ਚੀਨ ਨੇ ਸਰਹੱਦੀ ਸਮਝੌਤਿਆਂ ਦੀ ਉਲੰਘਣਾ ਕੀਤੀ, ਸਬੰਧਾਂ ’ਤੇ ਪੈ ਰਿਹਾ ਹੈ ਅਸਰ : ਜੈਸ਼ੰਕਰ
Monday, Aug 22, 2022 - 05:55 PM (IST)
ਸਾਓ ਪਾਉਲੋ/ਬ੍ਰਾਜ਼ੀਲ (ਭਾਸ਼ਾ)– ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਕਿ ਚੀਨ ਨੇ ਭਾਰਤ ਨਾਲ ਸਰਹੱਦੀ ਸਮਝੌਤਿਆਂ ਦੀ ਉਲੰਘਣਾ ਕੀਤੀ ਹੈ, ਜਿਸ ਨਾਲ ਦੁਵੱਲੇ ਸਬੰਧ ਪ੍ਰਭਾਵਿਤ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਸਥਾਈ ਸਬੰਧ ਇਕ ਪਾਸੜ ਨਹੀਂ ਹੋ ਸਕਦੇ। ਇਨ੍ਹਾਂ ਵਿਚ ਆਪਸੀ ਸਨਮਾਨ ਹੋਣਾ ਚਾਹੀਦਾ ਹੈ। ਜੈਸ਼ੰਕਰ, ਜੋ ਕਿ ਖੇਤਰ ਨਾਲ ਸਮੁੱਚੇ ਦੁਵੱਲੇ ਸਬੰਧਾਂ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ ਦੱਖਣੀ ਅਮਰੀਕਾ ਦੇ ਆਪਣੇ 6 ਦਿਨਾ ਦੌਰੇ ਦੇ ਪਹਿਲੇ ਪੜਾਅ ’ਤੇ ਇੱਥੇ ਪਹੁੰਚੇ ਸਨ, ਨੇ ਭਾਰਤੀ ਭਾਈਚਾਰੇ ਨਾਲ ਗੱਲਬਾਤ ਦੌਰਾਨ ਇਹ ਟਿੱਪਣੀ ਕੀਤੀ।
ਭਾਰਤ-ਚੀਨ ਸਬੰਧਾਂ ’ਤੇ ਪੁੱਛੇ ਗਏ ਸਵਾਲ ਦੇ ਜਵਾਬ ’ਚ ਜੈਸ਼ੰਕਰ ਨੇ ਕਿਹਾ ਕਿ ਭਾਰਤ ਅਤੇ ਚੀਨ ਵਿਚਾਲੇ 1990 ਦੇ ਦਹਾਕੇ ਤੋਂ ਸਮਝੌਤੇ ਹੋਏ ਹਨ। ਉਨ੍ਹਾਂ ਕਿਹਾ ਕਿ ਚੀਨ ਨੇ ਇਨ੍ਹਾਂ ਦੀ ਉਲੰਘਣਾ ਕੀਤੀ ਹੈ। ਤੁਸੀਂ ਜਾਣਦੇ ਹੋ ਕਿ ਕੁਝ ਸਾਲ ਪਹਿਲਾਂ ਗਲਵਾਨ ਘਾਟੀ ਵਿਚ ਕੀ ਹੋਇਆ ਸੀ। ਇਸ ਸਮੱਸਿਆ ਦਾ ਹੱਲ ਨਹੀਂ ਨਿਕਲਿਆ ਹੈ ਅਤੇ ਇਹ ਸਪੱਸ਼ਟ ਤੌਰ ’ਤੇ ਅਸਰ ਪਾ ਰਿਹਾ ਹੈ।