ਚੀਨ ’ਚ ਚੱਲ ਰਿਹੈ ਮਨੁੱਖੀ ਅੰਗਾਂ ਦਾ ਵਪਾਰ, ਬੇਗੁਨਾਹਾਂ ਦੇ ਹੋ ਰਹੇ ਕਤਲ
Monday, Oct 19, 2020 - 10:31 AM (IST)
ਬੀਜਿੰਗ– ਪੀਪਲਜ਼ ਰੀਪਬਲਿਕ ਆਫ ਚਾਈਨਾ ਉਨ੍ਹਾਂ ਅਪਰਾਧਾਂ ਦਾ ਮੁਲਜ਼ਮ ਹੈ, ਜਿਨ੍ਹਾਂ ਦੀ ਤੁਲਨਾ 20ਵੀਂ ਸਦੀ ਦੇ ਯੁੱਧ ਕਾਲ ਦੇ ਸੰਘਰਸ਼ ਦੌਰਾਨ ਨਾਗਰਿਕਾਂ ’ਤੇ ਕੀਤੇ ਗਏ ਸਭ ਤੋਂ ਮਾੜੇ ਅੱਤਿਆਚਾਰਾਂ ਨਾਲ ਕੀਤੀ ਜਾ ਸਕਦੀ ਹੈ। ਜੇ ਇਹ ਦੋਸ਼ ਸੱਚੇ ਹਨ ਤਾਂ ਉਸ ਵੇਲੇ ਹਜ਼ਾਰਾਂ ਦੀ ਗਿਣਤੀ ਵਿਚ ਬੇਗੁਨਾਹ ਲੋਕਾਂ ਦੀ ਹੱਤਿਆ ਕੀਤੀ ਗਈ ਤਾਂ ਜੋ ਉਨ੍ਹਾਂ ਦੇ ਗੁਰਦੇ, ਲਿਵਰ, ਦਿਲ, ਫੇਫੜੇ ਅਤੇ ਚਮੜੀ ਨੂੰ ਕੱਢ ਕੇ ਵੇਚਿਆ ਜਾ ਸਕੇ। ਇੰਝ ਮਨੁੱਖੀ ਅੰਗਾਂ ਦਾ ਵਪਾਰ ਚੀਨ ਵਿਚ ਕੀਤਾ ਜਾ ਰਿਹਾ ਹੈ।
ਚਾਈਨਾ ਟ੍ਰਿਬਿਊਨਲ 7 ਆਜ਼ਾਦ ਮੈਂਬਰਾਂ ਦੀ ਇਕਾਈ ਹੈ, ਜਿਸ ਨੇ ਇਸ ਮਾਮਲੇ ਵਿਚ ਸੁਣਵਾਈ ਕੀਤੀ ਅਤੇ ਦਸਤਾਵੇਜ਼ਾਂ ਦੀ ਸਮੀਖਿਆ ਕੀਤੀ। ਉਹ ਇਸ ਸਿੱਟੇ ’ਤੇ ਪਹੁੰਚੀ ਕਿ ਇਹ ਸਭ ਸ਼ੱਕ ਤੋਂ ਪਰ੍ਹੇ ਦੀ ਗੱਲ ਹੈ। ਇਹ ਦੋਸ਼ ਸਾਬਤ ਹੋਏ ਹਨ। ਚੀਨ ਨੇ ਧਾਰਮਿਕ ਘੱਟ-ਗਿਣਤੀਆਂ, ਜਨਜਾਤੀ ਲੋਕਾਂ, ਬੇਗੁਨਾਹ ਕੈਦੀਆਂ ’ਤੇ ਗਲਤ ਢੰਗ ਨਾਲ ਉਨ੍ਹਾਂ ਦੀ ਹੱਤਿਆ, ਜੇਲ੍ਹਬੰਦੀ, ਸ਼ੋਸ਼ਣ, ਦੁਸ਼ਕਰਮ ਤੇ ਯੌਨ ਹਿੰਸਾ ਦੇ ਕਈ ਮਾਮਲਿਆਂ ਨੂੰ ਅੰਜਾਮ ਦਿੱਤਾ ਹੈ। ਇਹ ਇਨਸਾਨੀਅਤ ਦੇ ਖਿਲਾਫ ਹੈ। ਇਹ ਅਪਰਾਧ ਚੀਨ ਵਿਚ ਲਗਾਤਾਰ ਕੀਤੇ ਜਾਂਦੇ ਹਨ ਅਤੇ ਚੀਨੀ ਸਰਕਾਰ ਇਨ੍ਹਾਂ ਤੋਂ ਪੂਰੀ ਤਰ੍ਹਾਂ ਜਾਣੂ ਹੈ।