ਅਫਗਾਨਿਸਤਾਨ ਦੇ ਕੀਮਤੀ ਖਣਿਜਾਂ ’ਤੇ ਚੀਨ ਦੀ ਨਜ਼ਰ, ਰਿਪਬਲਿਕਨ ਸੈਨੇਟਰ ਨੇ ਖੋਲ੍ਹੀ ‘ਡ੍ਰੈਗਨ’ ਦੀ ਪੋਲ

Thursday, Aug 19, 2021 - 01:20 PM (IST)

ਅਫਗਾਨਿਸਤਾਨ ਦੇ ਕੀਮਤੀ ਖਣਿਜਾਂ ’ਤੇ ਚੀਨ ਦੀ ਨਜ਼ਰ, ਰਿਪਬਲਿਕਨ ਸੈਨੇਟਰ ਨੇ ਖੋਲ੍ਹੀ ‘ਡ੍ਰੈਗਨ’ ਦੀ ਪੋਲ

ਕਾਬੁਲ/ਵਾਸ਼ਿੰਗਟਨ (ਬਿਊਰੋ)– ਅਫਗਾਨਿਸਤਾਨ ’ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਦੁਨੀਆ ਦੇ ਤਮਾਮ ਮੁਲਕ ਆਪਣੇ ਨਾਗਰਿਕਾਂ ਤੇ ਸਹਿਯੋਗੀਆਂ ਨੂੰ ਕੱਢਣ ਦੀ ਜੱਦੋ-ਜਹਿਦ ’ਚ ਜੁਟੇ ਹੋਏ ਹਨ। ਇਸ ਵਿਚਾਲੇ ਤਾਲਿਬਾਨ ਇਸ ਗੱਲ ਲਈ ਰਾਜ਼ੀ ਹੋ ਗਿਆ ਹੈ ਕਿ ਉਹ ਕਾਬੁਲ ਏਅਰਪੋਰਟ ਤੋਂ ਅਫਗਾਨ ਸਹਿਯੋਗੀਆਂ ਨੂੰ ਲਿਜਾਣ ਦੀ ਮੁਹਿੰਮ ’ਚ ਰੁਕਾਵਟ ਨਹੀਂ ਬਣੇਗਾ। ਉਥੇ ਇਕ ਅਮਰੀਕੀ ਸੈਨੇਟਰ ਨੇ ਤਾਲਿਬਾਨ ਤੇ ਚੀਨ ਦੇ ਸਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਰਿਪਬਲਿਕਨ ਸੈਨੇਟਰ ਮਾਈਕਲ ਮੈਕਕਾਲ ਦਾ ਕਹਿਣਾ ਹੈ ਕਿ ਚੀਨ ਹੁਣ ਅਫਗਾਨਿਸਤਾਨ ਦੇ ਕੀਮਤੀ ਖਣਿਜਾਂ ’ਤੇ ਆਪਣੀ ਨਜ਼ਰ ਰੱਖੀ ਬੈਠਾ ਹੈ।

ਅਖਬਾਰ ਏਜੰਸੀ ਏ. ਐੱਨ. ਆਈ. ਮੁਤਾਬਕ ਅਮਰੀਕਾ ’ਚ ਸੈਨੇਟ ਦੀ ਵਿਦੇਸ਼ੀ ਮਾਮਲਿਆਂ ਦੀ ਸੰਮਤੀ ਦੇ ਮੈਂਬਰ ਰਿਪਬਲਿਕਨ ਸੈਨੇਟਰ ਮਾਈਕਲ ਮੈਕਕਾਲ ਨੇ ਕਿਹਾ ਕਿ ਚੀਨ ਹੁਣ ਅਫਗਾਨਿਸਤਾਨ ਦੇ ਕੀਮਤੀ ਖਣਿਜਾਂ ’ਤੇ ਆਪਣੀ ਨਜ਼ਰ ਰੱਖੀ ਬੈਠਾ ਹੈ। ਚੀਨ ਇਥੋਂ ਇਨ੍ਹਾਂ ਖਣਿਜਾਂ ਦਾ ਖਨਨ ਕਰਨ ਬਾਰੇ ਵਿਚਾਰ ਕਰ ਰਿਹਾ ਹੈ। ਮੌਜੂਦਾ ਸਥਿਤੀ ’ਚ ਚੀਨ ਜੇਤੂ ਤੇ ਅਮਰੀਕਾ ਖ਼ੁਦ ਨੂੰ ਹਾਰਿਆ ਹੋਇਆ ਮਹਿਸੂਸ ਕਰ ਰਿਹਾ ਹੈ।

