ਵੁਹਾਨ ਦੀ ਡਾਕਟਰ ਦਾ ਖੁਲਾਸਾ- 'ਸਾਨੂੰ ਚੁੱਪ ਰਹਿਣ ਦੀ ਮਿਲੀ ਸੀ ਧਮਕੀ'
Thursday, Mar 12, 2020 - 10:11 AM (IST)
ਬੀਜਿੰਗ (ਬਿਊਰੋ): ਚੀਨ ਦੇ ਵੁਹਾਨ ਸ਼ਹਿਰ ਤੋਂ ਹੀ ਬੀਤੇ ਸਾਲ ਕਰੀਬ 15 ਦਸੰਬਰ 2019 ਤੋਂ ਜਾਨਲੇਵਾ ਕੋਰੋਨਾਵਾਇਰਸ ਫੈਲਣਾ ਸ਼ੁਰੂ ਹੋਇਆ ਸੀ।ਉਦੋਂ ਹੀ ਡਾਕਟਰਾਂ ਨੇ ਪਤਾ ਕਰ ਲਿਆ ਸੀ ਕਿ ਇਹ ਵਾਇਰਸ ਵੱਖਰਾ ਤੇ ਜਾਨਲੇਵਾ ਹੈ ਅਤੇ ਬਹੁਤ ਤੇਜ਼ੀ ਨਾਲ ਫੈਲੇਗਾ ਪਰ ਚੀਨ ਦੀ ਸਰਕਾਰ ਅਤੇ ਅਧਿਕਾਰੀਆਂ ਨੇ ਡਾਕਟਰਾਂ ਨੂੰ ਕੁਝ ਵੀ ਬੋਲਣ ਤੋਂ ਮਨਾ ਕਰ ਦਿੱਤਾ ਸੀ। ਜੇਕਰ ਉਸੇ ਵੇਲੇ ਚੀਨ ਵੁਹਾਨ ਦੇ ਇਹਨਾਂ ਡਾਕਟਰਾਂ ਦੀ ਸੁਣ ਲੈਂਦਾ ਤਾਂ ਇਹ ਵਾਇਰਸ ਇੰਨਾ ਨਾ ਫੈਲਦਾ।

ਵੁਹਾਨ ਤੋਂ ਫੈਲੇ ਕੋਰੋਨਾਵਾਇਰਸ ਕਾਰਨ ਹੁਣ ਤੱਕ ਪੂਰੀ ਦੁਨੀਆ ਵਿਚ 4,595 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 122,926 ਲੋਕ ਇਨਫੈਕਟਿਡ ਹਨ। ਵੁਹਾਨ ਵਿਚ ਜਿਸ ਡਾਕਟਰ ਨੇ ਸਭ ਤੋਂ ਪਹਿਲਾਂ ਇਸ ਵਾਇਰਸ ਦੀ ਜਾਣਕਾਰੀ ਦਿੱਤੀ ਸੀ ਉਹਨਾਂ ਦੀ ਮੌਤ ਹੋ ਗਈ। ਕੁਝ ਲੋਕ ਲਾਪਤਾ ਹੋ ਗਏ। ਅੱਜ ਅਸੀਂ ਤੁਹਾਨੂੰ ਕੋਵਿਡ-19 ਦੀ ਖੋਜ ਕਰਨ ਵਾਲੇ ਡਾਕਟਰਾਂ ਵਿਚੋਂ ਇਕ ਆਈ ਫੇਨ ਵੱਲੋਂ ਚੀਨ ਵਿਰੁੱਧ ਕੀਤੇ ਖੁਲਾਸੇ ਬਾਰੇ ਦੱਸ ਰਹੇ ਹਾਂ।

ਵੁਹਾਨ ਦੀ ਡਾਕਟਰ ਆਈ ਫੇਨ ਨੇ ਕਿਹਾ,''ਮੇਰੇ ਕਈ ਸਾਥੀ ਇਸ ਬੀਮਾਰੀ ਨਾਲ ਪੀੜਤ ਲੋਕਾਂ ਦਾ ਇਲਾਜ ਕਰਦੇ ਮਰ ਗਏ ਪਰ ਦਸੰਬਰ ਵਿਚ ਜਦੋਂ ਅਸੀਂ ਇਸ ਵਾਇਰਸ ਦੇ ਬਾਰੇ ਵਿਚ ਉੱਚ ਸਰਕਾਰੀ ਅਧਿਕਾਰੀਆਂ ਨੂੰ ਦੱਸਿਆ ਤਾਂ ਸਾਨੂੰ ਚੁੱਪ ਰਹਿਣ ਲਈ ਕਿਹਾ ਗਿਆ।''

