ਚੀਨ ਦੀ ਜਵਾਬੀ ਕਾਰਵਾਈ, ਅਮਰੀਕੀ ਡਿਪਲੋਮੈਟਾਂ ''ਤੇ ਲਗਾਈ ਪਾਬੰਦੀ
Friday, Dec 06, 2019 - 05:45 PM (IST)

ਬੀਜਿੰਗ (ਭਾਸ਼ਾ): ਚੀਨ ਨੇ ਸ਼ੁੱਕਰਵਾਰ ਨੂੰ ਜਵਾਬੀ ਕਾਰਵਾਈ ਕਰਦਿਆਂ ਆਪਣੇ ਇੱਥੇ ਮੌਜੂਦ ਅਮਰੀਕੀ ਡਿਪਲੋਮੈਟਾਂ 'ਤੇ ਪਾਬੰਦੀ ਲਗਾ ਦਿੱਤੀ। ਚੀਨ ਨੇ ਕਿਹਾ ਕਿ ਸਥਾਨਕ ਅਧਿਕਾਰੀਆਂ ਨਾਲ ਮਿਲਣ ਤੋਂ ਪਹਿਲਾਂ ਉਨ੍ਹਾਂ ਨੂੰ ਇਸ ਦੀ ਜਾਣਕਾਰੀ ਵਿਦੇਸ਼ ਮੰਤਰਾਲੇ ਨੂੰ ਦੇਣੀ ਹੋਵੇਗੀ। ਵਿਦੇਸ਼ੀ ਮੰਤਰਾਲੇ ਦੀ ਬੁਲਾਰਨ ਹੁਆ ਚੁਨਯਿੰਗ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਚੀਨ ਨੇ ਬੁੱਧਵਾਰ ਨੂੰ ਅਮਰੀਕੀ ਦੂਤਾਵਾਸ ਲਈ ਨਵੇਂ ਨਿਯਮਾਂ ਨੂੰ ਜਾਰੀ ਕੀਤਾ। ਉਨ੍ਹਾਂ ਨੇ ਕਿਹਾ ਕਿ ਅਕਤੂਬਰ ਵਿਚ ਅਮਰੀਕਾ ਵੱਲੋਂ ਚੀਨੀ ਡਿਪਲੋਮੈਟਾਂ 'ਤੇ ਲਗਾਈ ਗਈ ਪਾਬੰਦੀ ਦੇ ਜਵਾਬ ਵਿਚ ਇਹ ਕਾਰਵਾਈ ਕੀਤੀ ਜਾ ਰਹੀ ਹੈ।
ਪੱਤਰਕਾਰਾਂ ਨਾਲ ਗੱਲਬਾਤ ਵਿਚ ਉਨ੍ਹ੍ਹਾਂ ਨੇ ਕਿਹਾ,''ਅਸੀਂ ਇਕ ਵਾਰ ਫਿਰ ਅਮਰੀਕਾ ਨੂੰ ਮੰਗ ਕਰਦੇ ਹਾਂ ਕਿ ਉਹ ਆਪਣੀ ਗਲਤੀ ਸੁਧਾਰੇ ਅਤੇ ਨਿਯਮ ਨੂੰ ਰੱਦ ਕਰੇ।'' ਹੁਆ ਨੇ ਕਿਹਾ ਕਿ ਅਮਰੀਕੀ ਡਿਪਲੋਮੈਟਾਂ ਨੂੰ ਕਿਸੇ ਚੀਨੀ ਅਧਿਕਾਰੀ ਨਾਲ ਮੁਲਾਕਾਤ ਤੋਂ ਪੰਜ ਦਿਨ ਪਹਿਲਾਂ ਇਸ ਦੀ ਸੂਚਨਾ ਵਿਦੇਸ਼ ਮੰਤਰਾਲੇ ਨੂੰ ਦੇਣੀ ਹੋਵੇਗੀ ਅਤੇ ਚੀਨ ਅਮਰੀਕੀ ਕਦਮ ਦੇ ਮੁਤਾਬਕ ਜਵਾਬ ਦੇਵੇਗਾ। ਭਾਵੇਂਕਿ ਇਸ ਮਾਮਲੇ 'ਤੇ ਬੀਜਿੰਗ ਸਥਿਤ ਅਮਰੀਕੀ ਦੂਤਾਵਾਸ ਨੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।
ਜ਼ਿਕਰਯੋਗ ਹੈ ਕਿ ਅਮਰੀਕਾ ਨੇ ਚੀਨੀ ਡਿਪਲੋਮੈਟਾਂ ਨੂੰ ਆਦੇਸ਼ ਦਿੱਤਾ ਸੀ ਕਿ ਅਮਰੀਕੀ ਡਿਪਲੋਮੈਟਾਂ, ਸਥਾਨਕ ਜਾਂ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਮਿਲਣ, ਕਿਸੇ ਕਾਲਜ ਜਾਂ ਸ਼ੋਧ ਸੰਸਥਾ ਵਿਚ ਜਾਣ ਤੋਂ ਪਹਿਲਾਂ ਇਸ ਦੀ ਸੂਚਨਾ ਵਿਦੇਸ਼ ਮੰਤਰਾਲੇ ਨੂੰ ਦੇਣ। ਵਾਸ਼ਿੰਗਟਨ ਨੇ ਕਿਹਾ ਕਿ ਚੀਨ ਦਾ ਇਹ ਕਦਮ ਜਵਾਬੀ ਕਾਰਵਾਈ ਹੈ ਕਿਉਂਕਿ ਅਮਰੀਕੀ ਵਿਦੇਸ਼ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਚੀਨੀ ਅਧਿਕਾਰੀਆਂ ਅਤੇ ਵਿਦਵਾਨਾਂ ਨੂੰ ਮਿਲਣ ਵਿਚ ਪਰੇਸ਼ਾਨੀ ਦਾ ਸਾਹਮਣਾ ਕਰਦੇ ਹਨ।