ਚੀਨ : ਇਨਸਾਨਾਂ 'ਚ ਬਰਡ ਫਲੂ ਦਾ ਪਹਿਲਾ ਮਾਮਲਾ ਆਇਆ ਸਾਹਮਣੇ, 4 ਸਾਲ ਦਾ ਬੱਚਾ ਸੰਕਰਮਿਤ
Thursday, Apr 28, 2022 - 12:20 PM (IST)
ਬੀਜਿੰਗ (ਏ.ਐਨ.ਆਈ.): ਦੁਨੀਆ ਭਰ 'ਚ ਕੋਰੋਨਾ ਵਾਇਰਸ ਦਾ ਕਹਿਰ ਅਜੇ ਖ਼ਤਮ ਨਹੀਂ ਹੋਇਆ ਸੀ ਕਿ ਚੀਨ ਦੇ ਹੇਨਾਨ ਸੂਬੇ 'ਚ ਬਰਡ ਫਲੂ ਦੇ H3N8 ਸਟ੍ਰੇਨ ਨਾਲ ਸੰਕਰਮਿਤ ਇਨਸਾਨ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ (ਐੱਨ.ਐੱਚ.ਸੀ.) ਨੇ ਇਕ ਬਿਆਨ 'ਚ ਮਾਮਲੇ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਫਿਲਹਾਲ ਇਸ ਕਾਰਨ ਲੋਕਾਂ ਵਿੱਚ ਲਾਗ ਫੈਲਣ ਦਾ ਖ਼ਤਰਾ ਘੱਟ ਹੈ।
ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ ਨੇ ਕਹੀ ਇਹ ਗੱਲ
ਚੀਨ ਦੇ ਨੈਸ਼ਨਲ ਹੈਲਥ ਕਮਿਸ਼ਨ ਨੇ ਦੱਸਿਆ ਕਿ ਜਿਸ ਬੱਚੇ ਵਿੱਚ ਬਰਡ ਫਲੂ ਦਾ H3N8 ਸਟ੍ਰੇਨ ਪਾਇਆ ਗਿਆ ਹੈ। ਉਸ ਵਿਚ ਬੁਖਾਰ ਸਮੇਤ ਹੋਰ ਵੀ ਕਈ ਲੱਛਣ ਮਿਲੇ ਹਨ। ਜਿਸ ਤੋਂ ਬਾਅਦ ਚਾਰ ਸਾਲਾ ਮੁੰਡੇ ਦੀ ਸਿਹਤ ਜਾਂਚ ਕੀਤੀ ਗਈ ਅਤੇ ਉਹ ਵਾਇਰਸ ਨਾਲ ਸੰਕਰਮਿਤ ਪਾਇਆ ਗਿਆ। ਐੱਨ.ਐੱਚ.ਸੀ. ਦੇ ਅਨੁਸਾਰ ਬੱਚੇ ਦੇ ਨਜ਼ਦੀਕੀ ਰਿਸ਼ਤੇਦਾਰਾਂ ਵਿੱਚੋਂ ਕੋਈ ਵੀ ਵਾਇਰਸ ਨਾਲ ਸੰਕਰਮਿਤ ਨਹੀਂ ਸੀ। ਇਸ ਵਿੱਚ ਕਿਹਾ ਗਿਆ ਹੈ ਕਿ ਬੱਚਾ ਘਰ ਵਿੱਚ ਪਾਲੀਆਂ ਮੁਰਗੀਆਂ ਅਤੇ ਕਾਂ ਦੇ ਸੰਪਰਕ ਵਿੱਚ ਆਉਣ ਨਾਲ ਸੰਕਰਮਣ ਹੋਇਆ ਹੈ।
ਪੜ੍ਹੋ ਇਹ ਅਹਿਮ ਖ਼ਬਰ -ਚੀਨ 'ਚ ਕੋਰੋਨਾ ਕਾਰਨ ਮੁੜ ਵਿਗੜਨ ਲੱਗੇ ਹਾਲਾਤ, ਬੀਜਿੰਗ 'ਚ ਕਰੋੜਾਂ ਲੋਕਾਂ ਲਈ ਨਵਾਂ ਫਰਮਾਨ ਜਾਰੀ
ਮਹਾਮਾਰੀ ਦਾ ਖਤਰਾ ਘੱਟ
ਸਿਹਤ ਕਮਿਸ਼ਨ ਨੇ ਕਿਹਾ ਕਿ H3N8 ਘੋੜਿਆਂ, ਕੁੱਤਿਆਂ ਅਤੇ ਪੰਛੀਆਂ ਵਿੱਚ ਪਹਿਲਾਂ ਹੀ ਪਾਇਆ ਜਾ ਚੁੱਕਾ ਹੈ ਪਰ ਇਹ H3N8 ਨਾਲ ਸੰਕਰਮਿਤ ਮਨੁੱਖ ਦਾ ਪਹਿਲਾ ਮਾਮਲਾ ਹੈ। ਇੱਕ ਸ਼ੁਰੂਆਤੀ ਮੁਲਾਂਕਣ ਨੇ ਇਹ ਨਿਰਧਾਰਿਤ ਕੀਤਾ ਹੈ ਕਿ ਵੇਰੀਐਂਟ ਵਿੱਚ ਅਜੇ ਤੱਕ ਮਨੁੱਖਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸੰਕਰਮਿਤ ਕਰਨ ਦੀ ਸਮਰੱਥਾ ਨਹੀਂ ਹੈ ਅਤੇ ਇਹ ਕਿ ਵੱਡੇ ਪੱਧਰ 'ਤੇ ਮਹਾਮਾਰੀ ਦਾ ਖ਼ਤਰਾ ਘੱਟ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।