ਚੀਨ ਦੀ ਅਮਰੀਕਾ ਨੂੰ ਸਿੱਧੀ ਚੇਤਾਵਨੀ, ਭਾਰਤ ਨਾਲ ਉਸ ਦੇ ਸਬੰਧਾਂ 'ਚ ਨਾ ਦੇਵੇ ਦਖ਼ਲ
Wednesday, Nov 30, 2022 - 12:36 PM (IST)
ਵਾਸ਼ਿੰਗਟਨ (ਭਾਸ਼ਾ)- ਚੀਨ ਨੇ ਅਮਰੀਕੀ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਭਾਰਤ ਨਾਲ ਉਸਦੇ ਸਬੰਧਾਂ ਵਿਚ ਦਖ਼ਲ ਨਾ ਦੇਣ। ਅਮਰੀਕੀ ਰੱਖਿਆ ਵਿਭਾਗ ਦੇ ਮੁੱਖ ਦਫ਼ਤਰ ਪੈਂਟਾਗਨ ਨੇ ਕਾਂਗਰਸ ਨੂੰ ਪੇਸ਼ ਕੀਤੀ ਇਕ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ। ਪੈਂਟਾਗਨ ਨੇ ਮੰਗਲਵਾਰ ਨੂੰ ਪੇਸ਼ ਇਕ ਰਿਪੋਰਟ ਵਿਚ ਕਿਹਾ ਕਿ ਅਸਲ ਕੰਟਰੋਲ ਰੇਖਾ (LAC) 'ਤੇ ਭਾਰਤ ਨਾਲ ਆਪਣੇ ਟਕਰਾਅ ਦੇ ਵਿਚਕਾਰ, ਚੀਨੀ ਅਧਿਕਾਰੀਆਂ ਨੇ ਸੰਕਟ ਦੀ ਗੰਭੀਰਤਾ ਨੂੰ ਘੱਟ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਜ਼ੋਰ ਦਿੱਤਾ ਹੈ ਕਿ ਚੀਨ ਦਾ ਇਰਾਦਾ ਸਰਹੱਦ 'ਤੇ ਸਥਿਰਤਾ ਬਣਾਈ ਰੱਖਣਾ ਹੈ ਅਤੇ ਭਾਰਤ ਨਾਲ ਉਸ ਦੇ ਦੁਵੱਲੇ ਸਬੰਧਾਂ ਦੇ ਹੋਰ ਖੇਤਰਾਂ ਨੂੰ ਰੁਕਾਵਟ ਕਾਰਨ ਹੋਣ ਵਾਲੇ ਨੁਕਸਾਨ ਤੋਂ ਬਚਾਉਣਾ ਹੈ।
ਚੀਨ ਦੀ ਫ਼ੌਜੀ ਨਿਰਮਾਣ ਸਮਰੱਥਾ 'ਤੇ ਕਾਂਗਰਸ ਨੂੰ ਦਿੱਤੀ ਗਈ ਆਪਣੀ ਤਾਜ਼ਾ ਰਿਪੋਰਟ 'ਚ ਪੈਂਟਾਗਨ ਨੇ ਕਿਹਾ, 'ਚੀਨੀ ਗਣਰਾਜ (ਪੀਆਰਸੀ) ਤਣਾਅ ਨੂੰ ਘੱਟ ਕਰਨਾ ਚਾਹੁੰਦਾ ਹੈ ਤਾਂ ਕਿ ਭਾਰਤ ਅਮਰੀਕਾ ਦੇ ਹੋਰ ਨੇੜੇ ਨਾ ਜਾਏ। ਪੀ.ਆਰ.ਸੀ. ਅਧਿਕਾਰੀਆਂ ਨੇ ਅਮਰੀਕੀ ਅਧਿਕਾਰੀਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਭਾਰਤ ਨਾਲ ਪੀ.ਆਰ.ਸੀ. ਦੇ ਸਬੰਧਾਂ ਵਿੱਚ ਦਖ਼ਲ ਨਾ ਦੇਣ।' ਪੈਂਟਾਗਨ ਨੇ ਕਿਹਾ ਕਿ ਚੀਨ-ਭਾਰਤ ਸਰਹੱਦ ਦੇ ਇੱਕ ਹਿੱਸੇ ਵਿੱਚ 2021 ਦੌਰਾਨ ਪੀ.ਐੱਲ.ਏ. ਨੇ ਸੈਨਿਕਾਂ ਦੀ ਤਾਇਨਾਤੀ ਨੂੰ ਬਣਾਈ ਰੱਖਿਆ ਅਤੇ ਐੱਲ.ਏ.ਸੀ. ਦੇ ਨਾਲ ਬੁਨਿਆਦੀ ਢਾਂਚੇ ਦਾ ਨਿਰਮਾਣ ਕਰਨਾ ਜਾਰੀ ਰੱਖਿਆ।
ਇਹ ਵੀ ਪੜ੍ਹੋ: ਵਿਦੇਸ਼ ਦੇ ਸੁਫ਼ਨੇ ਵੇਖ ਰਹੇ ਲੋਕ ਖਿੱਚ ਲੈਣ ਤਿਆਰੀ, ਕੈਨੇਡਾ ਨੂੰ ਹਰ ਸਾਲ ਚਾਹੀਦੇ ਨੇ 5 ਲੱਖ ਪ੍ਰਵਾਸੀ
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਦੋਵਾਂ ਦੇਸ਼ਾਂ (ਚੀਨ-ਭਾਰਤ) ਦਰਮਿਆਨ ਗੱਲਬਾਤ ਵਿੱਚ ਘੱਟ ਪ੍ਰਗਤੀ ਹੋਈ ਹੈ, ਕਿਉਂਕਿ ਦੋਵੇਂ ਧਿਰਾਂ ਸਰਹੱਦ 'ਤੇ ਕਥਿਤ ਆਪਣੇ-ਆਪਣੇ ਸਥਾਨ ਤੋਂ ਹਟਣ ਦਾ ਵਿਰੋਧ ਕਰਦੇ ਹਨ। ਰਿਪੋਰਟ ਦੇ ਅਨੁਸਾਰ, “ਦੋਵੇਂ ਦੇਸ਼ ਹੋਰ ਫੌਜੀ ਬਲ ਦੀ ਵਾਪਸੀ ਦੀ ਮੰਗ ਕਰ ਰਹੇ ਹਨ ਅਤੇ ਇਸ ਨਾਲ ਟਕਰਾਅ ਵਰਗੀ ਸਥਿਤੀ ਪੈਦਾ ਹੋ ਗਈ ਹੈ। ਪਰ ਨਾ ਤਾਂ ਚੀਨ ਅਤੇ ਨਾ ਹੀ ਭਾਰਤ ਨੇ ਇਹ ਸ਼ਰਤਾਂ ਮੰਨੀਆਂ ਹਨ।'
ਇਹ ਵੀ ਪੜ੍ਹੋ: USA 'ਚ ਜ਼ਿੰਦਗੀ ਤੇ ਮੌਤ ਵਿਚਾਲੇ ਜੂਝ ਰਿਹੈ ਭਾਰਤੀ ਵਿਦਿਆਰਥੀ, ਅਮਰੀਕੀ ਵੀਜ਼ੇ ਦੀ ਉਡੀਕ 'ਚ ਮਾਪੇ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।