ਸ਼ਖਸ ਦੇ ਸਰੀਰ ''ਚ ਮਿਲੇ 700 ਤੋਂ ਵੱਧ ਟੇਪਵਰਮ, ਜਾਣੋ ਪੂਰਾ ਮਾਮਲਾ
Sunday, Dec 01, 2019 - 01:43 PM (IST)

ਬੀਜਿੰਗ (ਬਿਊਰੋ): ਚੀਨ ਦਾ ਹੈਰਾਨ ਕਰ ਦੇਣ ਵਾਲਾ ਇਕ ਮਾਮਲਾ ਸਾਹਮਣੇ ਆਇਆ ਹੈ। ਇੱਥੇ 46 ਸਾਲ ਦੇ ਝੂ ਝੋਂਗਫਾ (Zhu Zhongfa) ਦੇ ਸਰੀਰ ਵਿਚ 700 ਤੋਂ ਵੱਧ ਪਰਜੀਵੀ ਟੇਪਵਰਮ ਪਾਏ ਗਏ। ਇਹ ਟੇਪਵਰਮ ਝੂ ਦੇ ਦਿਮਾਗ ਅਤੇ ਗੁਰਦੇ ਤੱਕ ਪਹੁੰਚ ਚੁੱਕੇ ਸਨ। ਪੇਸ਼ੇ ਤੋਂ ਮਜ਼ਦੂਰ ਝੂ ਨੂੰ ਕਈ ਵਾਰ ਦਿਮਾਗੀ ਦੌਰੇ ਪੈਣ ਕਾਰਨ ਹਸਪਤਾਲ ਲਿਜਾਇਆ ਗਿਆ। ਰਿਪੋਰਟ ਵਿਚ ਸਾਹਮਣੇ ਆਇਆ ਕਿ ਟੇਪਵਰਮ ਦੇ ਅੰਡੇ ਉਸ ਦੇ ਪੇਟ ਤੱਕ ਪਹੁੰਚ ਚੁੱਕੇ ਸਨ ਅਤੇ ਖੂਨ ਜ਼ਰੀਏ ਪੂਰੇ ਸਰੀਰ ਵਿਚ ਪਹੁੰਚ ਚੁੱਕੇ ਹਨ। ਡਾਕਟਰਾਂ ਮੁਤਾਬਕ ਟੇਪਵਰਮ ਅੱਧੇ ਪੱਕੇ ਸੂਰ ਦੇ ਮਾਂਸ ਜ਼ਰੀਏ ਪਹੁੰਚਿਆ ਹੈ ਅਤੇ ਹੁਣ ਆਪਣੀ ਗਿਣਤੀ ਵਧਾ ਰਿਹਾ ਹੈ।
ਡਾਕਟਰਾਂ ਦਾ ਕਹਿਣਾ ਹੈ ਕਿ ਝੂ ਟੀਨੀਏਸਿਸ ਨਾਲ ਪੀੜਤ ਸੀ। ਇਹ ਟੇਪਵਰਮ ਸੋਲੀਅਮ ਇਨਫੈਕਸ਼ਨ ਨਾਲ ਹੋਣ ਵਾਲੀ ਬੀਮਾਰੀ ਹੈ। ਟੇਪਵਰਮ ਦਾ ਲਾਰਵਾ ਸੂਰ ਦੇ ਮਾਂਸ ਦੇ ਜ਼ਰੀਏ ਸਰੀਰ ਵਿਚ ਪਹੁੰਚਿਆ। ਟੇਪਵਰਮ ਦੇ ਅੰਡੇ ਦੂਸ਼ਿਤ ਖਾਣੇ ਅਤੇ ਅੱਧੇਪੱਕੇ ਸੂਰ ਦੇ ਮਾਂਸ ਦੇ ਜ਼ਰੀਏ ਸਰੀਰ ਵਿਚ ਦਾਖਲ ਹੁੰਦੇ ਹਨ ਅਤੇ ਬੀਮਾਰੀ ਦਾ ਕਾਰਨ ਬਣਦੇ ਹਨ। ਕਰੀਬ 2 ਮਹੀਨੇ ਤੱਕ ਅੰਡੇ ਸਰੀਰ ਵਿਚ ਖੂਨ ਦੇ ਜ਼ਰੀਏ ਘੁੰਮਦੇ ਹਨ ਅਤੇ ਇਸ ਦੇ ਬਾਅਦ ਵੱਡੇ ਟੇਪਵਰਮ ਵਿਚ ਤਬਦੀਲ ਹੁੰਦੇ ਹਨ। ਇਕ ਸਮਾਚਾਰ ਏਜੰਸੀ ਮੁਤਾਬਕ ਝੂ ਦਾ ਕਹਿਣਾ ਹੈ ਕਿ ਉਸ ਨੇ ਇਕ ਮਹੀਨੇ ਪਹਿਲਾਂ ਸੂਰ ਦਾ ਮੀਟ ਖਾਧਾ ਸੀ ਪਰ ਉਹ ਪੂਰੀ ਤਰ੍ਹਾਂ ਪੱਕਿਆ ਹੋਇਆ ਨਹੀਂ ਸੀ ਜਾਂ ਨਹੀਂ ਇਹ ਉਸ ਨੂੰ ਯਾਦ ਨਹੀਂ।
