ਚੀਨ ਨਿਯਮਿਤ ਤੌਰ ''ਤੇ ਕੋਵਿਡ-19 ਦੀ ਸਥਿਤੀ ਬਾਰੇ ਡਾਟਾ ਸਾਂਝਾ ਕਰੇ: WHO
Saturday, Dec 31, 2022 - 03:32 PM (IST)
ਸੰਯੁਕਤ ਰਾਸ਼ਟਰ/ਜਿਨੇਵਾ (ਭਾਸ਼ਾ)- ਚੀਨ ਵਲੋਂ ਆਪਣੀ 'ਜ਼ੀਰੋ-ਕੋਵਿਡ' ਨੀਤੀ ਵਿਚ ਢਿੱਲ ਦਿੱਤੇ ਜਾਣ ਤੋਂ ਬਾਅਦ ਦੇਸ਼ ਵਿਚ ਸੰਕਰਮਿਤ ਲੋਕਾਂ ਦੀ ਗਿਣਤੀ ਵਿਚ ਭਾਰੀ ਵਾਧੇ ਦੇ ਵਿਚਕਾਰ ਵਿਸ਼ਵ ਸਿਹਤ ਸੰਗਠਨ (ਡਬਲਯੂ.ਐਚ.ਓ.) ਨੇ ਇਕ ਵਾਰ ਫਿਰ ਬੀਜਿੰਗ ਨੂੰ ਨਿਯਮਤ ਤੌਰ 'ਤੇ ਲਾਗ ਨਾਲ ਸਬੰਧਤ ਅਸਲ ਡਾਟਾ ਸਾਂਝਾ ਕਰਨ ਦੀ ਬੇਨਤੀ ਕੀਤੀ। ਗਲੋਬਲ ਹੈਲਥ ਏਜੰਸੀ ਨੇ ਚੀਨੀ ਸਿਹਤ ਅਧਿਕਾਰੀਆਂ ਨੂੰ ਕਿਹਾ ਹੈ ਕਿ ਉਹ ਜੀਨੋਮ ਕ੍ਰਮ ਤੋਂ ਇਲਾਵਾ ਕੋਵਿਡ-19 ਕਾਰਨ ਹਸਪਤਾਲਾਂ ਵਿੱਚ ਦਾਖ਼ਲ ਹੋਣ ਵਾਲਿਆਂ, ਜਾਨ ਗਵਾਉਣ ਵਾਲਿਆਂ ਅਤੇ ਟੀਕਾ ਲਗਵਾਉਣ ਵਾਲਿਆਂ ਨਾਲ ਜੁੜਿਆ ਡਾਟਾ ਸਾਂਝਾ ਕਰਨ।
ਇਹ ਵੀ ਪੜ੍ਹੋ: ਨਵੇਂ ਸਾਲ 'ਤੇ ਮਾਂ ਨੂੰ ਸਰਪ੍ਰਾਈਜ਼ ਦੇਣ ਜਾ ਰਹੇ ਰਿਸ਼ਭ ਪੰਤ ਨੂੰ ਇਸ ਗ਼ਲਤੀ ਨੇ ਪਹੁੰਚਾਇਆ ਹਸਪਤਾਲ
WHO ਵੱਲੋਂ ਸ਼ੁੱਕਰਵਾਰ ਨੂੰ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਸੰਕਰਮਿਤ ਲੋਕਾਂ ਦੀ ਗਿਣਤੀ 'ਚ ਭਾਰੀ ਵਾਧੇ ਦੇ ਮੱਦੇਨਜ਼ਰ ਕੋਵਿਡ-19 ਦੀ ਸਥਿਤੀ 'ਤੇ ਹੋਰ ਜਾਣਕਾਰੀ ਪ੍ਰਾਪਤ ਕਰਨ ਅਤੇ ਵਿਸ਼ਵ ਸਿਹਤ ਸੰਗਠਨ ਦੀ ਮਾਹਰ ਅਤੇ ਹੋਰ ਸਹਾਇਤਾ ਦੀ ਪੇਸ਼ਕਸ਼ ਕਰਨ ਲਈ ਚੀਨ ਅਤੇ ਵਿਸ਼ਵ ਸਿਹਤ ਸੰਗਠਨ ਦੇ ਅਧਿਕਾਰੀਆਂ ਵਿਚਾਲੇ ਇਕ ਉੱਚ ਪੱਧਰੀ ਮੀਟਿੰਗ ਹੋਈ। ਬਿਆਨ ਦੇ ਅਨੁਸਾਰ, "ਡਬਲਯੂ.ਐੱਚ.