ਜਾਣੋ ਕਿਵੇਂ 103 ਸਾਲਾ ਬਜ਼ੁਰਗ ਮਹਿਲਾ ਨੇ ਦਿੱਤੀ ਕੋਰੋਨਾਵਾਇਰਸ ਨੂੰ ਮਾਤ
Thursday, Mar 12, 2020 - 06:33 PM (IST)
ਬੀਜਿੰਗ (ਬਿਊਰੋ:) ਕੋਰੋਨਾਵਾਇਰਸ ਨਾਲ ਜਿੱਥੇ ਪੂਰੀ ਦੁਨੀਆ ਵਿਚ ਦਹਿਸ਼ਤ ਦਾ ਮਾਹੌਲ ਹੈ ਉੱਥੇ ਇਸ ਜਾਨਲੇਵਾ ਵਾਇਰਸ ਨਾਲ ਲੜ ਕੇ ਜੰਗ ਜਿੱਤਣ ਵਾਲੀ ਹੁਣ ਤੱਕ ਦੀ ਸਭ ਤੋਂ ਬਜ਼ੁਰਗ ਮਹਿਲਾ ਸਾਹਮਣੇ ਆਈ ਹੈ। 103 ਸਾਲ ਦੀ ਝਾਂਗ ਗੁਆਂਗਫੇਂਗ ਕੋਰੋਨਾਵਾਇਰਸ ਨਾਲ ਪੀੜਤ ਸੀ, ਜੋ ਹੁਣ ਠੀਕ ਹੋ ਕੇ ਸਹੀ-ਸਲਾਮਤ ਘਰ ਪਰਤ ਗਈ ਹੈ। ਵੁਹਾਨ ਦੀਆਂ ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ 100 ਸਾਲ ਤੋਂ ਵੀ ਉੱਪਰ ਦੀ ਮਹਿਲਾ ਕੁਝ ਦਿਨ ਪਹਿਲਾਂ ਹੀ ਕੋਰੋਨਾਵਾਇਰਸ ਦੀ ਸ਼ਿਕਾਰ ਹੋਈ ਸੀ।
ਰਿਪੋਰਟ ਵਿਚ ਕੋਰੋਨਾਵਾਇਰਸ ਪੌਜੀਟਿਵ ਪਤਾ ਲੱਗਦੇ ਹੀ ਮਹਿਲਾ ਵੁਹਾਨ ਦੇ ਹੀ ਇਕ ਹਸਪਤਾਲ ਵਿਚ ਭਰਤੀ ਹੋ ਗਈ ਅਤੇ ਉੱਥੇ ਨਿਯਮਿਤ ਰੂਪ ਨਾਲ ਆਪਣਾ ਇਲਾਜ ਕਰਵਾਇਆ। ਇਹ ਮਹਿਲਾ ਸਿਰਫ 6 ਦਿਨਾਂ ਵਿਚ ਪੂਰੀ ਤਰ੍ਹਾਂ ਠੀਕ ਹੋ ਕੇ ਘਰ ਜਾ ਚੁੱਕੀ ਹੈ। ਮਹਿਲਾ ਦਾ ਇਲਾਜ ਕਰਨ ਵਾਲੇ ਡਾਕਟਰ ਜੇਂਗ ਯੁਲਾਨ ਨੇ ਦੱਸਿਆ ਕਿ ਮਾਈਲਡ ਕ੍ਰੋਨਿਕ ਬ੍ਰਾਨਕਾਇਟਿਸ ਦੇ ਇਲਾਵਾ ਉਹਨਾਂ ਦੀ ਸਿਹਤ ਵਿਚ ਬਹੁਤ ਗੰਭੀਰ ਲੱਛਣ ਦੇਖਣ ਨੂੰ ਨਹੀਂ ਮਿਲੇ ਸਨ। ਮਹਿਲਾ ਦਾ ਇੰਨੀ ਜਲਦੀ ਠੀਕ ਹੋ ਜਾਣਾ ਕਿਸੇ ਚਮਤਕਾਰ ਨਾਲੋਂ ਘੱਟ ਨਹੀਂ ਹੈ। ਕਿਉਂਕਿ ਕੋਰੋਨਾਵਾਇਰਸ ਖਰਾਬ ਇਮਿਊਨ ਸਿਸਟਮ ਵਾਲੇ ਲੋਕਾਂ ਨੂੰ ਜਲਦੀ ਘੇਰਦਾ ਹੈ ਇਸ ਲਈ ਬਜ਼ੁਰਗ ਲੋਕ ਇਸ ਦੇ ਜਲਦੀ ਸ਼ਿਕਾਰ ਹੁੰਦੇ ਹਨ।
