ਚੀਨ ਨੇ ਵਿਦੇਸ਼ੀ ਨਾਗਰਿਕਾਂ ਦੇ ਆਨਲਾਈਨ ਧਾਰਮਿਕ ਸਮੱਗਰੀ ਦਾ ਪ੍ਰਚਾਰ ਕਰਨ ''ਤੇ ਲਗਾਈ ਪਾਬੰਦੀ
Wednesday, Dec 22, 2021 - 10:14 PM (IST)
ਬੀਜਿੰਗ - ਚੀਨ ਨੇ ਇੱਕ ਨਵਾਂ ਨਿਯਮ ਜਾਰੀ ਕੀਤਾ ਹੈ ਜਿਸਦੇ ਤਹਿਤ ਰਾਸ਼ਟਰੀ ਸੁਰੱਖਿਆ ਹਿੱਤਾਂ ਦਾ ਹਵਾਲਾ ਦਿੰਦੇ ਹੋਏ ਸਾਰੇ ਵਿਦੇਸ਼ੀ ਸੰਗਠਨਾਂ ਜਾਂ ਵਿਅਕਤੀਆਂ ਨੂੰ ਦੇਸ਼ ਵਿੱਚ ਧਾਰਮਿਕ ਸਮੱਗਰੀ ਦਾ ਆਨਲਾਈਨ ਪ੍ਰਚਾਰ ਕਰਨ 'ਤੇ ਪਾਬੰਦੀ ਲਗਾ ਦਿੱਤੀ ਹੈ। ਇੱਕ ਖ਼ਬਰ ਵਿੱਚ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ ਹੈ। ਹਾਂਗਕਾਂਗ ਦੇ ‘ਸਾਊਥ ਚਾਈਨਾ ਮਾਰਨਿੰਗ ਪੋਸਟ' ਨੇ ਨਵੇਂ ਨਿਯਮਾਂ ਦਾ ਹਵਾਲਾ ਦਿੰਦੇ ਹੋਏ ਆਪਣੀ ਖ਼ਬਰ ਵਿੱਚ ਦੱਸਿਆ ਕਿ ਕਿਸੇ ਵੀ ਸੰਗਠਨ ਜਾਂ ਵਿਅਕਤੀ ਨੂੰ ਇੰਟਰਨੈਟ 'ਤੇ ਧਾਰਮਿਕ ਸਮਾਗਮਾਂ ਬਾਰੇ ਜਾਣਕਾਰੀ ਪ੍ਰਸਾਰਿਤ ਕਰਨ ਦੀ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ, ਜਦੋਂ ਤੱਕ ਕਿ ਉਨ੍ਹਾਂ ਕੋਲ ਚੀਨ ਦੇ ਧਾਰਮਿਕ ਰੈਗੂਲੇਟਰ ਵਲੋਂ ਲਾਇਸੈਂਸ ਨਹੀਂ ਹੋਵੇ। ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੁਆਰਾ ਇੱਕ ਰਾਸ਼ਟਰੀ ਧਾਰਮਿਕ ਸੰਮੇਲਨ ਵਿੱਚ ਹਿੱਸਾ ਲੈਣ ਦੇ ਦੋ ਹਫ਼ਤੇ ਬਾਅਦ ਇਹ ਨਵੇਂ ਨਿਯਮ ਜਾਰੀ ਕੀਤੇ ਗਏ ਹਨ। ਜਿਨਪਿੰਗ ਨੇ ਚਾਰ ਦਸੰਬਰ ਨੂੰ ਧਾਰਮਿਕ ਮਾਮਲਿਆਂ ਨਾਲ ਸਬੰਧਿਤ ਇੱਕ ਰਾਸ਼ਟਰੀ ਸੰਮੇਲਨ ਨੂੰ ਸੰਬੋਧਿਤ ਕਰਦੇ ਹੋਏ ਚੀਨੀ ਸੰਦਰਭ ਵਿੱਚ ਧਰਮਾਂ ਦੇ ਵਿਕਾਸ ਦੇ ਸਿੱਧਾਂਤ ਨੂੰ ਬਣਾਏ ਰੱਖਣ 'ਤੇ ਜ਼ੋਰ ਦਿੱਤਾ ਸੀ।