ਓ. ਨੇ ਇੱਕ ਵਾਰ ਫਿਰ (ਚੀਨ) ਨੂੰ ਮਹਾਂਮਾਰੀ ਦੀ ਸਥਿਤੀ ਬਾਰੇ ਨਿਯਮਤ ਤੌਰ 'ਤੇ ਖਾਸ ਅਤੇ ਅਸਲ-ਸਮੇਂ ਦੇ ਡਾਟਾ ਨੂੰ ਸਾਂਝਾ ਕਰਨ ਲਈ ਕਿਹਾ।" ਇਸ ਵਿੱਚ ਜੀਨੋਮ ਕ੍ਰਮ ਦਾ ਵਾਧੂ ਡਾਟਾ ਅਤੇ ਲਾਗ ਦੇ ਕਾਰਨ ਹਸਪਤਾਲ ਵਿੱਚ ਦਾਖ਼ਲ ਹੋਣ ਵਾਲਿਆਂ, ਆਈ.ਸੀ.ਯੂ. ਵਿੱਚ ਇਲਾਜ ਕਰਾਉਣ ਵਾਲਿਆਂ, ਵਾਇਰਸ ਨਾਲ ਮਰਨ ਵਾਲਿਆਂ ਅਤੇ ਟੀਕਾ ਲਗਵਾਉਣ ਵਾਲਿਆਂ ਨਾਲ ਸੰਬਧਤ ਅੰਕੜੇ ਸ਼ਾਮਲ ਹਨ।'
ਬਿਆਨ ਵਿੱਚ ਕਿਹਾ ਗਿਆ ਹੈ ਕਿ ਵਿਸ਼ਵ ਸਿਹਤ ਸੰਗਠਨ ਨੇ ਜ਼ਿਆਦਾ ਸੰਵੇਦਨਸ਼ੀਲ ਲੋਕਾਂ ਨੂੰ ਗੰਭੀਰ ਸੰਕਰਮਣ ਅਤੇ ਮੌਤ ਤੋਂ ਬਚਾਉਣ ਲਈ ਟੀਕਾਕਰਨ ਅਤੇ ਰੋਕਥਾਮ ਵਾਲੀ ਖੁਰਾਕ ਲਗਵਾਉਣ ਦੇ ਮਹੱਤਵ ਨੂੰ ਦੁਹਰਾਇਆ ਹੈ। ਇਸ ਵਿਚ ਕਿਹਾ ਗਿਆ ਹੈ ਕਿ ਬੈਠਕ ਵਿਚ ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ ਅਤੇ ਰਾਸ਼ਟਰੀ ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰ ਦੇ ਉੱਚ ਅਧਿਕਾਰੀਆਂ ਨੇ ਮਹਾਮਾਰੀ, ਇਸਦੀ ਪ੍ਰਕਿਰਤੀ ਦੀ ਨਿਗਰਾਨੀ, ਟੀਕਾਕਰਨ, ਕਲੀਨਿਕਲ ਦੇਖਭਾਲ, ਸੰਚਾਰ ਅਤੇ ਖੋਜ ਅਤੇ ਵਿਕਾਸ ਦੇ ਖੇਤਰਾਂ ਵਿਚ ਚੀਨ ਦੀ ਰਣਨੀਤੀ ਅਤੇ ਇਸ ਦੀਆਂ ਕਾਰਵਾਈਆਂ ਬਾਰੇ WHO ਨੂੰ ਸੂਚਿਤ ਕੀਤਾ। ਬਿਆਨ ਦੇ ਅਨੁਸਾਰ, “ਚੀਨੀ ਵਿਗਿਆਨੀਆਂ ਨੂੰ WHO ਦੀ ਅਗਵਾਈ ਵਾਲੇ COVID-19 ਮਾਹਰ ਨੈਟਵਰਕ ਵਿੱਚ ਨੇੜਿਓਂ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ ਹੈ, ਜਿਸ ਵਿੱਚ COVID-19 ਕਲੀਨਿਕਲ ਪ੍ਰਬੰਧਨ ਨੈਟਵਰਕ ਵੀ ਸ਼ਾਮਲ ਹੈ।”