ਭਾਰਤ ਨੂੰ ਘੇਰਨ ਲਈ ਚੀਨ ਨੇ ਸਰਹੱਦ ਦੇ ਨੇੜੇ ਬਣਾਏ 16 ਏਅਰਬੇਸ
Wednesday, Jul 28, 2021 - 12:55 PM (IST)
ਪਿਛਲੇ ਸਾਲ ਗਲਵਾਨ ਘਾਟੀ ’ਚ ਭਾਰਤ ਅਤੇ ਚੀਨ ਦਰਮਿਆਨ ਹੋਈ ਹਿੰਸਕ ਝੜਪ ਦੌਰਾਨ ਦੋਵਾਂ ਦੇਸ਼ਾਂ ’ਚ ਹੁਣ ਤੱਕ 12 ਗੇੜ ਦੀ ਗੱਲਬਾਤ ਹੋ ਚੁੱਕੀ ਹੈ ਪਰ ਤਣਾਅ ਘੱਟ ਹੋਣ ਦਾ ਨਾਂ ਨਹੀਂ ਲੈ ਰਿਹਾ। ਭਾਰਤ-ਚੀਨ ਦਰਮਿਆਨ ਅਜੇ ਵੀ ਪੂਰਬੀ-ਲੱਦਾਖ ਖੇਤਰ ’ਚ ਵੀ ਤਣਾਅ ਕਾਇਮ ਹੈ। ਇਸੇ ਦਰਮਿਆਨ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਅਚਾਨਕ ਤਿੱਬਤ ਦਾ ਦੌਰਾ ਕੀਤਾ, ਜਿਸ ਦੇ ਬਾਅਦ ਇਹ ਗੱਲ ਦੁਨੀਆ ਦੇ ਸਾਹਮਣੇ ਆਈ ਕਿ ਚੀਨ ਅਸਲ ਕੰਟਰੋਲ ਰੇਖਾ ’ਤੇ ਵੱਡੀ ਗਿਣਤੀ ’ਚ ਫੌਜ, ਅਸਲਾ-ਬਾਰੂਦ ਅਤੇ ਫੌਜੀ ਸਾਜ਼ੋ-ਸਾਮਾਨ ਇਕੱਠਾ ਕਰਨ ’ਚ ਲੱਗਾ ਹੋਇਆ ਹੈ।
ਭਾਰਤ ਨਾਲ ਲੱਗਦੇ ਚੀਨੀ ਇਲਾਕਿਆਂ ’ਚ 1-2 ਨਹੀਂ ਸਗੋਂ 16 ਹਵਾਈ ਪੱਟੀਆਂ ਬਣਾ ਰਿਹਾ ਹੈ। ਇਨ੍ਹਾਂ ’ਚ ਕੁਝ ਪੁਰਾਣੇ ਏਅਰਬੇਸ ਹਨ, ਜਿਨ੍ਹਾਂ ਦਾ ਚੀਨ ਵਿਸਤਾਰ ਕਰਵਾ ਰਿਹਾ ਹੈ। ਕੁਝ ਨਵੇਂ ਏਅਰਬੇਸ ਬਣਾ ਰਿਹਾ ਹੈ, ਇਨ੍ਹਾਂ ’ਚੋਂ ਕਈ ਏਅਰਬੇਸ ਅਜਿਹੇ ਹਨ, ਜਿਨ੍ਹਾਂ ਦੀ ਸਿਵਲ ਅਤੇ ਫੌਜ ਦੋਵਾਂ ਤਰ੍ਹਾਂ ਨਾਲ ਵਰਤੋਂ ਕਰਨ ’ਤੇ ਚੀਨ ਕੰਮ ਕਰ ਰਿਹਾ ਹੈ। ਖੁਫੀਆ ਸੂਤਰਾਂ ਤੋਂ ਮਿਲੀ ਖ਼ਬਰ ਅਨੁਸਾਰ ਚੀਨ ਇਸ ਸਮੇਂ ਜਿਹੜੀਆਂ 16 ਹਵਾਈ ਪੱਟੀਆਂ ’ਤੇ ਕੰਮ ਕਰ ਰਿਹਾ ਹੈ, ਉਨ੍ਹਾਂ ’ਚੋਂ ਵਧੇਰੇ ਲੱਦਾਖ, ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਦੇ ਇਲਾਵਾ ਕੁਝ ਹਵਾਈ ਪੱਟੀਆਂ ਭਾਰਤ, ਨੇਪਾਲ ਅਤੇ ਤਿੱਬਤ ਦੀਆਂ ਸਰਹੱਦਾਂ ਦੇ ਜੋੜ ਤੋਂ ਜ਼ਿਆਦਾ ਦੂਰ ਨਹੀਂ ਹਨ।
