ਕੋਰੋਨਾ ਦੀ ਅੰਤਰਰਾਸ਼ਟਰੀ ਜਾਂਚ ਰੋਕਣ ਦੇ ਦੋਸ਼ਾਂ ਨੂੰ ਚੀਨ ਨੇ ਨਕਾਰਿਆ, ਅਮਰੀਕਾ ’ਤੇ ਲਾਇਆ ਇਹ ਇਲਜ਼ਾਮ

Saturday, Aug 28, 2021 - 04:57 PM (IST)

ਕੋਰੋਨਾ ਦੀ ਅੰਤਰਰਾਸ਼ਟਰੀ ਜਾਂਚ ਰੋਕਣ ਦੇ ਦੋਸ਼ਾਂ ਨੂੰ ਚੀਨ ਨੇ ਨਕਾਰਿਆ, ਅਮਰੀਕਾ ’ਤੇ ਲਾਇਆ ਇਹ ਇਲਜ਼ਾਮ

 ਇੰਟਰਨੈਸ਼ਨਲ ਡੈਸਕ : ਚੀਨ ਨੇ ਕਿਹਾ ਹੈ ਕਿ ਵਾਸ਼ਿੰਗਟਨ ਦਾ ਇਹ ਦੋਸ਼ ਕਿ ਉਸ ਨੇ ਕੋਰੋਨਾ ਵਾਇਰਸ ਦੀ ਉਤਪੱਤੀ ਬਾਰੇ ਅੰਤਰਰਾਸ਼ਟਰੀ ਜਾਂਚਾਂ ਨੂੰ ਰੋਕਿਆ ਹੈ ਅਤੇ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ, ਦਾ ਉਦੇਸ਼ ਖ਼ਤਰਨਾਕ ਵਾਇਰਸ ਦੇ ਮੁੱਦੇ ਦਾ ਸਿਆਸੀਕਰਨ ਕਰਨਾ ਅਤੇ ਉਸ ਨੂੰ ਬਦਨਾਮ ਕਰਨਾ ਸੀ। ਅਮਰੀਕੀ ਖ਼ੁਫੀਆ ਭਾਈਚਾਰੇ ਦੀ ਰਿਪੋਰਟ ’ਚ ਕੋਰੋਨਾ ਦੀ ਉਤਪੱਤੀ ਦਾ ਪਤਾ ਨਹੀਂ ਲੱਗ ਸਕਿਆ। ਅਮਰੀਕੀ ਖ਼ੁਫੀਆ ਭਾਈਚਾਰੇ ਨੇ ਆਪਣੀ ਰਿਪੋਰਟ ’ਚ ਸ਼ੁੱਕਰਵਾਰ ਕਿਹਾ ਕਿ ਕੋਵਿਡ-19 ਦੀ ਉਤਪੱਤੀ ਦਾ ਕਾਰਨ ਬਣੇ ਸਾਰਸ-ਕੋਵ-2 ਵਾਇਰਸ ਦਾ ਵਿਕਾਸ ਜੈਵਿਕ ਹਥਿਆਰ ਵਜੋਂ ਨਹੀਂ ਕੀਤਾ ਗਿਆ। ਉਥੇ ਹੀ ਰਾਸ਼ਟਰਪਤੀ ਜੋ ਬਾਈਡੇਨ ਨੇ ਕਿਹਾ ਹੈ ਕਿ ਵਾਇਰਸ ਦੀ ਉਤਪੱਤੀ ਬਾਰੇ ਪਾਰਦਰਸ਼ਿਤਾ ਵਰਤਣ ਤੋਂ ਚੀਨ ਇਨਕਾਰ ਕਰ ਰਿਹਾ ਹੈ ਅਤੇ ਜਾਣਕਾਰੀਆਂ ਲੁਕੋ ਰਿਹਾ ਹੈ। ਰਿਪੋਰਟ ਆਉਣ ਤੋਂ ਬਾਅਦ ਬਾਈਡੇਨ ਨੇ ਕਿਹਾ ਕਿ ਇਸ ਮਹਾਮਾਰੀ ਦੀ ਉਤਪੱਤੀ ਬਾਰੇ ਮਹੱਤਵਪੂਰਣ ਜਾਣਕਾਰੀ ਚੀਨ ’ਚ ਮੌਜੂਦ ਹੈ ‘ਫਿਰ ਵੀ ਸ਼ੁਰੂ ਤੋਂ ਹੀ ਚੀਨੀ ਸਰਕਾਰ ਦੇ ਅਧਿਕਾਰੀਆਂ ਨੇ ਅੰਤਰਰਾਸ਼ਟਰੀ ਜਾਂਚਕਰਤਾਵਾਂ ਅਤੇ ਵਿਸ਼ਵਵਿਆਪੀ ਜਨਤਕ ਸਿਹਤ ਭਾਈਚਾਰੇ ਦੇ ਮੈਂਬਰਾਂ ਨੂੰ ਆਪਣੀ ਪਹੁੰਚ ਤੋਂ ਦੂਰ ਰੱਖਿਆ ਹੈ।’

