ਚੀਨ ਨੇ ਆਰਥਿਕ ਵਿਕਾਸ ਨੂੰ ਹੁਲਾਰਾ ਦੇਣ ਲਈ ਵਿਆਜ ਦਰਾਂ ’ਚ ਕੀਤੀ ਕਟੌਤੀ
Monday, Aug 15, 2022 - 10:40 PM (IST)
ਬੀਜਿੰਗ—ਚੀਨ ਦੇ ਕੇਂਦਰੀ ਬੈਂਕ ਨੇ ਦੇਸ਼ ’ਚ ਆਰਥਿਕ ਵਿਕਾਸ ਨੂੰ ਰਫ਼ਤਾਰ ਦੇਣ ਲਈ ਵਿਆਜ ਦਰ 0.10 ਫੀਸਦੀ ਘਟਾ ਕੇ 2.75 ਫੀਸਦੀ ਕਰ ਦਿੱਤੀ ਹੈ। ਸਰਕਾਰ ਨੇ ਪਿਛਲੇ ਮਹੀਨੇ ਮੰਨਿਆ ਸੀ ਕਿ ਮਹਾਮਾਰੀ ’ਤੇ ਰੋਕ ਲਾਉਣ ਲਈ ਲਾਈਆਂ ਗਈਆਂ ਪਾਬੰਦੀਆਂ, ਵਿਨਿਰਮਾਣ ਅਤੇ ਖਪਤਕਾਰ ਖਰਚ ’ਚ ਰੁਕਾਵਟਾਂ ਕਾਰਨ ਉਹ ਇਸ ਸਾਲ ਅਧਿਕਾਰਤ 5.5 ਫੀਸਦੀ ਆਰਥਿਕ ਵਿਕਾਸ ਦਰ ਦਾ ਟੀਚਾ ਪੂਰਾ ਨਹੀਂ ਕਰ ਸਕਦੀ ਹੈ। ਪੀਪਲਜ਼ ਬੈਂਕ ਆਫ ਚਾਈਨਾ ਨੇ ਇਕ ਸਾਲ ਦੀ ਮਿਆਦ ਵਾਲੇ ਕਰਜ਼ਿਆਂ ’ਤੇ ਆਪਣੀ ਵਿਆਜ ਦਰ ਨੂੰ 2.85 ਫੀਸਦੀ ਤੋਂ ਘਟਾ ਕੇ 2.75 ਫੀਸਦੀ ਕਰ ਦਿੱਤਾ ਹੈ। ਕੇਂਦਰੀ ਬੈਂਕ ਨੇ ਇਸ ਦੇ ਨਾਲ ਬੈਂਕਾਂ ਨੂੰ ਵਾਧੂ 400 ਬਿਲੀਅਨ ਯੁਆਨ (60 ਅਰਬ ਡਾਲਰ) ਉਪਲੱਬਧ ਕਰਵਾਇਆ ਹੈ। ਜੁਲਾਈ ਮਹੀਨੇ ’ਚ ਫੈਕਟਰੀਆਂ ਦੇ ਉਤਪਾਦਨ ਅਤੇ ਪ੍ਰਚੂਨ ਵਿਕਰੀ ਦੇ ਕਮਜ਼ੋਰ ਅੰਕੜਿਆਂ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ।
ਬੈਂਕ ਦਾ ਇਹ ਫੈਸਲਾ ਦੱਸਦਾ ਹੈ ਕਿ ਚੀਨ ਅਸਥਾਈ ਤੌਰ ’ਤੇ ਕਰਜ਼ੇ ਦੀਆਂ ਚਿੰਤਾਵਾਂ ਨੂੰ ਦੂਰ ਕਰ ਰਿਹਾ ਹੈ ਅਤੇ ਅਕਤੂਬਰ ਜਾਂ ਨਵੰਬਰ ’ਚ ਸੱਤਾਧਾਰੀ ਪਾਰਟੀ ਦੀ ਮੀਟਿੰਗ ਤੋਂ ਪਹਿਲਾਂ ਸਿਆਸੀ ਚੁਣੌਤੀਆਂ ਨਾਲ ਨਜਿੱਠਣ ਦੀ ਕੋਸ਼ਿਸ਼ ਕਰ ਰਿਹਾ ਹੈ। ਅਜਿਹਾ ਸਮਝਿਆ ਜਾ ਰਿਹਾ ਹੈ ਕਿ ਇਸ ਬੈਠਕ ’ਚ ਸ਼ੀ ਜਿਨਪਿੰਗ ਪੁਰਾਣੀ ਚੱਲੀ ਆ ਰਹੀ ਰਵਾਇਤ ਨੂੰ ਤੋੜ ਕੇ ਤੀਜੀ ਵਾਰ ਪੰਜ ਸਾਲ ਦਾ ਕਾਰਜਕਾਲ ਸੰਭਾਲ ਸਕਦੇ ਹਨ।