ਚੀਨ ਆਪਣੀ ਫੌਜੀ ਵਰਤੋਂ ਲਈ ਜਿਹੜੇ ਏਅਰਬੇਸ ਜਾਂ ਹਵਾਈ ਪੱਟੀਆਂ ਦਾ ਨਿਰਮਾਣ ਕਰਵਾ ਰਿਹਾ ਹੈ, ਉਨ੍ਹਾਂ ’ਚੋਂ ਸਭ ਤੋਂ ਵੱਧ ਉਸ ਦੇ ਦੱਖਣ-ਪੱਛਮੀ ਸੂਬੇ ਸ਼ਿਨਜਿਆਂਗ ’ਚ ਹਨ, ਜੋ ਭਾਰਤ, ਪਾਕਿਸਤਾਨ, ਅਫਗਾਨਿਸਤਾਨ ਅਤੇ ਰੂਸ ਨਾਲ ਆਪਣੀਆਂ ਸਰਹੱਦਾਂ ਜੋੜਦਾ ਹੈ। ਇਹ ਇਲਾਕੇ ਲੱਦਾਖ ਤੋਂ ਜ਼ਿਆਦਾ ਦੂਰ ਨਹੀਂ ਹਨ, ਲੱਦਾਖ ਦੇ ਨੇੜੇ ਦਾ ਇਹ ਉਹੀ ਖੇਤਰ ਹੈ ਜੋ ਪਿਛਲੇ ਇਕ ਸਾਲ ਤੋਂ ਭਾਰਤ ਅਤੇ ਚੀਨ ਦਰਮਿਆਨ ਫੌਜੀ ਝੜਪ ਦਾ ਕੇਂਦਰ ਰਿਹਾ ਹੈ। ਇਸ ਦੇ ਇਲਾਵਾ ਚੀਨ ਆਪਣੇ ਦੋ ਨਵੇਂ ਏਅਰਬੇਸ ਅਰੁਣਾਚਲ ਪ੍ਰਦੇਸ਼ ਨਾਲ ਲੱਗਦੇ ਆਪਣੇ ਇਲਾਕੇ ’ਚ ਬਣਾ ਰਿਹਾ ਹੈ, ਜਿਸ ਦੇ ਬਾਰੇ ’ਚ ਕਿਹਾ ਜਾ ਰਿਹਾ ਹੈ ਕਿ ਇਹ ਏਅਰਬੇਸ ਸਾਲ 2022 ਤੱਕ ਤਿਆਰ ਹੋ ਜਾਣਗੇ।
ਚੀਨ ਦੇ ਨਾਲ ਅਜੇ ਤੱਕ 12 ਗੇੜ ਦੀ ਗੱਲਬਾਤ ਤੋਂ ਕੋਈ ਨਤੀਜਾ ਨਹੀਂ ਨਿਕਲਿਆ। ਇਸ ਦਾ ਇਕ ਮਤਲਬ ਇਹ ਵੀ ਹੋ ਸਕਦਾ ਹੈ ਕਿ ਚੀਨ ਭਾਰਤ ਨੂੰ ਗੱਲਾਂ ’ਚ ਉਲਝਾਏ ਰੱਖਣਾ ਚਾਹੁੰਦਾ ਹੈ, ਉਧਰ ਦੂਸਰੇ ਪਾਸੇ ਆਪਣੀਆਂ ਫੌਜੀ ਤਿਆਰੀਆਂ ਬਹੁਤ ਤੇਜ਼ੀ ਨਾਲ ਕਰ ਰਿਹਾ ਹੈ। ਜਦੋਂ ਚੀਨ ਦੀਆਂ ਫੌਜੀ ਤਿਆਰੀਆਂ ਪੂਰੀਆਂ ਹੋ ਜਾਣਗੀਆਂ ਉਦੋਂ ਉਹ ਭਾਰਤ ’ਤੇ ਹਮਲਾ ਕਰ ਸਕਦਾ ਹੈ, ਭਾਰਤੀ ਹੱਦ ਦੇ ਨੇੜੇ ਬਣੇ ਚੀਨੀ ਫੌਜੀ ਹਵਾਈ ਅੱਡਿਆਂ ’ਚ ਅਰਿਗੁੰਸਾ, ਬੁਰਾਂਗ ਅਤੇ ਤਾਕਸਕੋਗਰਨ ਮਹੱਤਵਪੂਰਨ ਹਨ ਕਿਉਂਕਿ ਇਨ੍ਹਾਂ ਨੂੰ ਫੌਜੀ ਵਰਤੋਂ ਦੇ ਨਾਲ-ਨਾਲ ਸਿਵਲ ਵਰਤੋਂ ਲਈ ਵੀ ਤਿਆਰ ਕੀਤਾ ਗਿਆ ਹੈ।