ਖਾਣ ਦੇ ਕੁਝ ਹਫਤਿਆਂ ਦੇ ਬਾਅਦ ਹੀ ਝੂ ਨੂੰ ਦੌਰੇ ਪੈਣ ਲੱਗੇ ਅਤੇ ਉਸ ਨੇ ਡਾਕਟਰ ਨਾਲ ਸੰਪਰਕ ਕੀਤਾ। ਡਾਕਟਰਾਂ ਨੇ ਦੱਸਿਆ ਕਿ ਇਨਫੈਕਸ਼ਨ ਦੀ ਸਥਿਤੀ ਵਿਚ ਤੇਜ਼ ਸਿਰ ਦਰਦ, ਅੱਖਾਂ ਦੇ ਸਾਹਮਣੇ ਹਨੇਰਾ ਆਉਣਾ, ਦੌਰੇ ਪੈਣਾ ਅਤੇ ਭੁੱਲਣ ਦੇ ਲੱਛਣ ਜਿਹੇ ਦਿਖਾਈ ਦਿੰਦੇ ਹਨ। ਕਈ ਵਾਰ ਲੱਛਣ ਇਨਫੈਕਸ਼ਨ ਦੇ ਕੁਝ ਹਫਤਿਆਂ ਦੇ ਬਾਅਦ ਦਿੱਸਦੇ ਹਨ। ਝਿਆਂਗ ਯੂਨੀਵਰਸਿਟੀ ਸਕੂਲ ਆਫ ਮੈਡੀਸਨ ਨਾਲ ਸਬੰਧਤ ਹਸਪਤਾਲ ਦੇ ਡਾਕਟਰ ਹੁਆਂਗ ਜਿਆਨਰਾਂਗ ਮੁਤਾਬਕ,''ਦਿਮਾਗ ਅਤੇ ਛਾਤੀ ਦਾ ਐੱਮ.ਆਰ.ਆਈ. ਸਕੈਨ ਕੀਤਾ ਗਿਆ। ਰਿਪੋਰਟ ਵਿਚ ਟੇਪਵਰਮ ਦੀ ਪੁਸ਼ਟੀ ਹੋਈ ਹੈ।
ਦਿਮਾਗ ਦੇ ਇਲਾਵਾ ਫੇਫੜੇ ਅਤੇ ਛਾਤੀ ਦੀਆਂ ਮਾਂਸਪੇਸ਼ੀਆਂ ਵਿਚ ਵੀ ਇਹ ਪਾਏ ਗਏ। ਵੱਖ-ਵੱਖ ਮਰੀਜ਼ਾਂ ਵਿਚ ਇਸ ਦੇ ਲੱਛਣ ਵੀ ਵੱਖਰੇ-ਵੱਖਰੇ ਦਿੱਸਦੇ ਹਨ। ਝੂ ਨੂੰ ਦੌਰੇ ਆਉਣ ਦੀ ਸਮੱਸਿਆ ਸੀ, ਕੁਝ ਮਰੀਜ਼ ਬੇਹੋਸ਼ ਤੱਕ ਹੋ ਜਾਂਦੇ ਹਨ। ਡਾਕਟਰ ਹੁਆਂਗ ਦੇ ਮੁਤਾਬਕ ਐਂਟੀ ਪੈਰਾਸਿਟਿਕ ਦਵਾਈਆਂ ਦੇ ਕੇ ਟੇਪਵਰਮ ਅਤੇ ਲਾਰਵਿਆਂ ਨੂੰ ਖਤਮ ਕੀਤਾ ਗਿਆ ਹੈ। ਸਰੀਰ 'ਤੇ ਇਸ ਦਾ ਅਸਰ ਘੱਟ ਕਰਨ ਲਈ ਵੀ ਇਲਾਜ ਕੀਤਾ ਜਾ ਰਿਹਾ ਹੈ। ਪਹਿਲੇ ਪੜਾਅ ਦਾ ਇਲਾਜ ਸਫਲ ਰਿਹਾ ਹੈ ਪਰ ਇਲਾਜ ਪੂਰਾ ਨਹੀਂ ਹੋਇਆ ਹੈ। ਲੰਬੇ ਸਮੇਂ ਤੱਕ ਇਸ ਦਾ ਅਸਰ ਕਿੰਨਾ ਹੋਵੇਗਾ ਕੁਝ ਕਿਹਾ ਨਹੀਂ ਜਾ ਸਕਦਾ। ਵਿਸ਼ਵ ਸਿਹਤ ਸੰਗਠਨ ਨੇ 2015 ਵਿਚ ਦੂਸ਼ਿਤ ਭੋਜਨ ਨਾਲ ਹੋਣ ਵਾਲੀਆਂ ਮੌਤਾਂ ਦਾ ਇਕ ਮਹੱਤਵਪੂਰਨ ਕਾਰਨ ਟੀਨੀਆ ਸੋਲੀਅਮ ਨੂੰ ਮੰਨਿਆ ਸੀ।