ਚੀਨ ਨੂੰ ''ਦਬਾਉਣ'' ਲਈ US ਕਰ ਰਿਹੈ ਨਾਟੋ ਦਾ ਏਸ਼ੀਆਈ ਸੰਸਕਰਣ ਬਣਾਉਣ ਦੀ ਕੋਸ਼ਿਸ਼

Tuesday, Mar 08, 2022 - 03:35 PM (IST)

ਚੀਨ ਨੂੰ ''ਦਬਾਉਣ'' ਲਈ US ਕਰ ਰਿਹੈ ਨਾਟੋ ਦਾ ਏਸ਼ੀਆਈ ਸੰਸਕਰਣ ਬਣਾਉਣ ਦੀ ਕੋਸ਼ਿਸ਼

ਬੀਜਿੰਗ: ਚੀਨ ਨੇ ਸੋਮਵਾਰ ਨੂੰ 'ਕਵਾਡ' ਅਤੇ 'ਓਕਸ' ਗਠਜੋੜ 'ਤੇ ਨਿਸ਼ਾਨਾ ਸਾਧਦੇ ਹੋਏ ਅਮਰੀਕਾ ਦੀ ਆਲੋਚਨਾ ਕੀਤੀ ਅਤੇ ਕਿਹਾ ਕਿ ਵਾਸ਼ਿੰਗਟਨ ਬੀਜਿੰਗ ਦੇ ਉਭਾਰ ਨੂੰ 'ਦਬਾਉਣ' ਲਈ ਨਾਟੋ ਦਾ ਏਸ਼ੀਆਈ ਸੰਸਕਰਣ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਸਾਲਾਨਾ ਸੰਸਦੀ ਸੈਸ਼ਨ ਦੇ ਮੌਕੇ ਆਪਣੇ ਸਾਲਾਨਾ ਕਾਨਫਰੰਸ 'ਚ ਕਿਹਾ ਕਿ, ''ਅਮਰੀਕਾ ਖੇਤਰੀ ਸਹਿਯੋਗ ਵਧਾਉਣ ਦੀ ਗੱਲ ਕਰਦਾ ਹੈ ਪਰ ਉਸ ਦੀ ਆੜ 'ਚ ਉਹ ਅਸਲ 'ਚ ਭੂ-ਰਾਜਨੀਤਿਕ ਦੁਸ਼ਮਣੀ ਵਧਾ ਰਿਹਾ ਹੈ।

ਉਨ੍ਹਾਂ ਕਿਹਾ ਕਿ, ''ਅਮਰੀਕਾ ਬਹੁਪੱਖੀਵਾਦ ਵੱਲ ਮੁੜਨ ਦੀ ਗੱਲ ਕਰਦਾ ਹੈ ਪਰ ਅਸਲ 'ਚ ਇਹ ਇਕ ਖ਼ਾਸ ਕਿਸਮ ਦਾ ਧੜਾ ਬਣਾ ਰਿਹਾ ਹੈ। ਉਹ ਅੰਤਰਰਾਸ਼ਟਰੀ ਨਿਯਮਾਂ ਦੀ ਵਕਾਲਤ ਕਰਦਾ ਹੈ ਪਰ ਅਸਲ ਵਿੱਚ ਉਹ ਅਜਿਹੇ ਨਿਯਮ ਬਣਾ ਅਤੇ ਲਾਗੂ ਕਰ ਰਿਹਾ, ਜੋ ਉਸਨੂੰ ਅਤੇ ਉਸਦੇ ਸਹਿਯੋਗੀਆਂ ਨੂੰ ਚੰਗੇ ਲੱਗਦੇ ਹਨ।’’ ਵਾਂਗ ਨੇ ਕਿਹਾ ਕਿ ਅਮਰੀਕਾ ਦੀ ਹਿੰਦ-ਪ੍ਰਸ਼ਾਂਤ ਰਣਨੀਤੀ "ਧੜੇਬੰਦੀ ਦੀ ਰਾਜਨੀਤੀ" ਦਾ ਇਕ ਉਦਾਹਰਣ ਬਣਦੀ ਜਾ ਰਹੀ ਹੈ।

ਵਾਂਗ ਨੇ ਚਾਰ ਦੇਸ਼ਾਂ ਦੇ ਸੰਗਠਨ 'ਕਵਾਡ' ਦਾ ਜ਼ਿਕਰ ਕੀਤਾ, ਜਿਸ ਵਿਚ ਅਮਰੀਕਾ, ਭਾਰਤ, ਆਸਟ੍ਰੇਲੀਆ ਅਤੇ ਜਾਪਾਨ ਸ਼ਾਮਲ ਹਨ। ਉਨ੍ਹਾਂ ਨੇ ਅਮਰੀਕਾ, ਬ੍ਰਿਟੇਨ ਅਤੇ ਆਸਟ੍ਰੇਲੀਆ ਦਰਮਿਆਨ ਬਣਨ ਵਾਲੇ ‘ਓਕਸ’ ਗਠਜੋੜ ਦੀ ਵੀ ਆਲੋਚਨਾ ਕੀਤੀ ਹੈ।
 


author

rajwinder kaur

Content Editor

Related News