ਆਸਟ੍ਰੇਲੀਆਈ ਕੋਲੇ 'ਤੇ ਰੋਕ ਦੇ ਨਤੀਜੇ ਭੁਗਤ ਰਿਹੈ ਚੀਨ, ਕਈ ਸ਼ਹਿਰ ਹਨ੍ਹੇਰੇ 'ਚ ਡੁੱਬੇ

Tuesday, Jan 05, 2021 - 03:49 PM (IST)

ਆਸਟ੍ਰੇਲੀਆਈ ਕੋਲੇ 'ਤੇ ਰੋਕ ਦੇ ਨਤੀਜੇ ਭੁਗਤ ਰਿਹੈ ਚੀਨ, ਕਈ ਸ਼ਹਿਰ ਹਨ੍ਹੇਰੇ 'ਚ ਡੁੱਬੇ

ਬੀਜਿੰਗ- ਚੀਨ ਪਿਛਲੇ ਕੁਝ ਦਹਾਕਿਆਂ ਵਿਚ ਪਹਿਲੀ ਵਾਰ ਸਭ ਤੋਂ ਖਰਾਬ ਬਲੈਕਆਊਟ ਨਾਲ ਜੂਝ ਰਿਹਾ ਹੈ। ਹਾਲਾਂਕਿ ਵਰਤਮਾਨ ਵਿਚ ਚੀਨੀ ਅਰਥ ਵਿਵਸਥਾ ਕੋਰੋਨਾ ਵਾਇਰਸ ਮਹਾਮਾਰੀ ਦੇ ਪ੍ਰਭਾਵਾਂ ਤੋਂ ਉਭਰਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਅਜਿਹਾ ਲੱਗਦਾ ਹੈ ਕਿ ਇਸ ਦੀ ਕੋਸ਼ਿਸ਼ ਅਸਫਲ ਹੋ ਰਹੀ ਹੈ। ਠੰਡ ਦੇ ਮੌਸਮ ਵਿਚ ਚੀਨ ਵਿਚ ਬਿਜਲੀ ਉਤਪਾਦਨ ਮੰਗ ਦੇ ਅਨੁਸਾਰ ਨਾ ਹੋਣ ਕਰਕੇ ਚੀਨ ਹਨ੍ਹੇਰੇ ਵਿਚ ਡੁੱਬਦਾ ਜਾ ਰਿਹਾ ਹੈ। ਇਸ ਦੇ ਕਈ ਕਾਰਨ ਹਨ, ਜਿਸ ਵਿਚੋਂ ਇਕ ਵੱਡਾ ਕਾਰਨ ਚੀਨ ਦਾ ਆਸਟ੍ਰੇਲੀਆ ਤੋਂ ਕੋਲਾ ਦਰਾਮਦ 'ਤੇ ਪਾਬੰਦੀ ਲਾਉਣਾ ਹੈ ਕਿਉਂਕਿ ਦੋਹਾਂ ਦੇਸ਼ਾਂ ਵਿਚਕਾਰ ਕੋਰੋਨਾ ਕਾਰਨ ਤਲਖੀ ਵਾਲਾ ਰਿਸ਼ਤਾ ਬਣ ਗਿਆ ਹੈ। ਚੀਨ ਵਿਚ ਇਸੇ ਕਾਰਨ ਕਈ ਉਤਪਾਦ ਵੀ ਮਹਿੰਗੇ ਹੋ ਰਹੇ ਹਨ ਤੇ ਲੋਕਾਂ ਉੱਤੇ ਮਹਿੰਗਾਈ ਦੀ ਮਾਰ ਪੈ ਰਹੀ ਹੈ।

ਚੀਨ ਨੇ ਆਸਟ੍ਰੇਲੀਆਈ ਜੌਂ 'ਤੇ ਵੀ 80 ਫੀਸਦੀ ਟੈਰਿਫ ਲਾਇਆ ਤੇ ਆਸਟ੍ਰੇਲੀਆ ਨੇ ਗਾਂ ਦੇ ਮਾਸ ਦੇ ਦਰਾਮਦ 'ਤੇ ਪਾਬੰਦੀ ਲਾਈ ਸੀ। ਚੀਨ ਨੇ ਰਸਮੀ ਤੌਰ 'ਤੇ ਆਸਟ੍ਰੇਲੀਆਈ ਸ਼ਰਾਬ 'ਤੇ ਵਧੇਰੇ ਟੈਰਿਫ ਲਈ ਧਮਕੀ ਦਿੱਤੀ ਹੈ । ਇਹ ਸਾਰੇ ਘਟਨਾਕ੍ਰਮ ਇਸ ਲਈ ਹੋ ਰਹੇ ਹਨ ਕਿਉਂਕਿ ਬੀਜਿੰਗ ਨੂੰ ਇਹ ਗੱਲ ਪਸੰਦ ਨਹੀਂ ਆਈ ਸੀ ਕਿ ਆਸਟ੍ਰੇਲੀਆ ਕੋਰੋਨਾ ਵਾਇਰਸ ਬਾਰੇ ਸੱਚਾਈ ਜਾਣਨਾ ਚਾਹੁੰਦਾ ਹੈ। ਹਾਲਾਂਕਿ ਬਹੁਤ ਸਾਰੇ ਦੇਸ਼ ਇਸ ਗੱਲ ਦਾ ਦਾਅਵਾ ਕਰ ਚੁੱਕੇ ਹਨ ਕਿ ਕੋਰੋਨਾ ਚੀਨ ਤੋਂ ਹੀ ਸ਼ੁਰੂ ਹੋਇਆ ਤੇ ਉਸ ਦੀਆਂ ਅਣਗਹਿਲੀਆਂ ਕਾਰਨ ਸਾਰੇ ਵਿਸ਼ਵ ਵਿਚ ਫੈਲ ਗਿਆ। 

