ਕੋਰੋਨਾ ਵੈਕਸੀਨ ਬਣਾਉਣ ''ਚ ਚੀਨ ਸਭ ਤੋਂ ਅੱਗੇ, ਮਾਹਰਾਂ ਨੇ ਕਹੀ ਇਹ ਗੱਲ

07/08/2020 6:15:53 PM

ਬੀਜਿੰਗ (ਬਿਊਰੋ): ਪੂਰੀ ਦੁਨੀਆ ਵਿਚ ਕੋਰੋਨਾਵਾਇਰਸ ਫੈਲਾਉਣ ਵਾਲਾ ਚੀਨ ਹੀ ਇਸ ਸਮੇਂ ਕੋਵਿਡ-19 ਦੀ ਵੈਕਸੀਨ ਬਣਾਉਣ ਦੀ ਦੌੜ ਵਿਚ ਸਭ ਤੋਂ ਅੱਗੇ ਹੈ। ਚੀਨ ਦੀ ਦਵਾਈ ਬਣਾਉਣ ਵਾਲੀ ਕੰਪਨੀ ਸਾਈਨੇਵੈਕ ਬਾਇਓਟੇਕ ਚੀਨ ਦੀ ਦੂਜੀ ਅਤੇ ਦੁਨੀਆ ਦੀ ਤੀਜੀ ਕੰਪਨੀ ਬਣ ਗਈ ਜੋ ਇਸ ਮਹੀਨੇ ਦੇ ਅਖੀਰ ਤੱਕ ਟ੍ਰਾਇਲ ਦੀ ਆਖਰੀ ਸਟੇਜ ਪੂਰੀ ਕਰ ਲਵੇਗੀ। ਜਿੱਥੇ ਪੂਰੀ ਦੁਨੀਆ ਵਿਚ ਕੋਰੋਨਾਵਾਇਰਸ ਦੀ ਵੈਕਸੀਨ ਬਣਾਉਣ ਸਬੰਧੀ ਹੌਲੀ ਗਤੀ ਨਾਲ ਕੰਮ ਚੱਲ ਰਿਹਾ ਹੈ ਉੱਥੇ ਚੀਨ ਨੇ ਆਪਣੀ ਫ਼ੌਜ, ਸਰਕਾਰ ਅਤੇ ਨਿੱਜੀ ਕੰਪਨੀਆਂ ਨੂੰ ਦਵਾਈ ਬਣਾਉਣ ਦੇ ਕੰਮ ਵਿਚ ਲਗਾ ਦਿੱਤਾ ਹੈ। ਇਸ ਸਮੇਂ ਦੁਨੀਆ ਭਰ ਵਿਚ ਕੋਰੋਨਾਵਾਇਰਸ ਕਾਰਨ 1.15 ਕਰੋੜ ਤੋਂ ਵਧੇਰੇ ਲੋਕ ਪੀੜਤ ਹਨ ਅਤੇ ਉੱਥੇ 5 ਲੱਖ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। 

ਅਮਰੀਕਾ ਜਿਹੇ ਵੱਡੇ ਦੇਸ਼ ਨਿੱਜੀ ਕੰਪਨੀਆਂ ਦੇ ਨਾਲ ਮਿਲ ਕੇ ਵੈਕਸੀਨ ਦੀ ਦੌੜ ਜਿੱਤਣਾ ਚਾਹੁੰਦੇ ਹਨ ਪਰ ਚੀਨ ਵੱਡੀ ਚੁਣੌਤੀ ਦੇ ਰਿਹਾ ਹੈ। ਕੋਰੋਨਾਵਾਇਰਸ ਦੇ ਤੇਜ਼ੀ ਨਾਲ ਫੈਲਣ ਵਾਲੇ ਇਨਫੈਕਸ਼ਨ ਦੇ ਕਾਰਨ ਵੱਡੇ ਪੱਧਰ 'ਤੇ ਵੈਕਸੀਨ ਦਾ ਟ੍ਰਾਇਲ ਦੁਨੀਆ ਵਿਚ ਕਿਤੇ ਨਹੀਂ ਹੋ ਪਾ ਰਿਹਾ। ਵੈਕਸੀਨ ਬਣਾ ਕੇ ਚੀਨ ਨੇ ਦੁਨੀਆ ਵਿਚ ਆਪਣਾ ਅਕਸ ਸੁਧਾਰਨਾ ਹੈ। ਚੀਨ ਨੇ ਇਹ ਵੀ ਦੱਸਣਾ ਹੈ ਕਿ ਉਸ ਦੀ ਵੈਕਸੀਨ ਸੁਰੱਖਿਅਤ ਅਤੇ ਅਸਰਦਾਰ ਹੈ।

