ਪਾਕਿਸਤਾਨ ਤੇ ਅਫਗਾਨਿਸਤਾਨ ਵਿਚਾਲੇ ਆਰਜ਼ੀ ਜੰਗਬੰਦੀ ਦਾ ਚੀਨ ਨੇ ਕੀਤਾ ਸਵਾਗਤ
Thursday, Mar 19, 2026 - 06:13 PM (IST)
ਬੀਜਿੰਗ: ਚੀਨ ਨੇ ਵੀਰਵਾਰ ਨੂੰ ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਾਲੇ ਹੋਈ ਆਰਜ਼ੀ ਜੰਗਬੰਦੀ ਦਾ ਨਿੱਘਾ ਸਵਾਗਤ ਕੀਤਾ ਹੈ। ਚੀਨ ਨੇ ਇਸ ਮੌਕੇ ਉਨ੍ਹਾਂ ਰਿਪੋਰਟਾਂ ਨੂੰ ਵੀ ਖਾਰਜ ਕਰ ਦਿੱਤਾ ਜਿਨ੍ਹਾਂ ਵਿੱਚ ਕਿਹਾ ਗਿਆ ਸੀ ਕਿ ਉਹ ਦੋਵਾਂ ਗੁਆਂਢੀ ਦੇਸ਼ਾਂ ਵਿਚਾਲੇ ਜੰਗਬੰਦੀ ਲਾਗੂ ਕਰਵਾਉਣ 'ਚ ਅਸਫਲ ਰਿਹਾ ਹੈ।
ਈਦ-ਉਲ-ਫਿਤਰ ਦੇ ਮੌਕੇ ਹੋਈ ਜੰਗਬੰਦੀ
ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਲਿਨ ਜਿਆਨ ਨੇ ਇਕ ਮੀਡੀਆ ਬ੍ਰੀਫਿੰਗ ਦੌਰਾਨ ਦੱਸਿਆ ਕਿ ਚੀਨ, ਈਦ-ਉਲ-ਫਿਤਰ ਦੀਆਂ ਛੁੱਟੀਆਂ ਦੌਰਾਨ ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਾਲੇ ਹੋਏ ਆਰਜ਼ੀ ਜੰਗਬੰਦੀ ਸਮਝੌਤੇ ਦੀ ਸ਼ਲਾਘਾ ਕਰਦਾ ਹੈ। ਦੱਸਣਯੋਗ ਹੈ ਕਿ ਇਹ ਜੰਗਬੰਦੀ ਸਾਊਦੀ ਅਰਬ, ਤੁਰਕੀ ਅਤੇ ਕਤਰ ਦੀ ਬੇਨਤੀ 'ਤੇ ਕੀਤੀ ਗਈ ਹੈ। ਹਾਲਾਂਕਿ ਦੋਵਾਂ ਦੇਸ਼ਾਂ ਵੱਲੋਂ ਜਾਰੀ ਬਿਆਨਾਂ ਵਿੱਚ ਚੀਨ ਦੀਆਂ ਵਿਚੋਲਗੀ ਕੋਸ਼ਿਸ਼ਾਂ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ ਸੀ।
ਚੀਨ ਦੀਆਂ ਵਿਚੋਲਗੀ ਦੀਆਂ ਕੋਸ਼ਿਸ਼ਾਂ
ਸਰੋਤਾਂ ਅਨੁਸਾਰ, ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਨੇ ਪਾਕਿਸਤਾਨੀ ਵਿਦੇਸ਼ ਮੰਤਰੀ ਇਸਹਾਕ ਡਾਰ ਅਤੇ ਅਫਗਾਨ ਹਮਰੁਤਬਾ ਅਮੀਰ ਖਾਨ ਮੁਤੱਕੀ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਸਿੱਧੀ ਗੱਲਬਾਤ ਅਤੇ ਜੰਗਬੰਦੀ ਲਈ ਪ੍ਰੇਰਿਆ ਸੀ। ਇਸ ਤੋਂ ਇਲਾਵਾ ਚੀਨ ਦੇ ਵਿਸ਼ੇਸ਼ ਦੂਤ ਯੂ ਜ਼ਿਆਓਯੋਂਗ ਨੇ ਵੀ ਇਸ ਮਕਸਦ ਲਈ ਇਸਲਾਮਾਬਾਦ ਅਤੇ ਕਾਬੁਲ ਦੇ ਦੌਰੇ ਕੀਤੇ ਸਨ।
ਹਵਾਈ ਹਮਲੇ ਤੇ ਕੂਟਨੀਤਕ ਤਣਾਅ
ਇਸ ਜੰਗਬੰਦੀ ਤੋਂ ਪਹਿਲਾਂ ਚੀਨ ਦੀ ਕੂਟਨੀਤੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਸੀ ਜਦੋਂ ਪਾਕਿਸਤਾਨ ਨੇ ਕਾਬੁਲ 'ਚ ਇੱਕ ਨਸ਼ਾ ਛੁਡਾਊ ਕੇਂਦਰ 'ਤੇ ਭਾਰੀ ਹਵਾਈ ਹਮਲਾ ਕੀਤਾ ਸੀ। ਅਫਗਾਨਿਸਤਾਨ ਦੇ ਦਾਅਵੇ ਮੁਤਾਬਕ ਇਸ ਹਮਲੇ 'ਚ 400 ਤੋਂ ਵੱਧ ਮਰੀਜ਼ਾਂ ਦੀ ਮੌਤ ਹੋ ਗਈ ਸੀ।
ਪਾਕਿਸਤਾਨ ਦੇ ਵਿਦੇਸ਼ ਦਫਤਰ ਦੇ ਬੁਲਾਰੇ ਤਾਹਿਰ ਅੰਧਰਾਬੀ ਨੇ ਉਨ੍ਹਾਂ ਖਬਰਾਂ ਨੂੰ 'ਬੇਲੋੜੀਆਂ ਅਟਕਲਾਂ' ਕਰਾਰ ਦਿੱਤਾ ਹੈ ਜਿਨ੍ਹਾਂ 'ਚ ਕਿਹਾ ਗਿਆ ਸੀ ਕਿ ਪਾਕਿਸਤਾਨ ਨੇ ਚੀਨ ਦੀ ਵਿਚੋਲਗੀ ਨੂੰ ਨਜ਼ਰਅੰਦਾਜ਼ ਕਰਕੇ ਇਹ ਹਮਲੇ ਕੀਤੇ ਹਨ। ਉਨ੍ਹਾਂ ਕਿਹਾ ਕਿ ਪਾਕਿਸਤਾਨ ਅਤੇ ਚੀਨ ਭਰੋਸੇਮੰਦ ਸਾਥੀ ਅਤੇ ਨਜ਼ਦੀਕੀ ਦੋਸਤ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