ਡਾਕਟਰ ਆਈ ਫੇਨ ਨੇ ਚੀਨ ਦੀ ਮੈਗਜ਼ੀਨ ਰੇਨਵੂ ਨੂੰ ਦਿੱਤੇ ਇਕ ਇੰਟਰਵਿਊ ਵਿਚ ਇਹ ਸਾਰੀਆਂ ਗੱਲਾਂ ਦੱਸੀਆਂ। ਡਾਕਟਰ ਫੇਨ ਵੁਹਾਨ ਸੈਂਟਰਲ ਹਸਪਤਾਲ ਵਿਚ ਐਮਰਜੈਂਸੀ ਵਿਭਾਗ ਦੀ ਡਾਇਰੈਕਟਰ ਹਨ। ਫੇਨ ਨੇ ਦੱਸਿਆ,''ਉਹਨਾਂ ਨੂੰ ਧਮਕਾਇਆ ਗਿਆ ਸੀ ਕਿ ਜੇਕਰ ਤੁਸੀਂ ਇਸ ਵਾਇਰਸ ਦੇ ਬਾਰੇ ਵਿਚ ਕਿਸੇ ਨਾਲ ਵੀ ਗੱਲ ਕਰੋਗੇ ਤਾਂ ਨਤੀਜਾ ਬਹੁਤ ਬੁਰਾ ਹੋਵੇਗਾ। ਉਹਨਾਂ ਦੇ ਸਾਥੀ ਅਤੇ ਇਸ ਮਾਮਲੇ ਨੂੰ ਸੋਸ਼ਲ ਮੀਡੀਆ 'ਤੇ ਚੁੱਕਣ ਵਾਲੇ ਡਾਕਟਰ ਲੀ ਵੇਨਲਿਯਾਂਗ ਹਾਲੇ ਜੇਲ ਵਿਚ ਹਨ।'' ਫੇਨ ਮੁਤਾਬਕ,''ਜੇਕਰ ਮੈਨੂੰ ਇਹ ਪਤਾ ਹੁੰਦਾ ਕਿ ਇਹ ਵਾਇਰਸ ਇੰਨੇ ਲੋਕਾਂ ਦੀ ਜਾਨ ਲਵੇਗਾ ਤਾਂ ਮੈਂ ਚੁੱਪ ਨਾ ਬੈਠਦੀ। ਮੈਂ ਪੂਰੀ ਦੁਨੀਆ ਵਿਚ ਇਹ ਗੱਲ ਸਾਰਿਆਂ ਨੂੰ ਦੱਸਦੀ। ਜਿਹੜੇ ਵੀ ਮਾਧਿਅਮ ਨਾਲ ਦੱਸ ਪਾਉਂਦੀ ਮੈਂ ਇਹ ਜਾਣਕਾਰੀ ਸਾਰਿਆਂ ਨੂੰ ਦਿੰਦੀ। ਫਿਰ ਭਾਵੇਂ ਮੈਨੂੰ ਕੋਈ ਜੇਲ ਵਿਚ ਹੀ ਕਿਉਂ ਨਾ ਸੁੱਟ ਦਿੰਦਾ।''

ਡਾਕਟਰ ਫੇਨ ਦਾ ਇਹ ਇੰਟਰਵਿਊ ਰੇਨਵੂ ਨੇ ਆਪਣੀ ਸਾਈਟ ਤੋਂ ਹਟਾ ਦਿੱਤਾ ਹੈ। ਚੀਨ ਦੀ ਸੋਸ਼ਲ ਮੀਡੀਆ ਸਾਈਟ 'ਤੇ ਵੀ ਡਾਕਟਰ ਫੇਨ ਦਾ ਇੰਟਰਵਿਊ ਗਾਇਬ ਹੋ ਗਿਆ ਪਰ ਕੁਝ ਚੀਨੀ ਲੋਕਾਂ ਨੇ ਇਸ ਇੰਟਰਵਿਊ ਦੇ ਸਕ੍ਰੀਨ ਸ਼ਾਟ ਲਏ ਸਨ। ਹੁਣ ਫੇਨ ਦਾ ਇੰਟਰਵਿਊ ਇਮੋਜੀ ਅਤੇ ਮੋਰਸ ਕੋਡ ਵਿਚ ਬਦਲ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕੀਤਾ ਜਾ ਰਿਹਾ ਹੈ। ਇਸ ਨੂੰ ਨਿਰਮਾਤਾ ਟੋਨੀ ਲਿਨ ਨੇ ਆਪਣੇ ਟਵਿੱਟਰ ਹੈਂਡਲ ਤੋਂ ਸ਼ੇਅਰ ਕੀਤਾ ਹੈ।