ਪੜ੍ਹੋ ਇਹ ਅਹਿਮ ਖਬਰ -ਸਾਊਦੀ ਦੀ ਨਾਗਰਿਕਾਂ 'ਤੇ ਸਖ਼ਤੀ, ਭਾਰਤ ਸਮੇਤ 'ਰੈੱਡ ਲਿਸਟ' ਵਾਲੇ ਦੇਸ਼ਾਂ 'ਚ ਜਾਣ 'ਤੇ ਲੱਗੇਗਾ 3 ਸਾਲ ਬੈਨ
ਤਾਕਸਕੋਰਗਨ ਚੀਨ ਦੇ ਪੱਛਮੀ ਸ਼ਿਨਜਿਆਂਗ ਸੂਬੇ ’ਚ ਖੁਦਮੁਖਤਿਆਰ ਤਾਜਿਕ ਕਾਊਂਟੀ ਹੈ ਜੋ ਕਾਸ਼ਗਰ ਪ੍ਰੀਫੇਕਚਰ ’ਚ ਵਸਿਆ ਹੈ, ਇਹ ਖੇਤਰ ਚੀਨ ਲਈ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਹ ਪੂਰਬੀ ਪਾਮੀਰ ਪਠਾਰ ’ਤੇ ਵਸਿਆ ਹੈ ਜੋ ਕੁਨਲੁਨ, ਕਾਰਾਕੋਰਮ, ਹਿੰਦੁਕੁਸ਼ ਅਤੇ ਤਿਆਨਸ਼ਾਨ ਪਹਾੜੀ ਦੱਰਿਆਂ ਦੇ ਵਿਚਕਾਰ ਸਥਿਤ ਹੈ। ਇਸ ਖੇਤਰ ਦੀਆਂ ਹੱਦਾਂ ਅਫਗਾਨਿਸਤਾਨ ਦੇ ਵਾਖਾਨ ਦੱਰੇ, ਤਾਜਿਕਿਸਤਾਨ ਦੇ ਗੋਰਨੋ- ਬਦਖਸ਼ਾਂ ਸੂਬੇ ਅਤੇ ਭਾਰਤ ਦੇ ਗਿਲਗਿਤ-ਬਾਲਿਟਸਤਾਨ ਨਾਲ ਮਿਲਦੀਆਂ ਹਨ। ਇੱਥੇ ਚੀਨ ਨੇ ਆਪਣੀ ਇਕ ਨਵੀਂ ਹਵਾਈ ਪੱਟੀ ਬਣਾਈ ਹੈ, 10,000 ਫੁੱਟ ਦੀ ਉਚਾਈ ’ਤੇ ਮੌਜੂਦ ਇਹ ਹਵਾਈ ਅੱਡਾ ਭਾਰਤ ਦੇ ਸ਼ਿਆਚਿਨ ਇਲਾਕੇ ਤੋਂ ਕਾਫੀ ਨੇੜੇ ਹੈ। ਤਾਕਸਕੋਰਗਨ ਹਵਾਈ ਪੱਟੀ ਇਸ ਖੇਤਰ ’ਚ ਬਣੀ ਪਹਿਲੀ ਪਠਾਰੀ ਹਵਾਈ ਪੱਟੀ ਹੈ, ਜਿਸ ਨੂੰ ਚੀਨ ਭਾਰਤ ਦੇ ਵਿਰੁੱਧ ਫੌਜੀ ਮਕਸਦਾਂ ਲਈ ਵਰਤ ਸਕਦਾ ਹੈ ਅਤੇ ਇਹ ਹਵਾਈ ਅੱਡਾ ਅਤਿਆਧੁਨਿਕ ਤਕਨੀਕ ਨਾਲ ਲੈਸ ਹੈ।