ਫ਼ੌਜ ਅਤੇ ਸਰਕਾਰ ਜਿਹੜੀਆਂ ਦੋ ਵੈਕਸੀਨ ਦਾ ਪਰੀਖਣ ਕਰ ਰਹੀਆਂ ਹਨ ਉਹਨਾਂ ਦਾ ਟ੍ਰਾਇਲ ਸਭ ਤੋਂ ਪਹਿਲਾਂ ਫ਼ੌਜੀ ਲੋਕਾਂ 'ਤੇ ਹੋਵੇਗਾ।ਪੀਪਲਜ਼ ਲਿਬਰੇਸ਼ਨ ਫ਼ੌਜ ਦੀ ਮੈਡੀਕਲ ਰਿਸਰਚ ਯੂਨਿਟ ਇਸ ਪੂਰੇ ਪ੍ਰਾਜੈਕਟ ਨੂੰ ਲੀਡ ਕਰ ਰਹੀ ਹੈ। ਚੀਨੀ ਫ਼ੌਜ ਦੀ ਮੈਡੀਕਲ ਰਿਸਰਚ ਯੂਨਿਟ ਨਿੱਜੀ ਦਵਾਈ ਕੰਪਨੀ ਕੈਨਸਿਨੋ ਦੇ ਨਾਲ ਮਿਲ ਕੇ ਕੋਵਿਡ-19 ਦੀ ਵੈਕਸੀਨ ਬਣਾਉਣ ਵਿਚ ਜੁਟੀ ਹੈ। ਪੂਰੀ ਦੁਨੀਆ ਵਿਚ ਇਸ ਸਮੇਂ 19 ਵੈਕਸੀਨਜ਼ ਦਾ ਮਨੁੱਖੀ ਟ੍ਰਾਇਲ ਚੱਲ ਰਿਹਾ ਹੈ ਜਿਸ ਵਿਚੋਂ 8 ਸਿਰਫ ਚੀਨ ਦੇ ਕੋਲ ਹਨ। ਚੀਨ ਦੀ ਫ਼ੌਜ ਨਿੱਜੀ ਦਵਾਈ ਕੰਪਨੀਆਂ ਕੈਨਸਿਨੋ ਅਤੇ ਸਾਈਨੋਬੈਕ ਮਿਲ ਕੇ ਇਹ 8 ਦਵਾਈਆਂ ਬਣਾ ਰਹੀਆਂ ਹਨ ਅਤੇ ਦੁਨੀਆ ਵਿਚ ਕੋਰੋਨਾ ਦੀ ਵੈਕਸੀਨ ਦੀ ਦੌੜ ਵਿਚ ਸਭ ਤੋਂ ਅੱਗੇ ਹਨ। 

ਚੀਨ ਦੀ ਸਰਕਾਰ ਨੇ ਵੈਕਸੀਨ ਬਣਾਉਣ ਦੀ ਗਤੀ ਨੂੰ ਵਧਾਉਣ ਲਈ ਸਾਈਨੋਫਾਰਮ ਦਵਾਈ ਕੰਪਨੀ ਅਤੇ ਸਾਈਨੋਬੈਕ ਨੂੰ ਫੇਜ-1 ਅਤੇ ਫੇਜ-2 ਟ੍ਰਾਇਲ ਨੂੰ ਇਕੱਠੇ ਕਰਨ ਲਈ ਕਿਹਾ ਸੀ। ਚੀਨ ਦਾ ਵੈਕਸੀਨ ਬਣਾਉਣ ਦਾ ਤਰੀਕਾ ਗੈਰ ਸਰਗਰਮ ਵੈਕਸੀਨ ਬਣਾਉਣ ਦਾ ਹੈ। ਜਦਕਿ ਪੱਛਮੀ ਦੇਸ਼ ਇਸ ਦੇ ਉਲਟ ਕੰਮ ਕਰ ਰਹੇ ਹਨ। ਚੀਨ ਦੇ 8 ਵੈਕਸੀਨ ਉਮੀਦਵਾਰਾਂ ਵਿਚੋਂ ਚਾਰ ਹਿਊਮਨ ਟ੍ਰਾਈਲਜ਼ ਵਿਚ ਪਹੁੰਚੀਆਂ ਵੈਕਸੀਨ ਗੈਰ ਸਰਗਰਮ ਹਨ। ਦੁਨੀਆ ਵਿਚ ਵੈਕਸੀਨ ਬਣਾਉਣ ਲਈ ਮਸ਼ਹੂਰ ਡਾਕਟਰ ਪਾਲ ਆਫਿਟ ਨੇ ਕਿਹਾ ਕਿ ਗੈਰ ਸਰਗਰਮ ਵੈਕਸੀਨ ਢੰਗ ਪ੍ਰਮਾਣਿਤ ਅਤੇ ਮਜ਼ਬੂਤ ਹੈ। ਜੇਕਰ ਮੈਨੂੰ ਕਿਹਾ ਜਾਵੇਗਾ ਤਾਂ ਮੈਂ ਚੀਨ ਦੇ ਉਮੀਦਵਾਰ ਵਿਚੋਂ ਹੀ ਕਿਸੇ ਇਕ ਦੀ ਚੋਣ ਕਰਾਂਗਾ। ਚੀਨ ਦੀ ਮੈਡੀਕਲ ਰਿਸਰਚ ਯੂਨਿਟ ਦੀ ਹੈੱਡ ਅਤੇ ਚੀਨ ਵਿਚ ਵੈਕਸੀਨ ਨੂੰ ਵਿਕਸਿਤ ਕਰਨ ਵਾਲੀ ਵਿਗਿਆਨੀ ਚੇਨ ਵੇਈ ਨੇ ਖੁਦ ਹੀ ਸਭ ਤੋਂ ਪਹਿਲਾਂ ਕੋਰੋਨਾਵਾਇਰਸ ਲਈ ਬਣਾਈ ਗਈ ਵੈਕਸੀਨ ਦਾ ਸ਼ਾਟ ਲਿਆ ਸੀ। ਚੇਨ ਵੇਈ ਦੀ ਟੀਮ ਨੇ ਹੀ ਕਈ ਸਾਲ ਪਹਿਲਾਂ ਸਾਰਸ ਦੇ ਲਈ ਵੀ ਵੈਕਸੀਨ ਬਣਾਈ ਸੀ।


 


Vandana

Content Editor

Related News