'ਮੱਕੀ' ਨੂੰ ਗਲੋਬਲ ਅੱਤਵਾਦੀ ਘੋਸ਼ਿਤ ਕਰਨ ਦੀ ਅਮਰੀਕਾ-ਭਾਰਤ ਦੀ ਤਜਵੀਜ਼ 'ਤੇ ਚੀਨ ਨੇ ਲਾਈ ਰੋਕ

Friday, Jun 17, 2022 - 01:00 PM (IST)

'ਮੱਕੀ' ਨੂੰ ਗਲੋਬਲ ਅੱਤਵਾਦੀ ਘੋਸ਼ਿਤ ਕਰਨ ਦੀ ਅਮਰੀਕਾ-ਭਾਰਤ ਦੀ ਤਜਵੀਜ਼ 'ਤੇ ਚੀਨ ਨੇ ਲਾਈ ਰੋਕ

ਸੰਯੁਕਤ ਰਾਸ਼ਟਰ (ਭਾਸ਼ਾ)- ਚੀਨ ਨੇ ਪਾਕਿਸਤਾਨੀ ਅੱਤਵਾਦੀ ਅਬਦੁਲ ਰਹਿਮਾਨ ਮੱਕੀ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂ.ਐੱਨ.ਐੱਸ.ਸੀ.) ਦੀ ਪਾਬੰਦੀਸ਼ੁਦਾ ਸੂਚੀ ਵਿੱਚ ਸ਼ਾਮਲ ਕਰਨ ਲਈ ਅਮਰੀਕਾ-ਭਾਰਤ ਦੇ ਸਾਂਝੇ ਪ੍ਰਸਤਾਵ ਨੂੰ ਆਖਰੀ ਸਮੇਂ ਵਿੱਚ ਰੋਕ ਦਿੱਤਾ। ਅਮਰੀਕਾ ਅਤੇ ਭਾਰਤ ਨੇ ਮੱਕੀ ਨੂੰ ਗਲੋਬਲ ਅੱਤਵਾਦੀ ਘੋਸ਼ਿਤ ਕਰਨ ਲਈ ਸੁਰੱਖਿਆ ਪ੍ਰੀਸ਼ਦ ਦੀ ਅਲਕਾਇਦਾ ਪਾਬੰਦੀ ਕਮੇਟੀ ਦੇ ਤਹਿਤ ਇੱਕ ਸੰਯੁਕਤ ਪ੍ਰਸਤਾਵ ਪੇਸ਼ ਕੀਤਾ ਸੀ। 

ਅਮਰੀਕਾ ਪਹਿਲਾਂ ਹੀ ਮੱਕੀ ਨੂੰ ਅੱਤਵਾਦੀ ਐਲਾਨ ਕਰ ਚੁੱਕਾ ਹੈ। ਮੱਕੀ ਲਸ਼ਕਰ-ਏ-ਤੋਇਬਾ ਦੇ ਮੁਖੀ ਅਤੇ 26/11 ਮੁੰਬਈ ਹਮਲਿਆਂ ਦਾ ਮੁੱਖ ਸਾਜ਼ਿਸ਼ਕਾਰ ਹਾਫਿਜ਼ ਸਈਦ ਦਾ ਰਿਸ਼ਤੇਦਾਰ ਹੈ। ਦੱਸਿਆ ਜਾ ਰਿਹਾ ਹੈ ਕਿ ਭਾਰਤ ਅਤੇ ਅਮਰੀਕਾ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ 1267 ISIL (Daesh) ਅਤੇ ਅਲਕਾਇਦਾ ਪਾਬੰਦੀ ਕਮੇਟੀ ਦੇ ਤਹਿਤ ਮੱਕੀ ਨੂੰ ਗਲੋਬਲ ਅੱਤਵਾਦੀ ਐਲਾਨ ਕਰਨ ਲਈ ਇੱਕ ਸਾਂਝਾ ਮਤਾ ਪੇਸ਼ ਕੀਤਾ ਸੀ ਪਰ ਚੀਨ ਨੇ ਇਸ ਮਤੇ ਨੂੰ ਅੰਤਿਮ ਪਲਾਂ ਵਿੱਚ ਹੀ ਰੋਕ ਦਿੱਤਾ। ਪਾਕਿਸਤਾਨ ਦਾ ਮਿੱਤਰ ਦੇਸ਼ ਚੀਨ ਪਹਿਲਾਂ ਵੀ ਕਈ ਵਾਰ ਪਾਕਿਸਤਾਨੀ ਅੱਤਵਾਦੀਆਂ ਨੂੰ ਸੂਚੀਬੱਧ ਕਰਨ ਦੀਆਂ ਭਾਰਤ ਅਤੇ ਉਸ ਦੇ ਸਹਿਯੋਗੀਆਂ ਦੀਆਂ ਕੋਸ਼ਿਸ਼ਾਂ ਨੂੰ ਰੋਕ ਚੁੱਕਾ ਹੈ। 

ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆ ਦੇ ਨਵੇਂ ਪ੍ਰਧਾਨ ਮੰਤਰੀ ਯੂਕ੍ਰੇਨ ਦੇ ਦੌਰੇ 'ਤੇ ਕਰ ਰਹੇ ਵਿਚਾਰ

ਭਾਰਤ ਨੇ ਮਈ 2019 ਵਿੱਚ ਸੰਯੁਕਤ ਰਾਸ਼ਟਰ ਵਿੱਚ ਇੱਕ ਵੱਡੀ ਕੂਟਨੀਤਕ ਜਿੱਤ ਪ੍ਰਾਪਤ ਕੀਤੀ ਸੀ, ਜਦੋਂ ਗਲੋਬਲ ਬਾਡੀ ਨੇ ਪਾਕਿਸਤਾਨ ਸਥਿਤ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਨੂੰ "ਗਲੋਬਲ ਅੱਤਵਾਦੀ" ਘੋਸ਼ਿਤ ਕੀਤਾ। ਭਾਰਤ ਨੂੰ ਅਜਿਹਾ ਕਰਨ ਵਿੱਚ ਲਗਭਗ ਇੱਕ ਦਹਾਕਾ ਲੱਗ ਗਿਆ। ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ 15 ਮੈਂਬਰੀ ਸੰਸਥਾ ਵਿਚ ਚੀਨ ਇਕਲੌਤਾ ਅਜਿਹਾ ਦੇਸ਼ ਸੀ ਜਿਸ ਨੇ ਅਜ਼ਹਰ ਨੂੰ ਬਲੈਕਲਿਸਟ ਕਰਨ ਦੀਆਂ ਕੋਸ਼ਿਸ਼ਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ। ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਪੰਜ ਦੇਸ਼  - ਸੰਯੁਕਤ ਰਾਜ, ਬ੍ਰਿਟੇਨ, ਚੀਨ, ਫਰਾਂਸ ਅਤੇ ਰੂਸ - ਸਥਾਈ ਮੈਂਬਰ ਵਜੋਂ ਹਨ। ਉਨ੍ਹਾਂ ਨੂੰ 'ਵੀਟੋ' ਦਾ ਅਧਿਕਾਰ ਹੈ, ਭਾਵ ਜੇਕਰ ਉਨ੍ਹਾਂ ਵਿਚੋਂ ਕੋਈ ਵੀ ਕੌਂਸਲ ਦੇ ਕਿਸੇ ਮਤੇ ਦੇ ਵਿਰੁੱਧ ਵੋਟ ਪਾਉਂਦਾ ਹੈ, ਤਾਂ ਉਹ ਮਤਾ ਪਾਸ ਨਹੀਂ ਕੀਤਾ ਜਾਵੇਗਾ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News