ਫੇਨ ਨੇ ਇਹ ਵੀ ਦੱਸਿਆ,''30 ਦਸੰਬਰ ਨੂੰ ਉਹਨਾਂ ਨੂੰ ਕਈ ਮਰੀਜ਼ ਇਕੋ ਜਿਹੀ ਬੀਮਾਰੀ ਵਾਲੇ ਲੱਛਣ ਦੇ ਨਾਲ ਦਿਖਾਈ ਦਿੱਤੇ। ਅਸੀਂ ਜਦੋਂ ਉਹਨਾਂ ਦੀ ਲੈਬ ਵਿਚ ਜਾਂਚ ਕੀਤੀ ਤਾਂ ਪਤਾ ਚੱਲਿਆ ਕਿ ਉਹਨਾਂ ਦੇ ਅੰਦਰ ਮੌਜੂਦ ਵਾਇਰਸ ਸਾਰਸ ਕੋਰੋਨਾਵਾਇਰਸ ਜਿਹਾ ਹੈ। ਉਹਨਾਂ ਨੇ ਰਿਪੋਰਟ ਦੀ ਤਸਵੀਰ ਆਪਣੇ ਸੀਨੀਅਰਾਂ ਅਤੇ ਸਰਕਾਰੀ ਅਧਿਕਾਰੀਆਂ ਨੂੰ ਭੇਜੀ। ਸ਼ਾਮ ਤੱਕ ਇਹ ਤਸਵੀਰ ਵੁਹਾਨ ਦੇ ਸਾਰੇ ਡਾਕਟਰਾਂ ਕੋਲ ਪਹੁੰਚ ਗਈ ਸੀ। ਡਾਕਟਰ ਲੀ ਵੇਨਲਿਯਾਂਗ ਨੇ ਇਸ ਨੂੰ ਸੋਸ਼ਲ ਮੀਡੀਆ 'ਤੇ ਪਾ ਕੇ ਪੂਰੀ ਦੁਨੀਆ ਨੂੰ ਦੱਸਿਆ ਕਿ ਨਵਾਂ ਕੋਰੋਨਾਵਾਇਰਸ ਫੈਲ ਰਿਹਾ ਹੈ।''
ਪੜ੍ਹੋ ਇਹ ਅਹਿਮ ਖਬਰ- HIV ਪੀੜਤ ਸ਼ਖਸ ਹੋਇਆ ਠੀਕ, ਇੰਝ ਹੋਇਆ ਇਲਾਜ
ਫੇਨ ਨੇ ਅੱਗੇ ਦੱਸਿਆ,''ਰਾਤ ਵਿਚ ਹਸਪਤਾਲ ਪ੍ਰਬੰਧਨ ਦਾ ਮੈਸੇਜ ਆਇਆ ਕਿ ਫੇਨ ਤੁਸੀਂ ਇਸ ਬੀਮਾਰੀ ਦੇ ਬਾਰੇ ਵਿਚ ਕਿਸੇ ਨੂੰ ਨਹੀਂ ਦੱਸੋਗੇ। 2 ਦਿਨ ਬਾਅਦ ਉਹਨਾਂ ਨੂੰ ਧਮਕੀ ਦਿੱਤੀ ਗਈ ਸੀ ਕਿ ਜੇਕਰ ਤੁਸੀਂ ਇਸ ਦੇਬਾਰੇ ਵਿਚ ਕਿਸੇ ਨੂੰ ਕੁਝ ਦੱਸਿਆ ਤਾਂ ਨਤੀਜਾ ਬਹੁਤ ਬੁਰਾ ਹੋਵੇਗਾ। ਫੇਨ ਨੇ ਸਾਰੇ ਅਧਿਕਾਰੀਆਂ ਅਤੇ ਹਸਪਤਾਲ ਪ੍ਰਬੰਧਨ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਦੀ ਗੱਲ ਕਿਸੇ ਨੇ ਨਹੀਂ ਸੁਣੀ। 21 ਜਨਵਰੀ ਤੱਕ ਐਮਰਜੈਂਸੀ ਵਿਭਾਗ ਵਿਚ ਰੋਜ਼ਾਨਾ 1523 ਤੋਂ ਜ਼ਿਆਦਾ ਮਰੀਜ਼ ਆਉਣ ਲੱਗੇ ਸਨ।'' ਫੇਨ ਨੇ ਦੱਸਿਆ ਕਿ ਮੈਂ ਉਹ 2 ਦਿਨ ਨਹੀਂ ਭੁੱਲ ਸਕਦੀ ਜਦੋਂ ਇਕ ਬੀਮਾਰ ਬੇਟੇ ਦੀ ਮੌਤ ਦੇ ਬਾਅਦ ਡਾਕਟਰ ਉਸ ਦੇ ਪਿਤਾ ਨੂੰ ਮੌਤ ਦਾ ਸਰਟੀਫਿਕੇਟ ਦੇ ਰਹੇ ਸਨ ਅਤੇ ਉਹ ਬਜ਼ੁਰਗ ਡਾਕਟਰਾਂ ਵੱਲ ਨਜ਼ਰ ਟਿਕਾਏ ਦੇਖ ਰਿਹਾ ਸੀ।