ਉਥੇ ਅਮਰੀਕੀ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੇਕ ਸੁਲਿਵਨ ਨੇ ਕਿਹਾ ਹੈ ਕਿ ਤਾਲਿਬਾਨ ਨੇ ਅਮਰੀਕਾ ਤੇ ਸਹਿਯੋਗੀ ਦੇਸ਼ਾਂ ਵਲੋਂ ਲਿਜਾਏ ਜਾ ਰਹੇ ਲੋਕਾਂ ਨੂੰ ਸੁਰੱਖਿਅਤ ਰਸਤਾ ਦੇਣ ’ਤੇ ਆਪਣੀ ਸਹਿਮਤੀ ਦੇ ਦਿੱਤੀ ਹੈ। ਹਾਲਾਂਕਿ ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਗੱਲ ਦੀ ਜਾਣਕਾਰੀ ਮਿਲੀ ਹੈ ਕਿ ਇਥੋਂ ਜਾਣ ਵਾਲਿਆਂ ਨੂੰ ਰੋਕਿਆ ਗਿਆ, ਇਥੋਂ ਤਕ ਕਿ ਉਨ੍ਹਾਂ ਨਾਲ ਕੁੱਟਮਾਰ ਕੀਤੇ ਜਾਣ ਦੀ ਜਾਣਕਾਰੀ ਵੀ ਮਿਲੀ ਹੈ। ਹੁਣ ਤਾਲਿਬਾਨ ਲੋਕਾਂ ਦੀ ਨਿਕਾਸੀ ’ਚ ਕਿੰਨਾ ਸਮਾਂ ਦੇਵੇਗਾ, ਇਸ ਲਈ ਗੱਲ ਕੀਤੀ ਜਾ ਰਹੀ ਹੈ।

ਇਸ ਵਿਚਾਲੇ ਜਨਰਲ ਕੇਨੇਥ ਮੈਕੇਂਜੀ ਨੇ ਦੋਹਾ ’ਚ ਤਾਲਿਬਾਨ ਨੇਤਾਵਾਂ ਨਾਲ ਸੁਰੱਖਿਅਤ ਰਸਤੇ ਦੇ ਸਬੰਧ ’ਚ ਗੱਲਬਾਤ ਕੀਤੀ ਹੈ। ਮੈਕੇਂਜੀ ਨੇ ਕਿਹਾ ਕਿ ਤਾਲਿਬਾਨ ਨੂੰ ਸਾਫ ਤੌਰ ’ਤੇ ਚਿਤਾਵਨੀ ਦੇ ਦਿੱਤੀ ਗਈ ਹੈ ਕਿ ਉਹ ਸਾਡੇ ਨਿਕਾਸੀ ਦੇ ਕੰਮ ’ਚ ਰੁਕਾਵਟ ਪਾਉਣ ਦੀ ਕੋਸ਼ਿਸ਼ ਨਾ ਕਰੇ। ਇਸ ਕੰਮ ’ਚ ਕੋਈ ਵੀ ਰੁਕਾਵਟ ਜਾਂ ਹਮਲਾ ਅਮਰੀਕੀ ਫੌਜ ’ਤੇ ਸਿੱਧਾ ਹਮਲਾ ਮੰਨਿਆ ਜਾਵੇਗਾ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News