ਪੜ੍ਹੋ ਇਹ ਅਹਿਮ ਖਬਰ- ਵੁਹਾਨ ਦੀ ਡਾਕਟਰ ਦਾ ਖੁਲਾਸਾ- 'ਸਾਨੂੰ ਚੁੱਪ ਰਹਿਣ ਦੀ ਮਿਲੀ ਸੀ ਧਮਕੀ'
ਇਹ ਮਹਿਲਾ ਕੋਰੋਨਾਵਾਇਰਸ ਨੂੰ ਹਰਾਉਣ ਵਾਲੀ ਹੁਣ ਦੁਨੀਆ ਦੀ ਸਭ ਤੋਂ ਬਜ਼ੁਰਗ ਮਹਿਲਾ ਬਣ ਚੁੱਕੀ ਹੈ. ਇਸ ਤੋਂ ਪਹਿਲਾਂ ਵੁਹਾਨ ਸ਼ਹਿਰ ਦੇ ਹੀ 101 ਸਾਲ ਦੇ ਬਜ਼ੁਰਗ ਵਿਅਕਤੀ ਨੇ ਇਸ ਜਾਨਲੇਵਾ ਵਾਇਰਸ ਨੂੰ ਹਰਾਇਆ ਸੀ।ਭਾਵੇਂਕਿ ਬਜ਼ੁਰਗ ਵਿਅਕਤੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਸੀ। ਕੋਰੋਨਾਵਾਇਰਸ ਪੌਜੀਟਿਵ ਪਾਏ ਜਾਣ ਦੇ ਬਾਅਦ ਉਸ ਵਿਚ ਅਲਜ਼ਾਈਮਰ, ਹਾਈਪਰਟੇਂਸ਼ਨ ਅਤੇ ਹਾਰਟ ਅਟੈਕ ਜਿਹੇ ਲੱਛਣ ਦਿਸ ਰਹੇ ਸਨ। ਰਿਪੋਰਟਾਂ ਮੁਤਾਬਕ ਚੀਨ ਵਿਚ ਹੁਣ ਤੱਕ 80,000 ਤੋਂ ਵੀ ਵੱਧ ਲੋਕ ਕੋਰੋਨਾਵਾਇਰਸ ਦੇ ਸ਼ਿਕਾਰ ਹੋ ਚੁੱਕੇ ਹਨ। ਜਿਹਨਾਂ ਵਿਚੋਂ 3000 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਚੀਨ ਦੇ ਬਾਹਰ ਕੋਰੋਨਾਵਾਇਰਸ ਨਾਲ ਮੌਤ ਦਾ ਅੰਕੜਾ ਲਗਾਤਾਰ ਵੱਧਦਾ ਜਾ ਰਿਹਾ ਹੈ। ਇਟਲੀ ਅਤੇ ਈਰਾਨ ਵਿਚ ਵਾਇਰਸ ਦਾ ਇਨਫੈਕਸ਼ਨ ਤੇਜ਼ੀ ਨਾਲ ਫੈਲ ਰਿਹਾ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਦੁਨੀਆ ਦੇ 124 ਦੇਸ਼ ਕੋਰੋਨਾ ਦੀ ਚਪੇਟ ਵਿਚ ਹਨ ਅਤੇ ਕੁੱਲ 1,26,367 ਲੋਕ ਇਨਫੈਕਟਿਡ ਹਨ। ਦੁਨੀਆ ਭਰ ਵਿਚ ਹੁਣ ਤੱਕ 4,633 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਕੁੱਲ 68,304 ਲੋਕਾਂ ਨੂੰ ਇਲਾਜ ਦੇ ਬਾਅਦ ਛੁੱਟੀ ਦਿੱਤੀ ਜਾ ਚੁੱਕੀ ਹੈ।