ਚੀਨ ''ਚ ਕੋਰੋਨਾ ਦੇ ਨਵੇਂ ਮਾਮਲੇ ਆਉਣ ਮਗਰੋਂ ਬੰਦ ਕੀਤੀਆਂ ਗਈਆਂ ਛੋਟੇ ਬੱਚਿਆਂ ਦੀਆਂ ਕਲਾਸਾਂ
Friday, Jun 12, 2020 - 06:53 PM (IST)
ਬੀਜਿੰਗ- ਚੀਨ ਦੀ ਰਾਜਧਾਨੀ ਬੀਜਿੰਗ ਵਿਚ ਕੋਰੋਨਾ ਵਾਇਰਸ ਦੇ ਦੋ ਹੋਰ ਮਾਮਲਿਆਂ ਸਣੇ ਚੀਨ ਵਿਚ 10 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਬੀਜਿੰਗ ਵਿਚ ਸਕੂਲਾਂ ਵਿਚਾ ਪਹਿਲੀ ਤੋਂ ਤੀਜੀ ਦੀਆਂ ਕਲਾਸਾਂ ਲਗਾਉਣ ਦੀ ਯੋਜਨਾ ਮੁਅੱਤਲ ਕਰ ਦਿੱਤੀ ਹੈ।
ਬੀਜਿੰਗ ਵਿਚ 56 ਦਿਨਾਂ ਦੇ ਅੰਤਰਾਲ ਦੇ ਬਾਅਦ ਵੀਰਵਾਰ ਨੂੰ ਕੋਵਿਡ-19 ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ। ਸ਼ੁੱਕਰਵਾਰ ਨੂੰ ਦੋ ਹੋਰ ਲੋਕਾਂ ਦੇ ਕੋਰੋਨਾ ਵਾਇਰਸ ਨਾਲ ਪੀੜਤ ਹੋਣ ਦੀ ਪੁਸ਼ਟੀ ਹੋਈ। ਇਸ ਦੇ ਨਾਲ ਹੀ ਬੀਜਿੰਗ ਦੇ ਅਧਿਕਾਰੀਆਂ ਦੀਆਂ ਚਿੰਤਾਵਾਂ ਵੱਧ ਗਈਆਂ ਹਨ ਕਿਉਂਕਿ ਸਥਾਨਕ ਪੱਧਰ 'ਤੇ ਵਾਇਰਸ ਦੇ ਆਖਰੀ ਮਰੀਜ਼ ਨੂੰ 9 ਜੂਨ ਨੂੰ ਹਸਪਤਾਲ ਤੋਂ ਛੁੱਟੀ ਦਿੱਤੇ ਜਾਣ ਦੇ ਬਾਅਦ ਸਾਧਾਰਣ ਜਨਜੀਵਨ ਵੱਲ ਆ ਰਿਹਾ ਸੀ।
ਫੇਂਗਤਾਈ ਜ਼ਿਲ੍ਹੇ ਦੇ ਉਪ ਪ੍ਰਧਾਨ ਜੇਈ ਨੇ ਮੀਡੀਆ ਨੂੰ ਦੱਸਿਆ ਕਿ ਦੋਵੇਂ ਵਾਇਰਸ ਪੀੜਤ ਜ਼ਿਲ੍ਹੇ ਦੇ ਚੀਨ ਮੀਟ ਰਿਸਰਚ ਸੈਂਟਰ ਦੇ ਕਰਮਚਾਰੀ ਹਨ। ਬੀਜਿੰਗ ਵਿਚ ਲਗਾਤਾਰ 3 ਦਿਨਾਂ ਵਿਚ ਦੋ ਮਾਮਲੇ ਆਉਣ ਨਾਲ ਸ਼ਹਿਰ ਵਿਚ ਚਿੰਤਾ ਵਧ ਗਈ ਹੈ। ਸਰਕਾਰ ਨੇ ਇਹ ਸੁਨਿਸ਼ਚਿਤ ਕੀਤਾ ਕਿ ਕੋਈ ਕੌਮਾਂਤਰੀ ਉਡਾਣ ਜਾਂ ਵਿਦੇਸ਼ ਵਿਚ ਫਸੇ ਚੀਨੀ ਨਾਗਰਿਕਾਂ ਨੂੰ ਵਾਪਸ ਲੈ ਕੇ ਆ ਰਿਹਾ ਜਹਾਜ਼ ਬੀਜਿੰਗ ਵਿਚ ਨਾ ਉਤਰੇ। ਸਾਰੀਆਂ ਉਡਾਣਾਂ ਨੂੰ ਹੋਰ ਸ਼ਹਿਰਾਂ ਵੱਲ ਮੋੜਿਆ ਗਿਆ ਅਤੇ 14 ਦਿਨਾਂ ਦੇ ਇਕਾਂਤਵਾਸ ਸਣੇ ਜਾਂਚ ਨੂੰ ਜ਼ਰੂਰੀ ਬਣਾਇਆ ਗਿਆ।