ਚੀਨ ਨੇ ਆਪਣੇ ਪੱਛਮੀ ਕੰਢੇ ’ਤੇ ਹਵਾਈ ਅੱਡੇ ਦੇ ਨਿਰਮਾਣ ਦਾ ਕੰਮ ਪਿਛਲੇ ਸਾਲ ਗਲਵਾਨ ਘਾਟੀ ’ਚ ਝੜਪ ਦੌਰਾਨ ਸ਼ੁਰੂ ਕਰ ਦਿੱਤਾ ਸੀ। ਸ਼ਿਨਜਿਆਂਗ ਸੂਬੇ ’ਚ ਚੀਨ-ਪਾਕਿਸਤਾਨ ਹੱਦ ਦੇ ਨੇੜੇ ਬਣੇ ਇਸ ਹਵਾਈ ਅੱਡੇ ਨੂੰ ਲੱਦਾਖ ’ਚ ਹੋਣ ਵਾਲੀਆਂ ਸਰਗਰਮੀਆਂ ’ਤੇ ਨਜ਼ਰ ਰੱਖਣ ਦੇ ਮਕਸਦ ਨਾਲ ਬੜਾ ਮਹੱਤਵਪੂਰਨ ਮੰਨਿਆ ਜਾਂਦਾ ਹੈ। ਇਹ ਹਵਾਈ ਅੱਡਾ ਚੀਨ ਲਈ ਇਕ ਰਣਨੀਤਕ ਆਧਾਰ ਹੈ।ਸ਼ਿਨਜਿਆਂਗ ਉਈਗਰ ਖੁਦਮੁਖਤਿਆਰ ਸੂਬਾ ਖੇਤਰ ’ਚ ਸਥਿਤ ਇਹ ਹਵਾਈ ਅੱਡਾ ਤਾਜਿਕਿਸਤਾਨ, ਅਫਗਾਨਿਸਤਾਨ ਅਤੇ ਪਾਕਿਸਤਾਨ ਦੀਆਂ ਸਰਹੱਦ ਦੇ ਨੇੜੇ ਬਣਿਆ ਹੈ। ਚੀਨ ਇਸ ਨੂੰ ਕਿਸੇ ਵੀ ਹਾਲਤ ’ਚ 2022 ਤੱਕ ਸ਼ੁਰੂ ਕਰ ਦੇਣਾ ਚਾਹੁੰਦਾ ਹੈ ਅਤੇ ਉਸ ਸਮੇਂ ਤੱਕ ਚੀਨ ਭਾਰਤ ਨੂੰ ਕਈ ਗੇੜ ਦੀ ਗੱਲਬਾਤ ’ਚ ਉਲਝਾ ਰਿਹਾ ਹੈ।
ਉਂਝ ਰਣਨੀਤੀ ਦੇ ਲਿਹਾਜ਼ ਨਾਲ ਦੱਰਾ ਕਰਕੋਰਮ ਬਹੁਤ ਮਹੱਤਵਪੂਰਨ ਹੈ, ਭਾਰਤ ਅਤੇ ਚੀਨ ਦੋਵਾਂ ਲਈ ਇਹ ਇਲਾਕਾ ਬਹੁਤ ਮਹੱਤਵ ਰੱਖਦਾ ਹੈ, ਕਿਉਂਕਿ ਚੀਨ ਦੇ ਬੈਲਟ ਐਂਡ ਰੋਡ ਪ੍ਰਾਜੈਕਟ ਦੀ ਸੜਕ ਜੋ ਕਾਸ਼ਗਰ ਤੋਂ ਨਿਕਲ ਕੇ ਪਾਕਿਸਤਾਨ ਦੀ ਗਵਾਦਰ ਬੰਦਰਗਾਹ ਤੱਕ ਜਾਂਦੀ ਹੈ, ਉਹ ਇਸੇ ਕਾਰਾਕੋਰਮ ਇਲਾਕੇ ’ਚੋਂ ਹੋ ਕੋ ਲੰਘਦੀ ਹੈ। ਇਸ ਤੋਂ ਸਾਫ ਹੈ ਕਿ ਚੀਨ ਆਪਣੇ ਵਪਾਰਕ ਹਿੱਤਾਂ ਨੂੰ ਸਭ ਤੋਂ ਉਪਰ ਰੱਖ ਕੇ ਚੱਲ ਰਿਹਾ ਹੈ। ਕਾਰਾਕੋਰਮ ਦੱਰੇ ਵਾਲੇ ਪੂਰੇ ਖੇਤਰ ’ਚ ਚੀਨ ਨੇ ਘੱਟੋ-ਘੱਟ ਪੰਜ ਹਵਾਈ ਅੱਡੇ ਬਣਾਏ ਹਨ ਅਤੇ ਇਨ੍ਹਾਂ ’ਚ ਅਤਿਆਧੁਨਿਕ ਫੌਜੀ ਯੰਤਰ ਵੀ ਲਗਾਏ ਹਨ, ਹੋਤਾਨ, ਸ਼ਾਚੇ, ਕਾਸ਼ੀ (ਕਾਸ਼ਗਰ) ਤਾਕਸਕੋਰਗਨ ਅਤੇ ਯੂਤੀਅਨ ਵਾਂਗਫੰਗ ਏਅਰਬੇਸ ਇਸ ਇਲਾਕੇ ’ਚ ਬਣੇ ਸਭ ਤੋਂ ਮਹੱਤਵਪੂਰਨ ਏਅਰਬੇਸ ਹਨ।