ਆਸਟ੍ਰੇਲੀਆਈ ਕੋਲੇ 'ਤੇ ਚੀਨ ਦੀ ਪਾਬੰਦੀ ਨੇ ਉਸ ਦੇ ਦਫ਼ਤਰੀ ਟਾਵਰਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ, ਜਿਸ ਕਾਰਨ ਚੀਨ ਦੇ ਕਈ ਸ਼ਾਪਿੰਗ ਮਾਲ ਹਨ੍ਹੇਰੇ ਵਿਚ ਹਨ। ਇਸ ਦੇ ਇਲਾਵਾ ਤਿਉਹਾਰੀ ਸੀਜ਼ਨ ਦੌਰਾਨ ਵੀ ਚੀਨ ਦੀਆਂ ਕਈ ਸੜਕਾਂ ਲੋਕਾਂ ਦੀ ਭੀੜ ਨਾਲ ਨਹੀਂ ਸਗੋਂ ਹਨ੍ਹੇਰੇ ਕਾਰਨ ਸੁੰਨਸਾਨ ਹੋ ਗਈਆਂ ਹਨ। 

ਕਿਹਾ ਜਾ ਰਿਹਾ ਹੈ ਕਿ ਜੇਕਰ ਅਜਿਹਾ ਹੀ ਚੱਲਦਾ ਰਿਹਾ ਤਾਂ ਚੀਨ ਦਾ ਵਧੇਰੇ ਹਿੱਸਾ ਹਨ੍ਹੇਰੇ ਵਿਚ ਡੁੱਬਿਆ ਰਹੇਗਾ ਤੇ ਆਮ ਜਨਤਾ ਨੂੰ ਇਸ ਦਾ ਖਾਮਿਆਜ਼ਾ ਭੁਗਤਣ ਲਈ ਮਜਬੂਰ ਹੋਣਾ ਪਵੇਗਾ। ਦੱਸਿਆ ਜਾ ਰਿਹਾ ਹੈ ਕਿ ਹੁਣ ਤੱਕ ਜਿਆਂਗਸੂ, ਹੇਨਾਨ, ਹੁਬੇਈ, ਹੁਨਾਨ, ਜਿਆਂਗਸ਼ੀ ਅਤੇ ਇਨਰ ਮੰਗਲੀਆ ਬੱਤੀ ਗੁੱਲ ਹੋਣ ਕਾਰਨ ਪ੍ਰਭਾਵਿਤ ਹੋਏ ਹਨ। ਚੀਨ ਦੇ ਦੂਜੇ ਸਭ ਤੋਂ ਵੱਡੇ ਮੀਡੀਆ ਹਾਊਸ 'ਚਾਈਨਾ ਨਿਊਜ਼ ਸਰਵਿਸ' ਨੇ ਦੱਸਿਆ ਕਿ 70 ਮਿਲੀਅਨ ਲੋਕ ਬੱਤੀ ਗੁੱਲ ਹੋਣ ਕਾਰਨ ਪ੍ਰਭਾਵਿਤ ਹੋਏ ਹਨ। ਇਸੇ ਲਈ ਲੋਕਾਂ ਨੂੰ ਲਿਫਟ ਜਾਂ ਇਲੈਕਟ੍ਰਾਨਿਕ ਪੌੜੀਆਂ ਦੀ ਥਾਂ ਦੂਜੀਆਂ ਪੌੜੀਆਂ ਵਰਤਣ ਦੀ ਸਲਾਹ ਦਿੱਤੀ ਗਈ ਹੈ। ਬਹੁਤੇ ਦਫ਼ਤਰਾਂ ਨੇ ਲੋਕਾਂ ਨੂੰ ਘਰੋਂ ਕੰਮ ਕਰਨ ਦੀ ਸਲਾਹ ਦਿੱਤੀ ਹੈ। ਪਿਛਲੇ ਮਹੀਨੇ ਚੀਨ ਨੇ ਇੰਡੋਨੇਸ਼ੀਆ ਤੋਂ ਕੋਲਾ ਖ਼ਰੀਦਣ ਲਈ ਇਕ ਸਮਝੌਤੇ 'ਤੇ ਦਸਤਖ਼ਤ ਕੀਤੇ ਹਨ। ਚੀਨ ਇੰਡੋਨੇਸ਼ੀਆ ਕੋਲੋਂ 1.5 ਬਿਲੀਅਨ ਡਾਲਰ ਦਾ ਕੋਲਾ ਖ਼ਰੀਦੇਗਾ। 
 

♦ਇਸ ਖ਼ਬਰ  ਸਬੰਧੀ ਤੁਹਾਡੀ ਕੀ ਹੈ ਰਾਇ? ਕੁਮੈਂਟ ਬਾਕਸ ਵਿਚ ਦੱਸੋ


author

Lalita Mam

Content Editor

Related News