ਸਰਕਾਰੀ ਸਮਾਚਾਰ ਏਜੰਸੀ 'ਸ਼ਿਨਹੂਆ' ਦੀ ਖ਼ਬਰ ਅਨੁਸਾਰ ਜਿਨਪਿੰਗ ਨੇ ਕਿਹਾ ਕਿ ਇਸ ਸਿੱਧਾਂਤ ਨੂੰ ਅੱਗੇ ਵਧਾਉਣਾ ਲਾਜ਼ਮੀ ਹੈ ਅਤੇ ਆਨਲਾਈਨ ਧਾਰਮਿਕ ਮਾਮਲਿਆਂ ਦੇ ਪ੍ਰਬੰਧਨ ਨੂੰ ਮਜ਼ਬੂਤ ਕੀਤਾ ਜਾਣਾ ਚਾਹੀਦਾ ਹੈ। ‘ਸਾਊਥ ਚਾਈਨਾ ਮਾਰਨਿੰਗ ਪੋਸਟ' ਦੀ ਖ਼ਬਰ ਵਿੱਚ ਕਿਹਾ ਗਿਆ ਹੈ ਕਿ ਇਨ੍ਹਾਂ ਨਿਯਮਾਂ ਵਿੱਚ ਕਿਹਾ ਗਿਆ ਹੈ ਕਿ ਧਾਰਮਿਕ ਸਮੱਗਰੀ ਨੂੰ ਆਨਲਾਈਨ ਪ੍ਰਸਾਰਿਤ ਕਰਨ ਲਈ ਲਾਇਸੈਂਸ ਲਈ ਅਰਜ਼ੀ ਦੇਣ ਵਾਲੇ ਲੋਕਾਂ ਨੂੰ ਚੀਨ ਵਿੱਚ ਸਥਿਤ ਇੱਕ ਇਕਾਈ ਜਾਂ ਵਿਅਕਤੀ ਹੋਣਾ ਚਾਹੀਦਾ ਹੈ ਅਤੇ ਚੀਨੀ ਕਾਨੂੰਨਾਂ ਦੁਆਰਾ ਮਾਨਤਾ ਪ੍ਰਾਪਤ ਹੋਣਾ ਚਾਹੀਦਾ ਹੈ ਅਤੇ ਇਸਦਾ ਮੁੱਖ ਪ੍ਰਤਿਨਿੱਧੀ ਚੀਨੀ ਹੋਣਾ ਚਾਹੀਦਾ ਹੈ। ਨਿਯਮਾਂ ਦੇ ਤਹਿਤ, ਸਥਾਨਕ ਸਰਕਾਰ ਦੇ ਧਾਰਮਿਕ ਮਾਮਲਿਆਂ ਦੇ ਵਿਭਾਗ ਨੂੰ ਇੱਕ ਲਾਇਸੈਂਸ ਲਈ ਅਰਜ਼ੀ ਦੇਣੀ ਹੋਵੇਗੀ ਜੋ ਤਿੰਨ ਸਾਲ ਲਈ ਵੈਧ ਹੋਵੇਗਾ। ਖ਼ਬਰ ਵਿੱਚ ਕਿਹਾ ਗਿਆ ਹੈ ਕਿ ਨਵੇਂ ਨਿਯਮਾਂ ਅਨੁਸਾਰ ਲਾਇਸੈਂਸ ਪ੍ਰਾਪਤ ਧਾਰਮਿਕ ਸਮੂਹਾਂ, ਧਾਰਮਿਕ ਸਕੂਲਾਂ, ਮੰਦਰਾਂ ਅਤੇ ਚਰਚਾਂ ਨੂੰ ਛੱਡ ਕੇ ਕੋਈ ਵੀ ਸੰਗਠਨ ਜਾਂ ਵਿਅਕਤੀ ਇੰਟਰਨੈੱਟ 'ਤੇ ਉਪਦੇਸ਼ ਨਹੀਂ ਦੇ ਸਕਦੇ ਹਨ। ਨਿਯਮਾਂ ਦੇ ਅਨੁਸਾਰ ਇੰਟਰਨੈੱਟ 'ਤੇ ਧਾਰਮਿਕ ਸਿੱਖਿਆ ਅਤੇ ਸਿਖਲਾਈ ਦਾ ਸੰਚਾਲਨ ਕਰਨ ਦੀ ਮਨਜ਼ੂਰੀ ਨਹੀਂ ਹੋਵੇਗੀ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।