ਅਮਰੀਕੀ ਰਾਸ਼ਟਰੀ ਖੁਫ਼ੀਆ ਵਿਭਾਗ ਦੇ ਡਾਇਰੈਕਟਰ ਨੇ ਆਪਣੀ ਰਿਪੋਰਟ ’ਚ ਕਿਹਾ ਕਿ ਕੋਵਿਡ-19 ਨੇ ਸ਼ੁਰੂ ’ਚ ਮਨੁੱਖਾਂ ਨੂੰ ਛੋਟੇ ਪੈਮਾਨੇ ’ਤੇ ਇਨਫੈਕਟਿਡ ਕੀਤਾ ਸੀ ਅਤੇ ਕੋਵਿਡ-19 ਦਾ ਪਹਿਲਾ ਕੇਸ ਦਸੰਬਰ 2019 ’ਚ ਚੀਨ ਦੇ ਵੁਹਾਨ ’ਚ ਪਾਇਆ ਗਿਆ ਸੀ। ਹਾਲਾਂਕਿ, ਕੋਰੋਨਾ ਵਾਇਰਸ ਦੀ ਉਤਪੱਤੀ ਬਾਰੇ ਖੁਫੀਆ ਭਾਈਚਾਰੇ (ਆਈ. ਸੀ.) ’ਚ ਕੋਈ ਸਰਬਸੰਮਤੀ ਨਹੀਂ ਹੈ ਅਤੇ ਖੁਫੀਆ ਭਾਈਚਾਰੇ ਦੀ ਰਾਏ ਇਸ ਬਾਰੇ ਵੀ ਵੰਡੀ ਹੋਈ ਹੈ ਕਿ ਕੀ ਵਾਇਰਸ ਕਿਸੇ ਚੀਨੀ ਪ੍ਰਯੋਗਸ਼ਾਲਾ ਤੋਂ ਪੈਦਾ ਹੋਇਆ ਹੈ ਜਾਂ ਕੁਦਰਤੀ ਹੈ। ਰਿਪੋਰਟ ’ਚ ਮਹੱਤਵਪੂਰਨ ਜਾਣਕਾਰੀ ਮੁਹੱਈਆ ਨਾ ਕਰਾਉਣ ਅਤੇ ਜਾਂਚ ਨੂੰ ਰੋਕਣ ਲਈ ਚੀਨ ਦੀ ਆਲੋਚਨਾ ਕੀਤੀ ਗਈ ਹੈ ਪਰ ਇਸ ਰਿਪੋਰਟ ਨੂੰ ਇੱਥੇ ਚੀਨ ਲਈ ਵੱਡੀ ਰਾਹਤ ਵਜੋਂ ਵੇਖਿਆ ਜਾ ਰਿਹਾ ਹੈ ਕਿਉਂਕਿ ਇਸ ਨੇ ਬੀਜਿੰਗ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਅਤੇ ਇਹ ਡਬਲਯੂ. ਐੱਚ. ਓ. ਦੇ ਮਾਹਿਰਾਂ ਦੀ ਜਾਂਚ ਦੇ ਸਮਾਨ ਹੈ। ਵਾਸ਼ਿੰਗਟਨ ’ਚ ਰਿਪੋਰਟ ਜਾਰੀ ਹੋਣ ਤੋਂ ਤੁਰੰਤ ਬਾਅਦ ਚੀਨ ਨੇ ਕਿਹਾ, ‘‘ਅਮਰੀਕੀ ਖੁਫੀਆ ਭਾਈਚਾਰੇ ਨੇ ਰਿਪੋਰਟ ’ਚ ਧੋਖਾਧੜੀ ਕੀਤੀ ਹੈ, ਜੋ ਵਿਗਿਆਨਿਕ ਤੌਰ ’ਤੇ ਸਹੀ ਨਹੀਂ ਹੈ।’’


author

Manoj

Content Editor

Related News