦਾ ਰਿਹਾ ਹੈ। ਵੁਹਾਨ ਵਿਚ ਜਾਨਵਰਾਂ ਦੇ ਬਾਜ਼ਾਰ ਤੋਂ ਕੋਰੋਨਾ ਵਾਇਰਸ ਦੀ ਸ਼ੁਰੂਆਤ ਹੋਣ ਦੀ ਧਾਰਨਾ ਨੂੰ ਚੀਨ ਲਗਾਤਾਰ ਖਾਰਿਜ ਕਰਦਾ ਆ ਰਿਹਾ ਹੈ। ਪਿਛਲੇ ਸਾਲ ਦੇ ਸ਼ੁਰੂ ਤੋਂ ਹੀ ਵੁਹਾਨ ਵਿਚ ਜਾਨਵਰਾਂ ਦੇ ਮਾਂਸ ਦਾ ਇਹ ਬਾਜ਼ਾਰ ਬੰਦ ਹੈ।

ਚੀਨ ਦੇ ਸੀ.ਡੀ.ਸੀ. ਡਿਪਟੀ ਡਾਇਰੈਕਟਰ ਫੇਂਗ ਜਿਜਿਯਾਨ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਕੈਰੀਅਰ ਜਾਂ ਕਿਵੇਂ ਇਹ ਵਾਇਰਸ ਜਾਨਵਰਾਂ ਤੋਂ ਇਨਸਾਨਾਂ ਵਿਚ ਪਹੁੰਚਿਆ, ਇਹਨਾਂ ਸਵਾਲਾਂ ਦੇ ਜਵਾਬ ਉਹਨਾਂ ਦੇ ਕੋਲ ਨਹੀਂ ਹਨ। ਉਹਨਾਂ ਨੇ ਕਿਹਾ ਕਿ ਚੀਨ ਦੇ ਮੈਡੀਕਲ ਮਾਹਰ ਵਾਇਰਸ ਦੇ ਸਰੋਤ ਦਾ ਪਤਾ ਲਗਾਉਣ ਵਿਚ ਡਬਲਊ.ਐੱਚ.ਓ. ਦੇ ਮਾਹਰਾਂ ਦੀ ਮਦਦ ਕਰਨਗੇ। ਫੇਂਗ ਨੇ ਕਿਹਾ ਕਿ ਚੀਨ ਵਾਇਰਸ ਦੇ ਸੰਬੰਧ ਵਿਚ ਅੰਤਰਰਾਸ਼ਟਰੀ ਭਾਈਚਾਰੇ ਨੂੰ ਏਕੀਕ੍ਰਿਤ ਖੋਜ ਦੀ ਅਪੀਲ ਕਰਦਾ ਰਿਹਾ ਹੈ। ਡਬਲਊ. ਐੱਚ.ਓ. ਦੀ ਟੀਮ ਦੇ ਵੁਹਾਨ ਆਉਣ 'ਤੇ ਚੀਨੀ ਮਾਹਰ ਉਹਨਾਂ ਦੇ ਨਾਲ ਮਿਲ ਕੇ ਕੰਮ ਕਰਨਗੇ।

ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ


Vandana

Content Editor

Related News